
ਪਿੰਡ ਵਿਚ ਰਿਕਵਰੀ ਕਰਨ ਗਏ ਬੈਂਕ ਅਧਿਕਾਰੀ ਨੂੰ ਬੰਧਕ ਬਣਾ ਕੇ ਕੁਟਿਆ
ਅਬੋਹਰ, 28 ਫ਼ਰਵਰੀ (ਕੁਲਦੀਪ ਸਿੰਘ ਸੰਧੂ) : ਪੰਜਾਬ ਨੈਸ਼ਨਲ ਬੈਂਕ ਬੱਲੂਆਣਾ ਦੇ ਰਿਕਵਰੀ ਅਧਿਕਾਰੀ ਨਾਲ ਬੀਤੇ ਦਿਨ ਪਿੰਡ ਭੰਗਾਲਾ ਦੇ ਕੁੱਝ ਲੋਕਾਂ ਨੇ ਕੁੱਟਮਾਰ ਕੀਤੀ। ਇਨ੍ਹਾਂ ਹੀ ਨਹੀਂ ਉਕਤ ਲੋਕਾਂ ਨੇ ਬੈਂਕ ਅਧਿਕਾਰੀ ਦੇ ਕਪੜੇ ਫਾੜਦੇ ਹੋਏ ਉਸ ਦਾ ਮੋਬਾਈਲ ਵੀ ਤੋੜ ਦਿਤਾ। ਬਾਅਦ ਵਿਚ ਜ਼ਖ਼ਮੀ ਅਧਿਕਾਰੀ ਨੂੰ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਪੰਜਾਬ ਨੈਸ਼ਨਲ ਬੈਂਕ ਬੱਲੂਆਣਾ ਵਿਚ ਨਿਯੁਕਤ ਅਤੇ ਅਬੋਹਰ ਦੇ ਏਕਤਾ ਕਾਲੋਨੀ ਵਾਸੀ ਆਸ਼ੂ ਪ੍ਰਤਾਪ ਬੀਤੇ ਦਿਨ ਵੱਖ-ਵੱਖ ਪਿੰਡਾਂ ਵਿਚ ਰਿਕਵਰੀ ਕਰਦੇ ਹੋਏ ਪਿੰਡ ਭੰਗਾਲਾ ਪਹੁੰਚਿਆ ਅਤੇ ਬੈਂਕ ਦੇ ਲੋਨ ਧਾਰਕਾਂ ਨੂੰ ਅਪਣੀਆਂ ਕਿਸ਼ਤਾਂ ਜਮਾ ਕਰਵਾਉਣ ਲਹੀ ਕਿਹਾ। ਇਸ ਦੌਰਾਨ ਸ੍ਰੀ ਮਹਿਤਾ ਪਿੰਡ ਦੇ ਕਈ ਲੋਕਾਂ ਨੂੰ ਮਿਲੇ ਪ੍ਰੰਤੂ ਬਾਅਦ ਵਿਚ ਕੁੱਝ ਲੋਕਾਂ ਨੇ ਉਸ ਨੂੰ ਘੇਰ ਲਿਆ ਅਤੇ ਉਸ ਨਾਲ ਕੁੱਟਮਾਰ ਕਰਦੇ ਹੋਏ ਕਪੜੇ ਫਾੜ ਦਿਤੇ। ਘਟਨਾ ਦਾ ਪਤਾ ਚਲਦੇ ਹੀ ਵੱਡੀ ਗਿਣਤੀ ਵਿਚ ਬੈਂਕ ਕਰਮਚਾਰੀ ਅਤੇ ਯੂਨੀਅਨ ਦੇ ਅਹੁਦੇਦਾਰ ਸਰਕਾਰੀ ਹਸਪਤਾਲ ਪਹੁੰਚੇ ਅਤੇ ਉਨ੍ਹਾਂ ਹਾਲ ਜਾਣਿਆਂ।
ਇਧਰ ਬੈਂਕ ਆਫ਼ਿਸਰ ਐਸੋਸੀਏਸ਼ਨ ਸਰਕਲ ਫ਼ਾਜ਼ਿਲਕਾ ਦੇ ਸਕੱਤਰ ਅਜੇ ਅਗਰਵਾਲ ਨੇ ਦਸਿਆ ਕਿ ਅੱਜ ਪੀ.ਐਨ.ਬੀ. ਵਲੋਂ ਬੈਂਕ ਲੋਨ ਦਾ ਸੈਟਲਮੈਂਟ ਕੈਂਪ ਆਯੋਜਤ ਕੀਤਾ ਗਿਆ। ਜਿਸ ਵਿਚ ਸਾਰੇ ਬੈਂਕਾਂ ਦੇ ਬਕਾਇਆ ਲੋਨ ਧਾਰਕਾਂ ਨੂੰ ਸੁਨੇਹਾ ਭੇਜ ਕੇ ਉਨ੍ਹਾਂ ਨੂੰ ਇਕਮੁਸ਼ਤ ਪੈਸੇ ਜਮਾ ਕਰਵਾ ਕੇ ਲੋਕ ਨਿਪਟਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਉਨ੍ਹਾਂ ਦਸਿਆ ਕਿ ਸ੍ਰੀ ਮਹਿਤਾ ਵੀ ਇਸੇ ਲਈ ਪਿੰਡ ਭੰਗਾਲਾ ਵਿਚ ਲੋਨ ਧਾਰਕਾਂ ਨੂੰ ਇਸ ਸੈਲਟਮੈਂਟ ਕੈਂਪ ਦੀ ਜਾਣਕਾਰੀ ਦੇਣ ਗਏ ਸਨ ਕਿ ਅਚਾਨਕ ਹੀ ਲੋਕਾਂ ਨੇ ਮਹਿਤਾ ’ਤੇ ਹਮਲਾ ਬੋਲ ਦਿਤਾ।
ਸ੍ਰੀ ਅਗਰਵਾਲ ਨੇ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਬੈਂਕ ਅਧਿਕਾਰੀ ਨਾਲ ਕੁੱਟਮਾਰ ਕੀਤੀ ਹੈ ਉਹ ਬੈਂਕ ਦੇ ਲੋਨ ਧਾਰਕ ਹਨ ਅਤੇ ਉਨ੍ਹਾਂ ਵਿਰੁਧ ਸ਼ਿਕਾਇਤ ਪੁਲਿਸ ਨੂੰ ਦੇ ਦਿਤੀ ਗਈ ਹੈ। ਪ੍ਰੰਤੂ ਜੇਕਰ ਪੁਲਿਸ ਨੇ ਉਨ੍ਹਾਂ ’ਤੇ ਕੋਈ ਕਾਰਵਾਈ ਨਾ ਕੀਤੀ ਤਾਂ ਯੂਨੀਅਨ ਵਲੋਂ ਹੋਰ ਠੋਸ ਕਦਮ ਉਠਾਏ ਜਾਣਗੇ। ਇਧਰ ਡੀ.ਐਸ.ਪੀ. ਦਿਹਾਤੀ ਸ. ਅਵਤਾਰ ਸਿੰਘ ਰਾਜਪਾਲ ਨੇ ਕਿਹਾ ਕਿ ਜ਼ਖ਼ਮੀ ਅਧਿਕਾਰੀ ਦੇ ਬਿਆਨ ਕਲਮਬਧ ਕਰ ਕੇ ਹਲਮਾਵਰਾਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਐਫ.ਜੇਡ.ਕੇ._28_03ਏ-ਤਸਵੀਰ : ਕੁਲਦੀਪ ਸਿੰਘ ਸੰਧੂ