
ਕੋਰੋਨਾ ਦੇ ਮਾਮਲੇ ਵਧਣ ਕਾਰਨ ਚੰਡੀਗੜ੍ਹ ਪ੍ਰਸ਼ਾਸਨ ਨੇ ਕੀਤੀ ਸੀ ਬੰਦ
ਚੰਡੀਗੜ੍ਹ : ਸਥਾਨਕ ਸੁਖਨਾ ਝੀਲ 'ਤੇ ਇਕ ਵਾਰ ਫਿਰ ਤੋਂ ਰੌਣਕ ਪਰਤ ਆਈ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਕੋਰੋਨਾ ਦੇ ਮਾਮਲਿਆਂ 'ਚ ਕਮੀ ਤੋਂ ਬਾਅਦ ਝੀਲ 'ਤੇ ਕਿਸ਼ਤੀ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਸ਼ੁੱਕਰਵਾਰ ਨੂੰ ਕਈ ਲੋਕਾਂ ਨੇ ਝੀਲ ਦਾ ਦੌਰਾ ਕੀਤਾ ਅਤੇ ਬੋਟਿੰਗ ਦਾ ਆਨੰਦ ਮਾਣਿਆ। ਜ਼ਿਆਦਾਤਰ ਸੈਲਾਨੀ ਬੋਟਿੰਗ ਕਰਨ ਲਈ ਉਤਸ਼ਾਹਿਤ ਸਨ। ਦੱਸ ਦੇਈਏ ਕਿ 2 ਜਨਵਰੀ ਨੂੰ ਪ੍ਰਸ਼ਾਸਨ ਨੇ ਕੋਰੋਨਾ ਦੀ ਤੀਜੀ ਲਹਿਰ ਆਉਣ ਤੋਂ ਬਾਅਦ ਇੱਥੇ ਬੋਟਿੰਗ ਬੰਦ ਕਰ ਦਿੱਤੀ ਸੀ। 25 ਦਿਨਾਂ ਬਾਅਦ ਇੱਥੇ ਮੁੜ ਬੋਟਿੰਗ ਸ਼ੁਰੂ ਹੋ ਗਈ ਹੈ।
ਸ਼ਹਿਰ 'ਚ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਲਗਾਤਾਰ ਬਾਰਿਸ਼ ਤੋਂ ਬਾਅਦ ਸ਼ੁੱਕਰਵਾਰ ਨੂੰ ਧੁੱਪ ਨਿਕਲੀ। ਅਜਿਹੇ 'ਚ ਵੱਡੀ ਗਿਣਤੀ 'ਚ ਕੋਵਿਡ ਨਿਯਮਾਂ ਦੀ ਪਾਲਣਾ ਕਰਦੇ ਹੋਏ ਲੋਕ ਝੀਲ 'ਤੇ ਪਹੁੰਚੇ। ਇਨ੍ਹਾਂ ਵਿੱਚ ਬੱਚੇ, ਬਜ਼ੁਰਗ ਅਤੇ ਨੌਜਵਾਨ ਸ਼ਾਮਲ ਸਨ। ਕੱਲ੍ਹ ਅਤੇ ਪਰਸੋਂ ਹਫ਼ਤੇ ਦੇ ਆਖਰੀ ਦਿਨ ਝੀਲ 'ਤੇ ਹੋਰ ਇਕੱਠ ਹੋਣ ਦੀ ਸੰਭਾਵਨਾ ਹੈ।
Sukhna lake
ਪਹਿਲੇ ਦਿਨ ਸੈਲਾਨੀਆਂ ਦੀ ਗਿਣਤੀ ਘੱਟ ਰਹੀ
ਸਿਟਕੋ ਦੇ ਡੀਜੀਐਮ ਵਿਨੀਤ ਚੋਪੜਾ ਨੇ ਦੱਸਿਆ ਕਿ ਝੀਲ 'ਤੇ ਬੋਟਿੰਗ ਮੁੜ ਸ਼ੁਰੂ ਹੋਣ 'ਤੇ ਲੋਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਹਾਲਾਂਕਿ, ਜ਼ਿਆਦਾਤਰ ਸੈਲਾਨੀ ਝੀਲ 'ਤੇ ਗਤੀਵਿਧੀ ਦੇ ਮੁੜ ਸ਼ੁਰੂ ਹੋਣ ਬਾਰੇ ਪੂਰੀ ਤਰ੍ਹਾਂ ਜਾਣੂ ਨਹੀਂ ਹਨ। ਅਜਿਹੇ 'ਚ ਪਹਿਲੇ ਦਿਨ ਸੈਲਾਨੀ ਘੱਟ ਗਿਣਤੀ 'ਚ ਪਹੁੰਚੇ। ਹੌਲੀ-ਹੌਲੀ ਇੱਥੇ ਲੋਕਾਂ ਦੀ ਗਿਣਤੀ ਵਧਣੀ ਸ਼ੁਰੂ ਹੋ ਜਾਵੇਗੀ। ਦਿੱਲੀ ਅਤੇ ਪੰਜਾਬ ਸਮੇਤ ਵੱਖ-ਵੱਖ ਖੇਤਰਾਂ ਤੋਂ ਸੈਲਾਨੀ ਪਹੁੰਚੇ। ਉਨ੍ਹਾਂ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿ ਸੁਖਨਾ ਝੀਲ ਸੈਲਾਨੀਆਂ ਲਈ ਦੁਬਾਰਾ ਖੁੱਲ੍ਹ ਗਈ ਹੈ।
Sukhna lake
ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਦੀ ਹਦਾਇਤ
ਸਿਟਕੋ ਵਲੋਂ ਝੀਲ 'ਤੇ ਕੋਰੋਨਾ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਲਈ ਬੋਰਡ ਲਗਾਏ ਗਏ ਹਨ। ਲੋਕਾਂ ਨੂੰ ਕੋਰੋਨਾ ਦੀ ਰੋਕਥਾਮ ਸਬੰਧੀ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ। ਇਸ ਵਿੱਚ ਮਾਸਕ ਪਹਿਨਣਾ ਅਤੇ ਸਮਾਜਿਕ ਦੂਰੀ ਬਣਾਈ ਰੱਖਣਾ ਮਹੱਤਵਪੂਰਨ ਹੈ। ਇਸ ਦੇ ਨਾਲ ਹੀ ਝੀਲ ਦੀ ਹਦੂਦ ਅੰਦਰ ਬਣੀਆਂ ਦੁਕਾਨਾਂ ਦੇ ਬਾਹਰ ਸੈਨੀਟਾਈਜ਼ਰ ਵੀ ਰੱਖੇ ਗਏ ਹਨ। ਇਸ ਦੇ ਨਾਲ ਹੀ ਸੁਰੱਖਿਆ ਲਈ ਝੀਲ 'ਤੇ ਪੁਲਿਸ ਵੀ ਗਸ਼ਤ ਕਰ ਰਹੀ ਹੈ।