
6 ਸਾਲ ਪਹਿਲਾਂ ਰੋਜ਼ੀ-ਰੋਟੀ ਲਈ ਗਿਆ ਸੀ ਵਿਦੇਸ਼
Punjab News: ਮਾਛੀਵਾੜਾ ਸਾਹਿਬ : ਕੁਹਾੜਾ ਰੋਡ ’ਤੇ ਸਥਿਤ ਪਿੰਡ ਭਮਾ ਕਲਾਂ ਦੇ ਨੌਜਵਾਨ ਜਸਦੀਪ ਸਿੰਘ ਉਰਫ਼ ਜੱਸੂ (22) ਜੋ ਕਿ 5-6 ਸਾਲ ਪਹਿਲਾਂ ਰੋਜ਼ੀ-ਰੋਟੀ ਲਈ ਅਮਰੀਕਾ ਵਿਖੇ ਗਿਆ ਸੀ, ਉਸ ਦੀ ਗੋਲੀ ਲੱਗਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਮੁਤਾਬਕ ਜਸਦੀਪ ਸਿੰਘ ਜੱਸੂ ਪਿੰਡ ਭਮਾ ਕਲਾਂ ਦੇ ਕਿਸਾਨ ਦਲਜੀਤ ਸਿੰਘ ਮਾਂਗਟ ਦਾ ਇਕਲੌਤਾ ਪੁੱਤਰ ਸੀ ਜੋ ਕਿ ਦਸਵੀਂ ਦੀ ਸਿਖਿਆ ਪ੍ਰਾਪਤ ਕਰਨ ਉਪਰੰਤ 5-6 ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਅਮਰੀਕਾ ਚਲਾ ਗਿਆ ਸੀ ਜੋ ਅਪਣੇ ਮਾਮੇ ਕੋਲ ਅਮਰੀਕਾ ਦੇ ਕੈਲੇਫ਼ੋਰਨੀਆ ਦੇ ਫਰਿਜ਼ਨਲ ਸ਼ਹਿਰ ਵਿਚ ਰਹਿ ਰਿਹਾ ਸੀ ਜਿਥੇ ਕਿ ਉਹ ਟਰਾਲਾ ਚਲਾਉਂਦਾ ਸੀ।
ਪਰਵਾਰਕ ਮੈਂਬਰਾਂ ਨੇ ਦਸਿਆ ਕਿ ਬੀਤੀ 3 ਜਨਵਰੀ ਨੂੰ ਜਸਦੀਪ ਸਿੰਘ ਅਮਰੀਕਾ ਵਿਖੇ ਅਪਣੇ ਘਰ ਤੋਂ ਕਾਰ ’ਤੇ ਸਵਾਰ ਹੋ ਕੇ ਕਿਸੇ ਕੰਮ ਲਈ ਨਿਕਲਿਆ ਅਤੇ ਰਸਤੇ ’ਚ ਅਪਣੇ ਮਾਤਾ-ਪਿਤਾ ਤੇ ਦਾਦੀ ਮਾਂ ਨਾਲ ਵੀਡੀਉ ਕਾਲ ਰਾਹੀਂ ਗੱਲ ਵੀ ਕਰਦਾ ਰਿਹਾ ਪਰ ਅਚਾਨਕ ਫ਼ੋਨ ਸਵਿੱਚ ਆਫ਼ ਹੋ ਗਿਆ ਤਾਂ ਪਰਵਾਰਕ ਮੈਂਬਰਾਂ ਨੂੰ ਇਸ ਦੀ ਚਿੰਤਾ ਹੋਣ ਲੱਗ ਪਈ ਜਿਸ ’ਤੇ ਉਨ੍ਹਾਂ ਅਮਰੀਕਾ ਵਿਖੇ ਰਹਿੰਦੇ ਮਾਮੇ ਨੂੰ ਸੂਚਿਤ ਕੀਤਾ।
ਬਾਅਦ ਵਿਚ ਉਸ ਦੇ ਮਾਮੇ ਨੇ ਦਸਿਆ ਕਿ ਜਸਦੀਪ ਸਿੰਘ ਕਾਰ ਵਿਚ ਮ੍ਰਿਤਕ ਪਿਆ ਮਿਲਿਆ ਹੈ ਜਿਸ ਦੇ ਸਿਰ ਵਿਚ ਗੋਲੀ ਵੱਜੀ ਹੋਈ ਸੀ। 24 ਦਿਨਾਂ ਬਾਅਦ ਨੌਜਵਾਨ ਜਸਦੀਪ ਸਿੰਘ ਦੀ ਲਾਸ਼ ਲੈ ਕੇ ਉਸ ਦਾ ਮਾਮਾ ਪਿੰਡ ਭਮਾ ਕਲਾਂ ਪਹੁੰਚਿਆ ਤਾਂ ਉੱਥੇ ਮਾਹੌਲ ਬੜਾ ਗਮਗ਼ੀਨ ਹੋ ਗਿਆ। ਮਾਪਿਆਂ ਨੇ ਆਪਣੇ ਇਕਲੌਤੇ ਪੁੱਤਰ ਨੂੰ ਅੱਜ ਸਿਰ ’ਤੇ ਸਿਹਰਾ ਸਜਾ ਕੇ ਅੰਤਿਮ ਵਿਦਾਇਗੀ ਦਿਤੀ ਅਤੇ ਪਿੰਡ ਦੇ ਸਮਸ਼ਾਨ ਘਾਟ ਵਿਚ ਜਸਦੀਪ ਸਿੰਘ ਦਾ ਬੜੇ ਸੋਗਮਈ ਮਾਹੌਲ ਵਿਚ ਅੰਤਿਮ ਸਸਕਾਰ ਕੀਤਾ ਗਿਆ।