
ਬਾਲਗ਼ਾਂ ਲਈ ਕੋਵਿਸ਼ੀਲਡ ਤੇ ਕੋਵੈਕਸੀਨ ਨੂੰ ਨਿਯਮਤ ਮਾਰਕੀਟਿੰਗ ਲਈ ਮਿਲੀ ਮਨਜ਼ੂਰੀ
ਨਵੀਂ ਦਿੱਲੀ, 27 ਜਨਵਰੀ : ਭਾਰਤ ਦੀ ਡਰੱਗ ਰੈਗੂਲੇਟਰੀ ਨੇ ਬਾਲਗ਼ ਆਬਾਦੀ ਵਿਚ ਵਰਤੋਂ ਲਈ ਕੋਵਿਡ 19 ਟੀਕੇ ਕੋਵਿਸ਼ੀਲਡ ਅਤੇ ਕੋਵੈਕਸੀਨ ਨੂੰ ਕੁੱਝ ਸ਼ਰਤਾਂ ਨਾਲ ਵੀਰਵਾਰ ਨੂੰ ਨਿਯਮਤ ਮਾਰਕੀਟਿੰਗ ਲਈ ਪ੍ਰਵਾਨਗੀ ਦੇ ਦਿਤੀ। ਸੂਤਰਾਂ ਨੇ ਇਹ ਜਾਣਕਾਰੀ ਦਿਤੀ। ਨਵੇਂ ਡਰੱਗ ਅਤੇ ਕਲੀਨਿਕਲ ਟ੍ਰਾਇਲ ਨਿਯਮ, 2019 ਦੇ ਤਹਿਤ ਇਹ ਮਨਜ਼ੂਰੀ ਦਿਤੀ ਗਈ ਹੈ। ਸ਼ਰਤਾਂ ਤਹਿਤ, ਫਰਮਾਂ ਨੂੰ ਚੱਲ ਰਹੇ ਕਲੀਨਿਕਲ ਪ੍ਰੀਖਣਾਂ ਦੇ ਵੇਰਵੇ ਦਿਖਾਉਣੇ ਹੋਣਗੇ। ਟੀਕਾਕਰਨ ਦੇ ਬਾਅਦ ਹੋਣ ਵਾਲੇ ਪ੍ਰਤੀਕੂਲ ਪ੍ਰਭਾਵਾਂ ’ਤੇ ਨਜ਼ਰ ਰੱਖੀ ਜਾਵੇਗੀ। ਸੀਡੀਐਸਸੀਓ ਦੀ ਕੋਵਿਡ 19 ਸਬੰਧੀ ਵਿਸ਼ਾ ਮਾਹਰ ਕਮੇਟੀ (ਐਸਈਸੀ) ਨੇ 19 ਜਨਵਰੀ ਨੂੰ ਸੀਰਮ ਇੰਸਟੀਚਿਊਟ ਆਫ਼ ਇੰਡੀਆ (ਐਸਆਈਆਈ) ਦੀ ਕੋਵਿਸ਼ੀਲਡ ਅਤੇ ਭਾਰਤ ਬਾਇਓਟੈਕ ਦੀ ਕੋਵੈਕਸੀਨ ਨੂੰ ਕੁੱਝ ਸ਼ਰਤਾਂ ਨਾਲ ਨਿਯਮਤ ਮਾਰਕੀਟਿੰਗ ਨੂੰ ਮਨਜ਼ੂਰੀ ਦੇਣ ਦੀ ਸਿਫ਼ਾਰਸ਼ ਕੀਤੀ ਸੀ। ਇਸ ਦੇ ਬਾਅਦ ਭਾਰਤ ਦੇ ਡਰੱਗ ਕੰਟਰੋਲਰਲ (ਡੀਸੀਜੀਆਈ) ਨੇ ਇਹ ਮਨਜ਼ੂਰੀ ਦੇ ਦਿਤੀ। (ਏਜੰਸੀ)