
ਕੀਵ ਦੇ ਇਕ ਸਕੂਲ 'ਚ ਫਸੇ 174 ਵਿਦਿਆਰਥੀ
ਚੰਡੀਗੜ੍ਹ, 27 ਫ਼ਰਵਰੀ (ਭੁੱਲਰ) : ਯੂਕਰੇਨ 'ਚ ਚੱਲ ਰਹੀ ਲੜਾਈ ਦੌਰਾਨ ਭਾਰਤੀ ਦੂਤਘਰ ਦਾ ਉਥੇ ਫਸੇ ਵਿਦਿਆਰਥੀਆਂ ਨੂੰ ਸਹਾਇਤਾ ਪ੍ਰਦਾਨ ਕਰਵਾਉਣ ਲਈ ਰਵਈਆ ਠੀਕ ਨਹੀਂ | ਪੰਜਾਬ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕੀਵ 'ਚ 174 ਵਿਦਿਆਰਥੀਆਂ ਦਾ ਮਾਮਲਾ ਸਾਹਮਣੇ ਲਿਆਂਦਾ ਹੈ | ਬਾਜਵਾ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਕੁੱਝ ਵਿਦਿਆਰਥੀਆਂ ਨੇ ਸੰਪਰਕ ਕੀਤਾ ਸੀ ਅਤੇ ਉਥੇ ਫਸੇ ਵਿਦਿਆਰਥੀਆਂ ਦੀ ਇਕ ਵੀਡੀਉ ਵੀ ਪ੍ਰਾਪਤ ਹੋਈ ਹੈ | ਉਨ੍ਹਾਂ ਇਹ ਵੀਡੀਉ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਵਿਦੇਸ਼ ਮੰਤਰੀ ਜੈ ਸ਼ੰਕਰ ਨੂੰ ਭੇਜਦਿਆਂ ਸਾਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਖ਼ੁਦ ਦਖ਼ਲ ਦੇ ਕੇ 174 ਵਿਦਿਆਰਥੀਆਂ ਨੂੰ ਸਹਾਇਤਾ ਪ੍ਰਦਾਨ ਕਰਵਾਉਣ ਦੀ ਅਪੀਲ ਕੀਤੀ ਹੈ | ਬਾਜਵਾ ਨੇ ਕਿਹਾ ਕਿ ਉਨ੍ਹਾਂ ਨੇ ਭਾਰਤੀ ਰਾਜਦੂਤ ਨੂੰ ਵੀ ਫ਼ੋਨ ਕੀਤਾ ਸੀ ਪਰ ਉਨ੍ਹਾਂ ਕੋਈ ਜਵਾਬ ਨਹੀਂ ਦਿਤਾ | ਬਾਜਵਾ ਵਲੋਂ ਜਾਰੀ ਵੀਡੀਉ ਰਾਹੀਂ ਜਾਣਕਾਰੀ ਦਿਤੀ ਗਈ ਹੈ ਕਿ ਰਾਜਧਾਨੀ ਕੀਵ 'ਚ ਭਾਰਤੀ ਦੂਤਘਰ ਦੇ ਨੇੜੇ ਹੀ ਇਕ ਸਕੂਲ 'ਚ 174 ਵਿਦਿਆਰਥੀ ਸ਼ਰਨ ਲੈ ਕੇ ਭੁੱਖੇ-ਭਾਣੇ ਮਦਦ ਦੀ ਗੁਹਾਰ ਲਾ ਰਹੇ ਹਨ |
ਬਾਜਵਾ ਨੇ ਕਿਹਾ ਕਿ ਕੀਵ 'ਚ ਭਾਰੀ ਬੰਬਾਰੀ ਕਾਰਨ ਭਿਆਨਕ ਸਥਿਤੀ ਨੂੰ ਦੇਖਦਿਆਂ ਇਨ੍ਹਾਂ ਸੈਂਕੜੇ ਭਾਰਤੀ ਵਿਦਿਆਰਥੀਆਂ ਨੂੰ ਉਥੋਂ ਸੁਰੱਖਿਅਤ ਕੱਢਣਾ ਜ਼ਰੂਰੀ ਹੈ |