
ਭਾਖੜਾ ਬੋਰਡ ਦੇ ਫ਼ੈਸਲੇ ਪਿੱਛੇ ਮੋਦੀ ਵਲੋਂ ਪੰਜਾਬ ਦਾ ਪਾਣੀ ਤੇ ਬਿਜਲੀ ਖੋਹਣ ਦੀ ਡੂੰਘੀ ਸਾਜ਼ਿਸ਼ : ਮਹਿਲਾ ਕਿਸਾਨ ਯੂਨੀਅਨ
ਬਿਜਲੀ ਤੇ ਪਾਣੀ ਰਾਹੀਂ ਭਾਜਪਾ ਗੁਆਂਢੀ ਸੂਬਿਆਂ ਦੀਆਂ ਚੋਣਾਂ ਜਿੱਤਣ ਦੀ ਤਾਕ 'ਚ : ਰਾਜਵਿੰਦਰ ਕੌਰ ਰਾਜੂ
ਚੰਡੀਗੜ੍ਹ, 27 ਫ਼ਰਵਰੀ (ਭੁੱਲਰ) : ਭਾਖੜਾ ਬਿਆਸ ਪ੍ਰਬੰਧਕੀ ਬੋਰਡ (ਬੀ.ਬੀ.ਐਮ.ਬੀ.) ਨੰਗਲ ਦੀ ਮੈਨੇਜਮੈਂਟ ਵਿਚ ਤਾਜ਼ਾ ਸੋਧਾਂ ਕਰ ਕੇ ਪੰਜਾਬ ਕੋਲੋਂ ਮੈਂਬਰੀ ਦਾ ਹੱਕ ਖੋਹਣ ਲਈ ਭਾਜਪਾ ਨੇ ਵਿਆਪਕ, ਦੂਰਗਾਮੀ ਤੇ ਡੂੰਘੀ ਸਾਜ਼ਿਸ਼ ਰਚਦਿਆਂ ਪੰਜਾਬ ਦੇ ਪਾਣੀਆਂ ਤੇ ਪਣ ਬਿਜਲੀ ਸਮੇਤ ਚਰਚਿਤ ਸਤਲੁਜ ਯਮੁਨਾ ਲਿੰਕ (ਐਸ.ਵਾਈ.ਐਲ) ਨਹਿਰ ਬਾਰੇ ਰਾਜਸੀ ਬਿਸਾਤ ਵਿਛਾਈ ਹੈ ਤਾਂ ਜੋ ਪਾਣੀ ਤੇ ਬਿਜਲੀ ਦੇ ਮੁੱਦੇ ਉਤੇ ਭਗਵਾਂ ਪਾਰਟੀ ਗੁਆਂਢੀ ਰਾਜਾਂ ਵਿਚ ਅਗਾਮੀ ਵਿਧਾਨ ਸਭਾ ਚੋਣਾਂ ਜਿੱਤ ਸਕੇ ਅਤੇ ਭਵਿੱਖ ਵਿਚ ਸ਼ੁਰੂ ਹੋਣ ਵਾਲੇ ਕਿਸਾਨ ਅੰਦੋਲਨ ਦੇ ਦੂਜੇ ਪੜਾਅ ਵੇਲੇ ਦਰਿਆਈ ਪਾਣੀਆਂ ਦੀ ਵੰਡ ਦੇ ਮੁੱਦੇ ਉੱਤੇ ਗੁਆਂਢੀ ਰਾਜਾਂ ਦੇ ਕਿਸਾਨਾਂ ਦਰਮਿਆਨ ਮਤਭੇਦ ਖੜੇ ਕਰ ਕੇ ਅੰਦੋਲਨ ਨੂੰ ਅਸਫ਼ਲ ਕੀਤਾ ਜਾ ਸਕੇ |
ਅੱਜ ਇਥੇ ਇਕ ਬਿਆਨ ਵਿਚ ਮਹਿਲਾ ਕਿਸਾਨ ਯੂਨੀਅਨ ਦੀ ਸੂਬਾ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਰਾਜੂ, ਚੇਅਰਪਰਸਨ ਮਨਵੀਰ ਕੌਰ ਰਾਹੀ ਤੇ ਜਨਰਲ ਸਕੱਤਰ ਦਵਿੰਦਰ ਕੌਰ ਨੇ ਆਖਿਆ ਕਿ ਦਰਿਆਈ ਪਾਣੀਆਂ ਬਾਰੇ ਮਾਮਲਾ ਉਚ ਅਦਾਲਤ ਦੇ ਵਿਚਾਰਅਧੀਨ ਹੋਣ ਦੇ ਬਾਵਜੂਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਕਿਸਾਨ ਅੰਦੋਲਨ ਵਿਚ ਹੋਈ ਹਾਰ ਦਾ ਬਦਲਾ ਪੰਜਾਬ ਤੇ ਪੰਜਾਬੀਆਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਵਾਂਝਾ ਕਰ ਕੇ ਲਿਆ ਜਾ ਰਿਹਾ ਹੈ ਅਤੇ ਰਿਪੇਰੀਅਨ ਸੂਬਾ ਹੋਣ ਕਰ ਕੇ ਪੰਜਾਬ ਨੂੰ ਦਰਿਆਈ ਡੈਮਾਂ ਦਾ ਸਮੁੱਚਾ ਕੰਟਰੋਲ ਸੌਂਪਣ ਦੀ ਥਾਂ ਰਾਜ ਕੋਲ ਬਚਦੇ ਨਿਗੂਣੇ ਅਧਿਕਾਰ ਵੀ ਖੋਹ ਕੇ ਕੇਂਦਰੀ ਗਲਬਾ ਕਾਇਮ ਕੀਤਾ ਜਾ ਰਿਹਾ ਹੈ |
ਕਿਸਾਨ ਨੇਤਾਵਾਂ ਨੇ ਕਿਹਾ ਕਿ ਮੋਦੀ ਅਪਣੇ ਹੱਥ ਠੋਕੇ ਅਫ਼ਸਰਾਂ ਰਾਹੀਂ ਪੰਜਾਬ ਦੇ ਡੈਮਾਂ ਦਾ ਮੁਕੰਮਲ ਕੰਟਰੋਲ ਅਪਣੇ ਹੱਥਾਂ ਵਿਚ ਕਰ ਕੇ ਪੰਜਾਬ ਦੀ ਬਿਜਲੀ ਤੇ ਪਾਣੀ ਰਾਹੀਂ ਗੁਆਂਢੀ ਸੂਬਿਆਂ ਨੂੰ ਖ਼ੁਸ਼ ਕਰਨਾ ਚਾਹੁੰਦਾ ਹੈ ਅਤੇ ਇਕ ਤੀਰ ਨਾਲ ਕਈ ਨਿਸ਼ਾਨੇ ਲਾਉਂਦਿਆਂ ਉਹ ਗੁਆਂਢੀ ਰਾਜਾਂ ਦੇ ਕਿਸਾਨਾਂ ਦੀ ਆਪਸੀ ਭਾਈਚਾਰਕ ਸਾਂਝ ਵੀ ਤੋੜਨੀ ਚਾਹੁੰਦਾ ਹੈ ਤਾਂ ਜੋ ਪਾੜੋ ਤੇ ਰਾਜ ਕਰੋ ਦੀ ਨੀਤੀ ਨਾਲ ਭਗਵਾਂ ਪਾਰਟੀ ਸੱਤਾ ਵਿਚ ਬਣੀ ਰਹੇ | ਮਹਿਲਾ ਕਿਸਾਨ ਨੇਤਾਵਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਪੰਜਾਬ ਵਲੋਂ ਚਾਰ ਸਾਲ ਪਹਿਲਾਂ ਉੱਤਰ ਖੇਤਰੀ ਵਿਕਾਸ ਕੌਂਸਲ ਦੀ ਮੀਟਿੰਗ ਵਿਚ ਬੀ.ਬੀ.ਐਮ.ਬੀ. ਅਤੇ ਦਰਿਆਈ ਪਾਣੀਆਂ ਸਬੰਧੀ ਅਜਿਹੇ ਕਿਸੇ ਫ਼ੈਸਲੇ ਬਾਰੇ ਦਰਸਾਏ ਸਖ਼ਤ ਵਿਰੋਧ ਨੂੰ ਦਰਕਿਨਾਰ ਕਰਦਿਆਂ ਪੰਜਾਬ ਦੇ ਦਰਿਆਈ ਪਾਣੀਆਂ ਤੇ ਪਣ ਬਿਜਲੀ ਉਪਰ ਪੂਰਾ ਕੰਟਰੋਲ ਕਰ ਲਿਆ ਹੈ ਜਦਕਿ ਪੰਜਾਬ ਹਰ ਸਾਲ 250 ਕਰੋੜ ਰੁਪਏ ਬੀ.ਬੀ.ਐਮ.ਬੀ. ਨੂੰ ਦੇ ਰਿਹਾ ਹੈ |
ਮਹਿਲਾ ਕਿਸਾਨ ਆਗੂਆਂ ਨੇ ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਕੇਂਦਰ ਵੱਲੋਂ ਪੰਜਾਬ, ਪੰਜਾਬੀ ਤੇ ਸਿੱਖਾਂ ਨਾਲ ਹੋ ਰਹੀਆਂ ਬੇਇਨਸਾਫ਼ੀਆਂ ਖ਼ਿਲਾਫ਼ ਲੜਨ ਲਈ ਉਹ ਇਕ ਮੰਚ ਉੱਤੇ ਇਕੱਠੇ ਹੋ ਕੇ ਅੰਦੋਲਨ ਵਿੱਢਣ ਤਾਂ ਜੋ ਭਾਜਪਾ ਦੇ ਫਿਰਕਾਪ੍ਰਸਤੀ ਵਾਲੇ 'ਅੱਥਰੇ ਰੱਥ' ਨੂੰ ਨਕੇਲ ਪਾਈ ਜਾ ਸਕੇ |