
ਪੰਜਾਬ ਨੂੰ ਬਣਾਵਾਂਗੇ ਦੇਸ਼ ਦਾ ਸੱਭ ਤੋਂ ਸੁਰੱਖਿਅਤ ਰਾਜ : ਭਗਵੰਤ ਮਾਨ
ਕਿਹਾ, 'ਆਪ' ਪੰਜਾਬ ਨੂੰ ਦੇਵੇਗੀ ਮਜ਼ਬੂਤ ਅਤੇ ਇਮਾਨਦਾਰ ਸਰਕਾਰ
ਚੰਡੀਗੜ, 27 ਜਨਵਰੀ(ਸ.ਸ.ਸ.) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ, ਸੰਸਦ ਮੈਂਬਰ ਅਤੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਪੰਜਾਬ ਦੀ ਅੰਦਰੂਨੀ ਸੁਰੱਖਿਆ, ਅਮਨ ਸ਼ਾਂਤੀ ਅਤੇ ਭਾਈਚਾਰਾ ਆਮ ਆਦਮੀ ਪਾਰਟੀ ਸਰਕਾਰ ਦੀ ਸੱਭ ਤੋਂ ਪਹਿਲੀ ਅਤੇ ਜ਼ਿੰਮੇਵਾਰੀ ਹੋਵੇਗੀ ਅਤੇ ਪੰਜਾਬ ਨੂੰ ਦੇਸ਼ ਦਾ ਸੱਭ ਤੋਂ ਸੁਰੱਖਿਅਤ ਸੂਬਾ ਬਣਾਵਾਂਗੇ | ਮਾਨ ਨੇ ਕਿਹਾ ਕਿ ਪੰਜਾਬ ਪੁਲਿਸ ਸੂਬੇ ਦੀ ਅੰਦਰੂਨੀ ਸੁਰੱਖਿਆ ਕਰਨ ਦੇ ਕਾਬਲ ਹੈ, ਇਸ ਲਈ ਪੰਜਾਬ ਪੁਲਿਸ ਨੂੰ ਪੂਰੀ ਖੁਲ੍ਹ (ਫਰੀ ਹੈਂਡ) ਦਿਤੀ ਜਾਵੇਗੀ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ 'ਡਰੱਗ ਟਾਸਕ ਫੋਰਸ' ਬਣਾਈ ਜਾਵੇਗੀ |
ਬੁਧਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿਖੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ, ''ਪੰਜਾਬ ਸਰਹੱਦੀ ਸੂਬਾ ਹੈ | ਸਰਹੱਦ ਪਾਰ ਤੋਂ ਡਰੋਨ ਆਉਂਦੇ ਹਨ ਅਤੇ ਦੇਸ਼ ਵਿਰੋਧੀ ਤਾਕਤਾਂ ਸੂਬੇ ਦੀ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਭੰਗ ਕਰਨ 'ਚ ਲਗੀਆਂ ਰਹਿੰਦੀਆਂ ਹਨ | ਬੇਅਦਬੀਆਂ ਅਤੇ ਬੰਬ ਧਮਾਕੇ ਇਸੇ ਕੜੀ ਵਿਚ ਹਨ | ਪਰ ਪੰਜਾਬੀਆਂ ਦੀ ਫ਼ਿਤਰਤ ਹੈ ਕਿ ਉਹ ਅਪਣੀ ਭਾਈਚਾਰਕ ਸਾਂਝ ਨਹੀਂ ਤੋੜਦੇ |'' ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਕੋਲ ਪੰਜਾਬ ਦੀ ਅੰਦਰੂਨੀ ਸੁਰੱਖਿਆ ਲਈ 'ਰੋਡ ਮੈਪ' ਤਿਆਰ ਹੈ | ਪੰਜਾਬ ਵਿਚ ਬਣਨ ਵਾਲੀ ਆਮ ਆਦਮੀ ਪਾਰਟੀ ਸਰਕਾਰ ਸੂਬੇ ਦੀ ਅਰੰਦਰੂਨੀ ਸੁਰੱਖਿਆ ਅਤੇ ਅਮਨ ਸ਼ਾਂਤੀ ਨੂੰ ਕਾਇਮ ਰਖਣ ਲਈ ਜ਼ਿੰਮੇਵਾਰ ਹੋਵੇਗੀ |
ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਅੰਦਰੂਨੀ ਸੁਰੱਖਿਆ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਅਤੇ ਪੰਜਾਬ ਪੁਲਿਸ ਸੂਬੇ ਦੀ ਅੰਦਰੂਨੀ ਸੁਰੱਖਿਆ ਕਰਨ ਅਤੇ ਹੋਰ ਗ਼ੈਰ ਕਾਨੂੰਨੀ ਗਤੀਵਿਧੀਆਂ ਰੋਕਣ ਦੇ ਕਾਬਲ ਹੈ, ਪਰ ਕਾਂਗਰਸ, ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੇਲੇ ਪੁਲਿਸ ਪ੍ਰਸ਼ਾਸਨ ਵਿਚ ਰਾਜਨੀਤਕ ਦਖਲਅੰਦਾਜ਼ੀ ਭਾਰੂ ਰਹਿੰਦੀ ਹੈ | ਇਸ ਕਰ ਕੇ ਪੰਜਾਬ ਪੁਲਿਸ ਦੇ ਅਧਿਕਾਰੀ ਅਤੇ ਜਵਾਨ ਆਜ਼ਾਦ ਤਰੀਕੇ ਨਾਲ ਕੰਮ ਨਹੀਂ ਕਰ ਸਕਦੇ | ਕਾਂਗਰਸ ਸਰਕਾਰ ਦੀ ਅਲੋਚਨਾ ਕਰਦਿਆਂ ਮਾਨ ਨੇ ਕਿਹਾ ਕਿ ਇਸ ਨੇ ਸਰਕਾਰ ਚਾਰ ਡੀ.ਜੀ.ਪੀ ਬਦਲੇ ਹਨ, ਜਿਸ ਕਰ ਕੇ ਪੁਲਿਸ ਅਧਿਕਾਰੀ ਕੋਈ ਫ਼ੈਸਲਾ ਹੀ ਨਹੀਂ ਲੈ ਸਕਦੇ | ਉਨਾਂ ਦੋਸ਼ ਲਾਇਆ ਕਿ ਕਾਂਗਰਸ ਅਤੇ ਅਕਾਲੀ ਦਲ ਸਰਕਾਰ ਵੇਲੇ ਬੇਅਦਬੀਆਂ ਹੋਈਆਂ, ਔਰਤਾਂ ਨਾਲ ਛੇੜਛਾੜ ਦੇ ਮਾਮਲੇ ਵਧੇ, ਗੈਂਗਵਾਰ ਅਤੇ ਲੁੱਟਾਂ ਖੋਹਾਂ ਹੁੰਦੀਆਂ ਰਹੀਆਂ, ਕਿਉਂਕਿ ਪੰਜਾਬ ਪੁਲੀਸ ਨੂੰ ਆਜ਼ਾਦ ਤਰੀਕੇ ਨਾਲ ਕੰਮ ਨਹੀਂ ਕਰਨ ਦਿਤਾ ਜਾਦਾ | ਮੰਤਰੀਆਂ ਅਤੇ ਵਿਧਾਇਕਾਂ ਦੀ ਪੁਲਿਸ ਦੇ ਕੰਮਾਂ ਵਿਚ ਦਖ਼ਲਅੰਦਾਜ਼ੀ ਬਹੁਤ ਜਿਆਦਾ ਹੁੰਦੀ ਹੈ | 'ਆਪ' ਆਗੂ ਨੇ ਕਿਹਾ ਕਿ ਆਮ ਦੋਸ਼ ਲਗਦੇ ਰਹਿੰਦੇ ਹਨ, ''ਕਾਂਗਰਸ ਅਤੇ ਅਕਾਲੀ ਦਲ ਦੀਆਂ ਸਰਕਾਰਾਂ ਵਿਚ ਐਸ.ਐਸ.ਪੀ ਅਤੇ ਐਸ.ਪੀ ਦੀਆਂ ਨਿਯੁਕਤੀਆਂ ਪੈਸੇ ਲੈ ਕੀਤੀਆਂ ਜਾਂਦੀਆਂ ਹਨ, ਜਦੋਂ ਅਧਿਕਾਰੀ ਪੈਸੇ ਦੇ ਕੇ ਲੱਗਦੇ ਹਨ ਤਾਂ ਉਹ ਪਹਿਲਾਂ ਪੈਸੇ ਇੱਕਠੇ ਕਰਦੇ ਹਨ ਕਿਉਂਕਿ ਉਨਾਂ ਪੈਸੇ ਉਪਰ ਤਕ ਪਹੁੰਚਾਉਣੇ ਹੁੰਦੇ ਹਨ | ਇਸ ਕਾਰਨ ਪੁਲਿਸ ਅਧਿਕਾਰੀ ਗ਼ਲਤ ਅਨਸਰਾਂ ਬਚਾਉਂਦੇ ਹਨ |
ਮਾਨ ਨੇ ਕਿਹਾ ਕਿ ਜਦੋਂ ਚੋਣਾ ਹੁੰਦੀਆਂ ਹਨ ਤਾਂ ਪੰਜਾਬ ਸਮੇਤ ਦੇਸ਼ ਲੋਕਾਂ ਨੂੰ ਡਰਾਉਣ ਦਾ ਕੰਮ ਕੀਤਾ ਜਾਂਦਾ ਹੈ | ਭਾਜਪਾ ਅਤੇ ਕੈਪਟਨ ਅਮਰਿੰਦਰ ਸਿੰਘ ਚੋਣਾ ਵੇਲੇ ਪਾਕਿਸਤਾਨ ਦਾ ਡਰ ਦਿਖਾਉਣ ਲੱਗ ਜਾਂਦੇ ਹਨ | ਮਾਨ ਨੇ ਦਾਅਵਾ ਕੀਤਾ ਕਿ ਇਸ ਵਾਰ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ, ਕਿਉਂਕਿ ਲੋਕਾਂ ਨੇ ਅਪਣੇ ਆਪ ਨੂੰ ਵੋਟਾਂ ਪਾਉਣੀਆਂ ਹਨ | ਉਨਾਂ ਕਿਹਾ, ''ਆਪ' ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਪੁਲੀਸ ਨੂੰ ਪੂਰੀ ਖੁਲ ਦਿੱਤੀ ਜਾਵੇਗੀ ਤਾਂ ਜੋ ਸੂਬੇ ਵਿੱਚ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਕਾਇਮ ਰਹੇ | ਪੁਲੀਸ ਦੇ ਚੰਗੇ ਅਧਿਕਾਰੀਆਂ ਨੂੰ ਫੀਲਡ ਵਿੱਚ ਨਿਯੁਕਤ ਕੀਤਾ ਜਾਵੇਗਾ | ਪੁਲੀਸ ਦੇ ਕੰਮਾਂ ਵਿੱਚ ਰਾਜਨੀਤਿਕ ਦਖ਼ਲਅੰਦਾਜ਼ੀ ਬੰਦ ਕੀਤੀ ਜਾਵੇਗੀ | ਜੇ ਕੋਈ ਵਿਧਾਇਕ ਜਾਂ ਮੰਤਰੀ ਥਾਣੇ ਫੋਨ ਕਰੇਗਾ ਜਾਂ ਕੋਈ ਦਖਲਅੰਦਾਜ਼ੀ ਕਰੇਗਾ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ |''
ਨਸ਼ਾ ਮਾਫ਼ੀਆ ਖ਼ਤਮ ਕਰਨ ਦੀ ਯੋਜਨਾ ਦੱਸਦਿਆਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ 'ਡਰੱਗ ਟਾਸਕ ਫੋਰਸ' ਬਣਾਈ ਜਾਵੇਗੀ ਅਤੇ ਇਸ ਫੋਰਸ ਵਿੱਚ ਵੀ ਕੋਈ ਰਾਜਨੀਤਿਕ ਦਖਲਅੰਦਾਜ਼ੀ ਨਹੀਂ ਹੋਵੇਗੀ | ਫੋਰਸ ਪੂਰੇ ਆਜ਼ਾਦ ਤਰੀਕੇ ਨਾਲ ਕੰਮ ਕਰੇਗੀ |
ਪੰਜਾਬ ਪੁਲੀਸ ਦਾ ਮਨੋਬੱਲ ਵਧਾਉਣ ਦੀ ਗੱਲ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਪੁਲੀਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਡਰਾਉਣ, ਧਮਕਾਉਣ ਦੀਆਂ ਗਤੀਵਿਧੀਆਂ ਬੰਦ ਕੀਤੀਆਂ ਜਾਣਗੀਆਂ | ਪੁਲੀਸ ਨੂੰ ਤੰਗ ਕਰਨ ਦਾ ਮਹੌਲ ਖ਼ਤਮ ਕੀਤਾ ਜਾਵੇਗਾ | ਰਾਜਨੀਤਿਕ ਆਗੂਆਂ ਅਤੇ ਹੋਰਨਾਂ ਦੀ ਸੁਰੱਖਿਆ ਵਿੱਚ ਲੱਗੇ ਪੁਲੀਸ ਮੁਲਾਜ਼ਮਾਂ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਥਾਣਿਆਂ ਵਿੱਚ ਪੁਲੀਸ ਨਫ਼ਰੀ ਵਧਾਈ ਜਾਵੇਗੀ | 'ਆਪ' ਦੀ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਦੇ ਸਾਰੇ ਮਸਲੇ ਹੱਲ ਕੀਤੇ ਜਾਣਗੇ ਅਤੇ ਧਰਨੇ ਰੈਲੀਆਂ ਦਾ ਦੌਰ ਖ਼ਤਮ ਕੀਤਾ ਜਾਵੇਗਾ |