
ਇਸ ਵਾਰ ਰਾਜਪਾਲ ਲਈ ਆਸਾਨ ਨਹੀਂ ਹੋਵੇਗਾ ਪੰਜਾਬ ਵਿਧਾਨ ਸਭਾ ਵਿਚ ਸਰਕਾਰ ਦਾ ਪੂਰਾ ਭਾਸ਼ਨ ਪੜ੍ਹਨਾ
ਸੱਤਾਧਿਰ ਹੈ ਪੂਰੀ ਤਰ੍ਹਾਂ ਕਿਸਾਨ ਅੰਦੋਲਨ ਦੀ ਹਮਾਇਤ ਵਿਚ ਤੇ ਸਰਕਾਰ ਦੇ ਭਾਸ਼ਨ 'ਚ ਹੋਵੇਗਾ ਸਮਰਥਨ ਦਾ ਪੂਰਾ ਜ਼ਿਕਰ
ਚੰਡੀਗੜ੍ਹ, 27 ਫ਼ਰਵਰੀ (ਗੁਰਉਪਦੇਸ਼ ਭੁੱਲਰ): ਇਸ ਵਾਰ ਕਿਸਾਨੀ ਅੰਦੋਲਨ ਦੇ ਚਲਦਿਆਂ ਪੰਜਾਬ ਵਿਧਾਨ ਸਭਾ ਦੇ 1 ਮਾਰਚ ਨੂੰ ਸ਼ੁਰੂ ਹੋਣ ਵਾਲੇ ਕੈਪਟਨ ਸਰਕਾਰ ਦੇ ਆਖ਼ਰੀ ਬਜਟ ਸੈਸ਼ਨ ਵਿਚ ਰਾਜਪਾਲ ਵੀ.ਪੀ. ਸਿੰਘ ਬਦਨੌਰ ਵਲੋਂ ਪੂਰਾ ਭਾਸ਼ਨ ਪੜ੍ਹਨਾ ਆਸਾਨ ਨਹੀਂ ਹੋਵੇਗਾ | ਜ਼ਿਕਰਯੋਗ ਹੈ ਕਿ ਰਾਜਪਾਲ ਵਲੋਂ ਜੋ ਭਾਸ਼ਨ ਬਜਟ ਸੈਸ਼ਨ ਦੇ ਸ਼ੁਰੂਆਤ ਵਿਚ ਦਿਤਾ ਜਾਂਦਾ ਹੈ, ਉਹ ਸੂਬਾ ਸਰਕਾਰ ਵਲੋਂ ਤਿਆਰ ਅਤੇ ਇਸ ਦੀਆਂ ਨੀਤੀਆਂ ਤੇ ਪ੍ਰੋਗਰਾਮਾਂ 'ਤੇ ਆਧਾਰਤ ਹੁੰਦਾ ਹੈ |
ਦਿਲਚਸਪ ਗੱਲ ਹੈ ਕਿ ਰਾਜਪਾਲ ਬਦਨੌਰ ਭਾਜਪਾ ਨਾਲ ਲੰਮਾ ਸਮਾਂ ਜੁੜੇ ਰਹੇ ਹਨ ਤੇ ਕੇਂਦਰ ਵਿਚ ਸਰਕਾਰ ਵੀ ਭਾਜਪਾ ਦੀ ਹੈ ਤੇ ਉਹ ਸਿੱਧੇ ਤੌਰ 'ਤੇ ਕੇਂਦਰ ਸਰਕਾਰ ਅਧੀਨ ਹੀ ਕੰਮ ਕਰਦੇ ਹਨ | ਪਰ ਪੰਜਾਬ ਵਿਚ ਸਰਕਾਰ ਕਾਂਗਰਸ ਦੀ ਹੈ ਜੋ ਕਿਸਾਨਾਂ ਦੇ ਅੰਦੋਲਨ ਦੀ ਖੁਲ੍ਹ ਕੇ ਹਮਾਇਤ ਹੀ ਨਹੀਂ ਕਰ ਰਹੀ ਬਲਕਿ ਪਿਛਲੇ ਵਿਧਾਨ ਸਭਾ ਸੈਸ਼ਨ ਵਿਚ ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁਧ ਮਤਾ ਵੀ ਪਾਸ ਕਰ ਚੁੱਕੀ ਹੈ | ਇਹ ਮਤਾ ਵੀ ਰਾਜਪਾਲ ਨੇ ਅੱਜ ਤਕ ਅੱਗੇ ਰਾਸ਼ਟਰਪਤੀ ਨੂੰ ਨਹੀਂ ਭੇਜਿਆ ਜਿਸ ਤੋਂ ਸਪੱਸ਼ਟ ਹੈ ਕਿ ਉਹ ਕੈਪਟਨ ਸਰਕਾਰ ਵਲੋਂ ਲਿਖਿਆ ਭਾਸ਼ਨ ਵੀ ਪੂਰਾ ਨਹੀਂ ਪੜ੍ਹਨਗੇ ਅਤੇ ਇਹ ਸੰਭਵ ਵੀ ਹੈ ਅਤੇ ਵਿਧਾਨ ਸਭਾ ਸੈਸ਼ਨਾਂ ਵਿਚ ਅਕਸਰ ਰਾਜਪਾਲ ਪੂਰਾ ਭਾਸ਼ਨ ਪੜ੍ਹਨ ਦੀ ਥਾਂ ਸਮਾਂ ਬਚਾਉਣ ਲਈ ਵਿਚੋਂ ਵਿਚੋਂ ਭਾਸ਼ਨ ਪੜ੍ਹ ਦਿੰਦੇ ਹਨ | ਇਸ ਵਾਰ ਜਿਸ ਤਰ੍ਹਾਂ ਦਾ ਕਿਸਾਨ ਅੰਦੋਲਨ ਹੈ ਅਤੇ ਰਾਜਪਾਲ ਨੇ ਕਿਸਾਨਾਂ ਦੇ ਸਮਰਥਨ ਵਾਲਾ ਸੂਬਾ ਸਰਕਾਰ ਦਾ ਪੈਰਾ ਨਾ ਪੜਿ੍ਹਆ ਤਾਂ ਪੰਜਾਬ ਵਿਧਾਨ ਸਭਾ ਵਿਚ ਵੀ ਉਹੀ ਸਥਿਤੀ ਪੈਦਾ ਹੋ ਸਕਦੀ ਹੈ ਜੋ ਪਿਛਲੇ ਦਿਨੀਂ ਸ਼ੁਰੂ ਹੋਏ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਸੈੈਸ਼ਨ ਸਮੇਂ ਬਣੀ ਸੀ |
ਸੈਸ਼ਨ ਦੀ ਸ਼ੁਰੂਆਤ ਸਮੇਂ ਕਿਸਾਨੀ ਮੱਦੇ 'ਤੇ ਕੁੱਝ ਹੋਰ ਮਾਮਲਿਆਂ ਬਾਰੇ ਪੈਰੇ ਰਾਜਪਾਲ ਨੇ ਛੱਡ ਦਿਤੇ ਸਨ | ਇਸ ਕਾਰਨ ਹਿਮਾਚਲ ਵਿਧਾਨ ਸਭਾ ਵਿਚ
ਭਾਰੀ ਹੰਗਾਮਾ ਹੀ ਨਹੀਂ ਹੋਇਆ ਤੇ ਰਾਜਪਾਲ ਨਾਲ ਵਿਰੋਧੀ ਧਿਰ ਕਾਂਗਰਸ ਦੇ ਮੈਂਬਰਾਂ ਦੀ ਹੱਥੋਪਾਈ ਤਕ ਵਾਲੀ ਸਥਿਤੀ ਬਣੀ ਸੀ ਅਤੇ ਕਾਂਗਰਸੀ ਮੈਂਬਰਾਂ ਦੀ ਮੁਅੱਤਲੀ ਦੇ ਨਾਲ-ਨਾਲ ਉਨ੍ਹਾਂ ਵਿਰੁਧ ਐਫ਼.ਆਈ.ਆਰ. ਵੀ ਦਰਜ ਹੋਈ ਹੈ | ਇਸ ਤਰ੍ਹਾਂ ਇਸ ਵਾਰ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿਚ ਰਾਜਪਾਲ ਵਲੋਂ ਸਰਕਾਰ ਦੇ ਪੜ੍ਹੇ ਜਾਣ ਵਾਲੇ ਭਾਸ਼ਨ ਸਮੇਂ ਦੀ ਸਥਿਤੀ ਕਾਫ਼ੀ ਦਿਲਚਸਪ ਰਹਿ ਸਕਦੀ ਹੈ |