
ਬੁਖ਼ਾਰੈਸਟ ਤੋਂ 198 ਭਾਰਤੀਆਂ ਨੂੰ ਲੈ ਕੇ ਚੌਥੀ ਉਡਾਣ ਦਿੱਲੀ ਪਹੁੰਚੀ
ਹੁਣ ਤਕ ਚਾਰ ਉਡਾਣਾਂ ਰਾਹੀਂ 1147 ਭਾਰਤੀ ਨਾਗਰਿਕ ਵਤਨ ਪਰਤੇ
ਨਵੀਂ ਦਿੱਲੀ, 27 ਫ਼ਰਵਰੀ : ਯੂਕਰੇਨ ਹਮਲੇ ਵਿਚਾਲੇ ਚੌਥੇ ਦਿਨ ਰੋਮਾਨੀਆ ਦੇ ਬੁੁਖ਼ਾਰੈਸਟ ਤੋਂ 198 ਭਾਰਤੀਆਂ ਨੂੰ ਲੈ ਕੇ ਉਡਾਣ ਭਰਨ ਵਾਲਾ ਚੌਥਾ ਜਹਾਜ਼ ਐਤਵਾਰ ਸ਼ਾਮ 6.45 ’ਤੇ ਦਿੱਲੀ ਪਹੁੰਚ ਗਿਆ। ਇਸ ਤੋਂ ਪਹਿਲਾਂ ਐਤਵਾਰ ਨੂੰ ਹੀ 490 ਭਾਰਤੀ ਵਿਦਿਆਰਥੀ ਰੋਮਾਨੀਆਂ ਅਤੇ ਹੰਗਰੀ ਦੇ ਰਸਤੇ ਭਾਰਤ ਪੁੱਜੇ। ਰੋਮਾਨੀਆ ਤੋਂ ਏਅਰ ਇੰਡੀਆ ਦੇ ਜਹਾਜ਼ ਨੇ ਸਨਿਚਰਵਾਰ ਰਾਤ 9.30 ਵਜੇ ਉਡਾਣ ਭਰੀ ਅਤੇ ਐਤਵਾਰ ਤੜਕੇ ਕਰੀਬ 3 ਵਜੇ ਇਹ ਦਿੱਲੀ ਪਹੁੰਚਿਆ। ਹੁਣ ਤਕ ਆਏ ਕੁੱਲ ਚਾਰ ਜਹਾਜ਼ਾਂ ਵਿਚ ਕੁੱਲ 1147 ਭਾਰਤੀ ਨਾਗਰਿਕ ਯੂਕਰੇਨ ਤੋਂ ਆਏ ਹਨ। ਹਵਾਈ ਅੱਡੇ ’ਤੇ ਉਨ੍ਹਾਂ ਦਾ ਸਵਾਗਤ ਨਾਗਰਿਕ ਹਵਾਬਾਜ਼ੀ ਮੰਤਰੀ ਜੋਤਿਰਾਦਿਤਿਆ ਸਿੰਧੀਆ ਨੇ ਕੀਤਾ।
ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਿਹਾ ਸੀ ਕਿ ਰੋਮਾਨੀਆ ਦੀ ਰਾਜਧਾਨੀ ਬੁਖ਼ਾਰੈਸਟ ਤੋਂ 198 ਭਾਰਤੀ ਨਾਗਰਿਕਾਂ ਨੂੰ ਲੈ ਕੇ ਚੌਥੀ ਉਡਾਣ ਭਾਰਤ ਲਈ ਰਵਾਨਾ ਹੋ ਚੁਕੀ ਹੈ। ਜੈਸ਼ੰਕਰ ਨੇ ਟਵੀਟ ਕੀਤਾ,‘‘ਆਪਰੇਸ਼ਨ ਗੰਗਾ ਜਾਰੀ ਹੈ। ਆਪਰੇਸ਼ਨ ਗੰਗਾ ਦੀ ਚੌਥੀ ਉਡਾਣ ਬੁਖਾਰੈਸਟ ਤੋਂ ਰਵਾਨਾ ਹੋ ਗਈ ਹੈ। ਭਾਰਤ ਦੇ 198 ਨਾਗਰਿਕ ਦਿੱਲੀ ਪਰਤ ਰਹੇ ਹਨ।’’ ਯੂਕਰੇਨ ਦਾ ਹਵਾਈ ਖੇਤਰ ਬੰਦ ਹੋਣ ਮਗਰੋਂ ਭਾਰਤ ਉੱਥੇ ਫਸੇ ਭਾਰਤੀ ਨਾਗਰਿਕਾਂ ਨੂੰ ਰੋਮਾਨੀਆ, ਹੰਗਰੀ, ਪੋਲੈਂਡ ਅਤੇ ਸਲੋਵਾਕੀਆ ਨਾਲ ਲਗਦੀ ਸਰਹੱਦੀ ਚੌਕੀਆਂ ਜ਼ਰੀਏ ਕੱਢ ਰਿਹਾ ਹੈ। ਸਨਿਚਰਵਾਰ ਸ਼ਾਮ ਨੂੰ 219 ਭਾਰਤੀ ਨਾਗਰਿਕਾਂ ਨੂੰ ਲੈ ਕੇ ਪਹਿਲੀ ਉਡਾਣ ਬੁਖ਼ਾਰੈਸਟ ਤੋਂ ਮੁੰਬਈ ਪਹੁੰਚੀ। ਦੂਜੀ ਉਡਾਣ 250 ਭਾਰਤੀ ਨਾਗਰਿਕਾਂ ਨੂੰ ਲੈ ਕੇ ਐਤਵਾਰ ਤੜਕੇ ਦਿੱਲੀ ਪਹੁੰਚੀ।
ਏਅਰ ਇੰਡੀਆ ਦੀ ਤੀਜੀ ਉਡਾਣ ਕਰੀਬ 240 ਭਾਰਤੀ ਨਾਗਰਿਕਾਂ ਨੂੰ ਲੈ ਕੇ ਹੰਗਰੀ ਦੀ ਰਾਜਧਾਨੀ ਬੁਡਾਪੈਸਟ ਤੋਂ ਦਿੱਲੀ ਰਵਾਨਾ ਹੋ ਗਈ ਹੈ। ਭਾਰਤ ਨੇ ਇਸ ਨਿਕਾਸੀ ਮੁਹਿੰਮ ਨੂੰ ‘ਆਪਰੇਸ਼ਨ ਗੰਗਾ’ ਨਾਂ ਦਿਤਾ ਹੈ। (ਪੀਟੀਆਈ)