
ਮੁੱਖ ਮੰਤਰੀ ਖੇਤੀ ਕਾਨੂੰਨਾਂ ਵਿਰੁਧ ਸੰਘਰਸ਼ ਦੀ ਅਗਵਾਈ ਕਰਨ : ਮਜੀਠੀਆ
ਅੰਮਿ੍ਤਸਰ, 27 ਫ਼ਰਵਰੀ (ਸੁਖਵਿੰਦਰਜੀਤ ਸਿੰਘ ਬਹੋੜੂ) : ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਉਹ ਤਿੰਨ ਖੇਤੀ ਕਾਨੂੰਨਾਂ ਵਿਰੁਧ ਚਲ ਰਹੇ ਕਿਸਾਨ ਸੰਘਰਸ਼ ਦੀ ਅਗਵਾਈ ਕਰ ਕੇ ਇਸ ਮਾਮਲੇ 'ਤੇ ਸਪਸ਼ਟ ਸਟੈਂਡ ਲੈਣ ਨਾ ਕਿ ਕਿਸਾਨਾਂ 'ਤੇ ਕੇਂਦਰ ਦੀ ਗੱਲ ਮੰਨਣ ਲਈ ਦਬਾਅ ਪਾਉਣ ਵਾਸਤੇ ਪੰਜਾਬ ਸਰਕਾਰ ਦੇ ਅਫਸਰਾਂ ਨੁੰ ਵਰਤ ਕੇ ਕਿਸਾਨ ਅੰਦੋਲਨ ਨੂੰ ਸਾਬੋਤਾਜ ਕਰਨ ਦਾ ਯਤਨ ਕਰਨ | ਜ਼ਿਲ੍ਹੇ ਦੇ ਪਿੰਡ ਭੋਮਾ ਵਿਖੇ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨ ਤਰਸੇਮ ਸਿੰਘ ਖਾਲਸਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਸ੍ਰੀ ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਰਸੇਮ ਸਿੰਘ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਉਹ ਪਹਿਲੇ ਦਿਨ ਤੋਂ ਹੀ ਕਿਸਾਨ ਅੰਦੋਲਨ ਨਾਲ ਜੁੜੇ ਹੋਏ ਸਨ ਤੇ ਦਿੱਲੀ ਡਟੇ ਹੋਏ ਸਨ | ਸ਼ੋ੍ਰਮਣੀ ਅਕਾਲੀ ਦਲ ਦੇ ਆਗੂ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਮੁੱਖ ਮੰਤਰੀ ਕੇਂਦਰੀ ਮੰਤਰੀਆਂ ਨਾਲ ਮੀਟਿੰਗਾਂ ਵਾਸਤੇ ਆਪਣੇ ਅਫਸਰ ਤਾਇਨਾਤ ਕਰ ਕੇ ਕੇਂਦਰ ਦੇ ਹੱਥਾਂ ਵਿਚ ਖੇਡ ਰਹੇ ਹਨ | ਉਹਨਾਂ ਕਿਹਾ ਕਿ ਅਫਸਰਾਂ ਨੁੰ ਕਿਹਾ ਜਾ ਰਿਹਾ ਹੈ ਕਿ ਉਹ ਕੇਂਦਰ ਸਰਕਾਰ ਦੀ ਬੋਲੀ ਬੋਲਣ ਅਤੇ ਕਿਸਾਨ ਅੰਦੋਲਨ ਦੇ ਖਿਲਾਫ ਕੰਮ ਕਰਨ | ਕੈਪਟਨ ਅਮਰਿੰਦਰ ਸਿੰਘ ਨੂੰ ਮੂਹਰੇ ਹੋ ਕੇ ਅਗਵਾਈ ਕਰਨ ਵਾਸਤੇ ਆਖਦਿਆਂ ਸ੍ਰੀ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਆ ਰਹੇ ਵਿਧਾਨ ਸਭਾ ਸੈਸ਼ਨ ਵਿਚ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਵਾਸਤੇ ਆਪਣੇ ਸੰਘਰਸ਼ ਦੀ ਪਹੁੰਚ ਦੇ ਖਾਕੇ ਦਾ ਖੁਲ੍ਹਾਸਾ ਕਰਨਾ ਚਾਹੀਦਾ ਹੈ | ਮਜੀਠੀਆ ਨੇ ਕਿਸਾਨ ਆਗੂ ਰਾਕੇਸ਼ ਟਿਕੈਤ ਤੇ ਦੇਸ਼ ਦੇ ਹੋਰਨਾਂ ਰਾਜਾਂ ਦੇ ਕਿਸਾਨ ਆਗੂਆਂ ਦਾ ਵੀ ਧੰਨਵਾਦ ਕੀਤਾ ਜਿਹਨਾਂ ਨੇ ਕਿਸਾਨ ਅੰਦੋਲਨ ਨੁੰ ਦੇਸ਼ ਭਰ ਵਿਚ ਪਹੁੰਚਾਇਆ ਹੈ | ਪੰਜਾਬੀਆਂ ਨੁੰ ਵਿਚੋਲੇ, ਖਾਲਿਸਤਾਨੀ ਤੇ ਨਕਸਲਵਾਦੀ ਦੱਸ ਕੇ ਅੰਦੋਲਨ ਨੂੰ ਬਦਨਾਮ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ |ਦੇਸ਼ ਭਰ ਦੇ ਕਿਸਾਨ ਆਗੂਆਂ ਦੇ ਅੰਦੋਲਨ ਵਿਚ ਸ਼ਾਮਲ ਹੋਣ ਨਾਲ ਇਹ ਪ੍ਰਾਪੇਗੰਡਾ ਮੂਧੇ ਮੂੰਹ ਡਿੱਗਾ ਹੈ |
ਕੈਪਸ਼ਨ—ਏ ਐਸ ਆਰ ਬimageਹੋੜੂ— 27— 7— ਬਿਕਰਮ ਸਿੰਘ ਮਜੀਠੀਆ ਪਿੰਡ ਭੋਮਾ ਵਿਖੇ ਪਰਿਵਾਰ ਦੁੱਖ ਸਾਂਝਾ ਕਰਦੇ ਹੋਏ |