
ਬੇਅਦਬੀ ਕਾਂਡ : ਸ਼ਹੀਦ ਦੇ ਪੁੱਤਰ ਦੀ ਕੌਮ ਨੂੰ ਭਾਵਪੂਰਤ ਅਪੀਲ ਗੁਰੂ ਗ੍ਰੰਥ ਸਾਹਿਬ ਜੀ ਦੇ ਮੁੱਦੇ ’ਤੇ ਇਕੱਤਰ ਹੋਣ ਦਾ ਦਿਤਾ ਸੱਦਾ
ਕੋਟਕਪੂਰਾ, 27 ਫ਼ਰਵਰੀ (ਗੁਰਿੰਦਰ ਸਿੰਘ) : ਕੀ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਸਾਨੂੰ ਇਕੱਠਿਆਂ ਨਹੀਂ ਹੋ ਜਾਣਾ ਚਾਹੀਦਾ? ਕੀ ਅਸੀਂ ਕਦੇ ਵੀ ਇਕਮਤ ਨਹੀਂ ਹੋ ਸਕਦੇ? ਕੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਕੌਮ ਸਾਜਣ ਮੌਕੇ ਇਹ ਸੋਚਿਆ ਸੀ ਕਿ ਸਿੱਖ ਕੌਮ ਕਦੇ ਵੀ ਇਕਮਤ ਨਹੀਂ ਹੋ ਸਕਦੀ? ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਕਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਦੇ ਪੁੱਤਰ ਸੁਖਰਾਜ ਸਿੰਘ ਨੇ ਉਕਤ ਸੁਆਲ ਸਮੁੱਚੀ ਸਿੱਖ ਕੌਮ ਨੂੰ ਕਰਦਿਆਂ ਆਖਿਆ ਹੈ ਕਿ 1 ਜੂਨ 2015 ਨੂੰ ਦਿਨ ਦਿਹਾੜੇ ਪਾਵਨ ਸਰੂਪ ਚੋਰੀ ਹੋਏ ਤਾਂ ਦੁਨੀਆਂ ਦੇ ਕੋਨੇ ਕੋਨੇ ਵਿਚ ਬੈਠੀਆਂ ਸਿੱਖ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ, ਅਸੀਂ ਰੌਂਦਿਆਂ ਕੁਰਲਾਉਂਦਿਆਂ ਸਰਕਾਰ ਵਿਰੁਧ ਰੋਸ ਪ੍ਰਦਰਸ਼ਨ ਕੀਤਾ, ਇਨਸਾਫ਼ ਲੈਣ ਲਈ ਸੜਕਾਂ ’ਤੇ ਬੈਠ ਗਏ, ਇਨਸਾਫ਼ ਤਾਂ ਕੀ ਮਿਲਣਾ ਸੀ, ਉਲਟਾ ਡਾਂਗਾਂ ਤੇ ਗੋਲੀਆਂ ਖਾ ਕੇ ਮਾਵਾਂ ਦੇ ਹੋਣਹਾਰ ਪੁੱਤਰ ਮਰਵਾ ਕੇ ਵਾਪਸ ਘਰ ਆ ਕੇ ਬੈਠ ਗਏ। ਸਿੱਖ ਸੰਸਥਾਵਾਂ ਅਤੇ ਜਥੇਬੰਦੀਆਂ ਸਿਆਸੀ ਆਕਾਵਾਂ ਦੀ ਘੁਰਕੀ ਤੋਂ ਡਰਦਿਆਂ ਚੁੱਪ ਕਿਉਂ ਵੱਟ ਲਈ।
ਸੁਖਰਾਜ ਸਿੰਘ ਨਿਆਮੀਵਾਲਾ ਮੁਤਾਬਕ ਸਮੇਂ ਦੀਆਂ ਸਰਕਾਰਾਂ ਅਤੇ ਉਕਤ ਸਿਸਟਮ ਸਾਨੂੰ ਹਰ ਰੋਜ਼ ਨਵੀਂ ਪੀੜ ਦੇ ਰਿਹਾ ਹੈ, 7 ਸਾਲ ਦਾ ਲੰਮਾ ਸਮਾਂ ਲੰਘਣ ਉਪਰੰਤ ਵੀ ਗੋਲੀਕਾਂਡ ਦੀ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨੂੰ ਸਜ਼ਾ ਦਿਵਾਉਣ ਲਈ ਸਾਨੂੰ ਸੜਕਾਂ ’ਤੇ ਖੁਲ੍ਹੇ ਅਸਮਾਨ ਹੇਠ ਬੈਠ ਕੇ ਮੋਰਚੇ ਲਾਉਣੇ ਪੈ ਰਹੇ ਹਨ ਪਰ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਵਾਲੀ ਸਾਡੀ ਕੌਮ ਦੇ ਕੁੱਝ ਰਹਿਨੁਮਾ ਇਕ ਦੂਜੇ ਦੀਆਂ ਲੱਤਾਂ ਖਿੱਚਣ ਵਿਚ ਮਸਰੂਫ਼ ਹਨ।
ਉਨ੍ਹਾਂ ਆਖਿਆ ਕਿ ਬਰਸੀਆਂ ਜਾਂ ਸ਼ਰਧਾਂਜਲੀ ਸਮਾਗਮਾਂ ਮੌਕੇ ਲੱਖਾਂ ਦੇ ਇਕੱਠ ਕਰਨ ਦਾ ਦਾਅਵਾ ਕਰਨ ਵਾਲੇ ਪੰਥਕ ਆਗੂ ਪਾਵਨ ਸਰੂਪ ਅਰਥਾਤ ਸਾਡੇ ਗੁਰੂ ਸਾਹਿਬ ਦੀ ਬੇਅਦਬੀ ਦੇ ਮਾਮਲੇ ’ਤੇ ਚੁੱਪ ਹਨ। ਜੇਕਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਪਣਾ ਗੁਰੂ ਮੰਨਦੇ ਹਾਂ, ਨਿੱਕੇ ਨਿੱਕੇ ਮਤਭੇਦ ਭੁਲਾ ਕੇ ਇਕੱਠੇ ਹੋਣ ਲਈ ਸਹਿਮਤ ਹਾਂ, ਗੁਰੂ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਯਤਨਸ਼ੀਲ ਹਾਂ ਤਾਂ ਘੱਟੋ ਘੱਟ ਗੁਰੁੂ ਸਾਹਿਬ ਜੀ ਦੀ ਅਗਵਾਈ ਵਿਚ ਚੱਲਦਿਆਂ ਇਕੱਠੇ ਹੋ ਕੇ ਪ੍ਰਣ ਕਰੀਏ ਕਿ ਜਿੰਨਾ ਸਮਾਂ ਅਸੀਂ ਗੁਰੂ ਗ੍ਰ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦਾ ਇਨਸਾਫ਼ ਨਹੀਂ ਲੈ ਸਕਦੇ, ਉਨਾਂ ਸਮਾਂ ਇਕੱਠੇ ਰਹੀਏ। ਸੁਖਰਾਜ ਸਿੰਘ ਨੇ ਖ਼ੁਦ ਨੂੰ ਪੰਥ ਦਾ ਕੂਕਰ ਆਖਦਿਆਂ ਕਿਹਾ ਕਿ ਜਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਣ ਸਨਮਾਨ ਦੇ ਮੁੱਦੇ ’ਤੇ ਸਾਰੇ ਸਹਿਮਤ ਹੋ ਜਾਉ ਨਹੀਂ ਤਾਂ ਉਕਤ ਲੜਾਈ ਮੈਂ ਖ਼ੁਦ ਅਪਣੀ ਨਿਜੀ ਲੜਾਈ ਸਮਝ ਕੇ ਲੜ ਲਵਾਂਗਾ।
ਫੋਟੋ :- ਕੇ.ਕੇ.ਪੀ.-ਗੁਰਿੰਦਰ-27-1ਏ