
ਹਫ਼ਤਾਵਰੀ ਕਰਫ਼ਿਊ ਅਤੇ ਦੁਕਾਨਾਂ ਖੋਲ੍ਹਣ ਲਈ ਆਡ-ਈਵਨ ਸਿਸਟਮ ਹੋਇਆ ਖ਼ਤਮ
ਨਵੀਂ ਦਿੱਲੀ, 27 ਜਨਵਰੀ : ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਸਰਕਾਰ ਵਲੋਂ ਲਗਾਈਆਂ ਗਈਆਂ ਪਾਬੰਦੀਆਂ ਯਾਨੀ ਕਿ ਆਡ-ਈਵਨ ਅਤੇ ਹਫ਼ਤਾਵਰੀ ਕਰਫਿਊ ਹੁਣ ਖ਼ਤਮ ਕਰ ਦਿਤਾ ਗਿਆ ਹੈ। ਇਸ ਨਾਲ ਦਿੱਲੀ ਵਾਸੀਆਂ ਨੂੰ ਥੌੜ੍ਹੀ ਰਾਹਤ ਮਿਲੀ ਹੈ। ਵਿਆਹ ਪ੍ਰੋਗਰਾਮ ’ਚ ਵੀ ਛੋਟ ਦਿਤੀ ਜਾਵੇਗੀ।
ਅੱਜ ਕੋਰੋਨਾ ਹਾਲਾਤ ’ਤੇ ਦਿੱਲੀ ਡਿਜਾਸਟਰ ਮੈਨੇਜਮੈਂਟ ਅਥਾਰਿਟੀ ਦੀ ਅਹਿਮ ਬੈਠਕ ਹੋਈ, ਜਿਸ ’ਚ ਆਡ ਈਵਨ, ਹਫ਼ਤਾਵਰੀ ਕਰਫ਼ਿਊ ਖ਼ਤਮ ਕਰਨ ਦਾ ਫ਼ੈਸਲਾ ਲਿਆ ਗਿਆ। ਦਿੱਲੀ ’ਚ 50 ਫ਼ੀ ਸਦੀ ਸਮਰੱਥਾ ਨਾਲ ਸਿਨੇਮਾ ਹਾਲ ਖੋਲ੍ਹਣ ਦੀ ਮਨਜ਼ੂਰੀ ਦਿਤੀ ਗਈ ਹੈ। ਇਸ ਦੇ ਨਾਲ ਹੀ ਵਿਆਹ ਪ੍ਰੋਗਰਾਮ ’ਚ 200 ਲੋਕਾਂ ਦੇ ਸ਼ਾਮਲ ਹੋਣ ਦੀ ਛੋਟ ਮਿਲੇਗੀ। ਹਾਲਾਂਕਿ ਵਿਦਿਅਕ ਅਦਾਰੇ ਅਤੇ ਸਕੂਲ ਬੰਦ ਰਹਿਣਗੇ ਅਤੇ ਰਾਤਰੀ ਕਰਫ਼ਿਊ ਜਾਰੀ ਰਹੇਗਾ। ਉਨ੍ਹਾਂ ਦਸਿਆ ਕਿ ਸਰਕਾਰ ਦਫ਼ਤਰਾਂ ਨੂੰ ਵੀ 50 ਫ਼ੀ ਸਦੀ ਕਰਮਚਾਰੀਆਂ ਦੀ ਮੌਜੂਦਗੀ ਨਾਲ ਮੁੜ ਤੋਂ ਖੋਲ੍ਹਣ ਦੀ ਇਜਾਜ਼ਤ ਦੇ ਦਿਤੀ ਗਈ ਹੈ।
ਇਸ ਤੋਂ ਪਹਿਲਾਂ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀ ਸਕੂਲ ਖੋਲ੍ਹਣ ਦੀ ਗੱਲ ਕੀਤੀ ਸੀ। ਫ਼ੈਸਲਾ ਡੀ.ਡੀ. ਐਮ.ਏ. ਦੀ ਮੀਟਿੰਗ ’ਚ ਹੋਵੇਗਾ। ਮਨੀਸ਼ ਸਿਸੋਦੀਆ ਨੇ ਕਿਹਾ ਸੀ ਕਿ ਆਨ ਲਾਈਨ ਸਿਖਿਆ ਕਦੀ ਵੀ ਆਫ਼ ਲਾਈਨ ਸਿਖਿਆ ਦੀ ਥਾਂ ਨਹੀਂ ਲੈ ਸਕਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਨੇ ਸਕੂਲਾਂ ਨੂੰ ਉਸ ਸਮੇਂ ਬੰਦ ਕਰ ਦਿਤਾ ਸੀ ਜਦੋਂ ਇਹ ਬੱਚਿਆਂ ਲਈ ਸੁਰੱਖਿਅਤ ਨਹੀਂ ਸਨ ਪਰ ਹੁਣ ਜ਼ਿਆਦਾ ਸਾਵਧਾਨੀ ਵਿਦਿਆਰਥੀਆਂ ਨੂੰ ਨੁਕਸਾਨ ਪਹੁੰਚਾ ਰਹੀ ਹੈ। (ਏਜੰਸੀ)