
ਸੱਤਾਧਿਰ ਹੈ ਪੂਰੀ ਤਰ੍ਹਾਂ ਕਿਸਾਨ ਅੰਦੋਲਨ ਦੀ ਹਮਾਇਤ ਵਿਚ ਤੇ ਸਰਕਾਰ ਦੇ ਭਾਸ਼ਨ ’ਚ ਹੋਵੇਗਾ ਸਮਰਥਨ ਦਾ ਪੂਰਾ ਜ਼ਿਕਰ
ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਇਸ ਵਾਰ ਕਿਸਾਨੀ ਅੰਦੋਲਨ ਦੇ ਚਲਦਿਆਂ ਪੰਜਾਬ ਵਿਧਾਨ ਸਭਾ ਦੇ 1 ਮਾਰਚ ਨੂੰ ਸ਼ੁਰੂ ਹੋਣ ਵਾਲੇ ਕੈਪਟਨ ਸਰਕਾਰ ਦੇ ਆਖ਼ਰੀ ਬਜਟ ਸੈਸ਼ਨ ਵਿਚ ਰਾਜਪਾਲ ਵੀ.ਪੀ. ਸਿੰਘ ਬਦਨੌਰ ਵਲੋਂ ਪੂਰਾ ਭਾਸ਼ਨ ਪੜ੍ਹਨਾ ਆਸਾਨ ਨਹੀਂ ਹੋਵੇਗਾ। ਜ਼ਿਕਰਯੋਗ ਹੈ ਕਿ ਰਾਜਪਾਲ ਵਲੋਂ ਜੋ ਭਾਸ਼ਨ ਬਜਟ ਸੈਸ਼ਨ ਦੇ ਸ਼ੁਰੂਆਤ ਵਿਚ ਦਿਤਾ ਜਾਂਦਾ ਹੈ, ਉਹ ਸੂਬਾ ਸਰਕਾਰ ਵਲੋਂ ਤਿਆਰ ਅਤੇ ਇਸ ਦੀਆਂ ਨੀਤੀਆਂ ਤੇ ਪ੍ਰੋਗਰਾਮਾਂ ’ਤੇ ਆਧਾਰਤ ਹੁੰਦਾ ਹੈ।
VP Singh Badnore And Captain Amarinder Singh
ਦਿਲਚਸਪ ਗੱਲ ਹੈ ਕਿ ਰਾਜਪਾਲ ਬਦਨੌਰ ਭਾਜਪਾ ਨਾਲ ਲੰਮਾ ਸਮਾਂ ਜੁੜੇ ਰਹੇ ਹਨ ਤੇ ਕੇਂਦਰ ਵਿਚ ਸਰਕਾਰ ਵੀ ਭਾਜਪਾ ਦੀ ਹੈ ਤੇ ਉਹ ਸਿੱਧੇ ਤੌਰ ’ਤੇ ਕੇਂਦਰ ਸਰਕਾਰ ਅਧੀਨ ਹੀ ਕੰਮ ਕਰਦੇ ਹਨ। ਪਰ ਪੰਜਾਬ ਵਿਚ ਸਰਕਾਰ ਕਾਂਗਰਸ ਦੀ ਹੈ ਜੋ ਕਿਸਾਨਾਂ ਦੇ ਅੰਦੋਲਨ ਦੀ ਖੁਲ੍ਹ ਕੇ ਹਮਾਇਤ ਹੀ ਨਹੀਂ ਕਰ ਰਹੀ ਬਲਕਿ ਪਿਛਲੇ ਵਿਧਾਨ ਸਭਾ ਸੈਸ਼ਨ ਵਿਚ ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁਧ ਮਤਾ ਵੀ ਪਾਸ ਕਰ ਚੁੱਕੀ ਹੈ।
Punjab Vidhan Sabha
ਇਹ ਮਤਾ ਵੀ ਰਾਜਪਾਲ ਨੇ ਅੱਜ ਤਕ ਅੱਗੇ ਰਾਸ਼ਟਰਪਤੀ ਨੂੰ ਨਹੀਂ ਭੇਜਿਆ ਜਿਸ ਤੋਂ ਸਪੱਸ਼ਟ ਹੈ ਕਿ ਉਹ ਕੈਪਟਨ ਸਰਕਾਰ ਵਲੋਂ ਲਿਖਿਆ ਭਾਸ਼ਨ ਵੀ ਪੂਰਾ ਨਹੀਂ ਪੜ੍ਹਨਗੇ ਅਤੇ ਇਹ ਸੰਭਵ ਵੀ ਹੈ ਅਤੇ ਵਿਧਾਨ ਸਭਾ ਸੈਸ਼ਨਾਂ ਵਿਚ ਅਕਸਰ ਰਾਜਪਾਲ ਪੂਰਾ ਭਾਸ਼ਨ ਪੜ੍ਹਨ ਦੀ ਥਾਂ ਸਮਾਂ ਬਚਾਉਣ ਲਈ ਵਿਚੋਂ ਵਿਚੋਂ ਭਾਸ਼ਨ ਪੜ੍ਹ ਦਿੰਦੇ ਹਨ। ਇਸ ਵਾਰ ਜਿਸ ਤਰ੍ਹਾਂ ਦਾ ਕਿਸਾਨ ਅੰਦੋਲਨ ਹੈ ਅਤੇ ਰਾਜਪਾਲ ਨੇ ਕਿਸਾਨਾਂ ਦੇ ਸਮਰਥਨ ਵਾਲਾ ਸੂਬਾ ਸਰਕਾਰ ਦਾ ਪੈਰਾ ਨਾ ਪੜ੍ਹਿਆ ਤਾਂ ਪੰਜਾਬ ਵਿਧਾਨ ਸਭਾ ਵਿਚ ਵੀ ਉਹੀ ਸਥਿਤੀ ਪੈਦਾ ਹੋ ਸਕਦੀ ਹੈ ਜੋ ਪਿਛਲੇ ਦਿਨੀਂ ਸ਼ੁਰੂ ਹੋਏ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਸੈੈਸ਼ਨ ਸਮੇਂ ਬਣੀ ਸੀ।
V P Singh Badnore
ਸੈਸ਼ਨ ਦੀ ਸ਼ੁਰੂਆਤ ਸਮੇਂ ਕਿਸਾਨੀ ਮੱਦੇ ’ਤੇ ਕੁੱਝ ਹੋਰ ਮਾਮਲਿਆਂ ਬਾਰੇ ਪੈਰੇ ਰਾਜਪਾਲ ਨੇ ਛੱਡ ਦਿਤੇ ਸਨ। ਇਸ ਕਾਰਨ ਹਿਮਾਚਲ ਵਿਧਾਨ ਸਭਾ ਵਿਚ ਭਾਰੀ ਹੰਗਾਮਾ ਹੀ ਨਹੀਂ ਹੋਇਆ ਤੇ ਰਾਜਪਾਲ ਨਾਲ ਵਿਰੋਧੀ ਧਿਰ ਕਾਂਗਰਸ ਦੇ ਮੈਂਬਰਾਂ ਦੀ ਹੱਥੋਪਾਈ ਤਕ ਵਾਲੀ ਸਥਿਤੀ ਬਣੀ ਸੀ ਅਤੇ ਕਾਂਗਰਸੀ ਮੈਂਬਰਾਂ ਦੀ ਮੁਅੱਤਲੀ ਦੇ ਨਾਲ-ਨਾਲ ਉਨ੍ਹਾਂ ਵਿਰੁਧ ਐਫ਼.ਆਈ.ਆਰ. ਵੀ ਦਰਜ ਹੋਈ ਹੈ। ਇਸ ਤਰ੍ਹਾਂ ਇਸ ਵਾਰ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿਚ ਰਾਜਪਾਲ ਵਲੋਂ ਸਰਕਾਰ ਦੇ ਪੜ੍ਹੇ ਜਾਣ ਵਾਲੇ ਭਾਸ਼ਨ ਸਮੇਂ ਦੀ ਸਥਿਤੀ ਕਾਫ਼ੀ ਦਿਲਚਸਪ ਰਹਿ ਸਕਦੀ ਹੈ।