
ਯੂਕਰੇਨ ’ਚ ਭਾਰਤੀ ਵਿਦਿਆਰਥੀਆਂ ਦੀ ‘ਢਾਲ’ ਬਣਿਆ ਤਿਰੰਗਾ
ਰੂਸੀ ਫ਼ੌਜ ਵੀ ਕਰ ਰਹੀ ਹੈ ਤਿਰੰਗੇ
ਨਵੀਂ ਦਿੱਲੀ, 27 ਫ਼ਰਵਰੀ : ਰੂਸ ਅਤੇ ਯੂਕਰੇਨ ਵਿਚਾਲੇ ਚਲ ਰਹੀ ਜੰਗ ਦੌਰਾਨ ਭਾਰਤ ਦਾ ਗੌਰਵ ਅਤੇ ਸ਼ਾਨ, ਤਿਰੰਗਾ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਲਈ ਢਾਲ ਬਣਿਆ ਹੋਇਆ ਹੈ। ਯੂਕਰੇਨ ਵਿਚ ਹਰ ਪਾਸੇ ਤਬਾਹੀ ਅਤੇ ਡਰ ਦਾ ਮੰਜ਼ਰ ਹੈ। ਇਸ ਦੌਰਾਨ ਸਭ ਤੋਂ ਵੱਡੀ ਗੱਲ ਇਹ ਹੈ ਕਿ ਭਾਰਤੀ ਵਿਦਿਆਰਥੀ ਤਿਰੰਗੇ ਹੇਠ ਸੁਰੱਖਿਅਤ ਅਪਣੇ ਵਤਨ ਪਰਤ ਰਹੇ ਹਨ। ਯੂਕਰੇਨ ਵਿਚ, ਤਿਰੰਗਾ ਭਾਰਤੀਆਂ ਲਈ ਇਕ ਸੁਰੱਖਿਆ ਢਾਲ ਬਣਿਆ ਹੋਇਆ ਹੈ। ਦੂਜੇ ਦੇਸ਼ਾਂ ਦੀਆਂ ਸਰਹੱਦਾਂ ’ਤੇ ਪਹੁੰਚਣ ਵਾਲੇ ਵਿਦਿਆਰਥੀਆਂ ਦੀਆਂ ਬਸਾਂ ਅਤੇ ਹੋਰ ਵਾਹਨਾਂ ’ਤੇ ਤਿਰੰਗੇ ਝੰਡੇ ਲਾਏ ਗਏ ਹਨ। ਇਸ ਦੇ ਨਾਲ ਹੀ ਬਸਾਂ ਅਤੇ ਵਾਹਨਾਂ ’ਤੇ ਭਾਰਤ ਸਰਕਾਰ ਦੇ ਹੁਕਮਾਂ ਦੀ ਕਾਪੀ ਵੀ ਚਿਪਕਾਈ ਗਈ ਹੈ। ਤਿਰੰਗੇ ਨੂੰ ਦੇਖ ਕੇ ਰੂਸੀ ਫ਼ੌਜ ਦੇ ਜਵਾਨ ਸਨਮਾਨ ਦਿਖਾ ਰਹੇ ਹਨ ਅਤੇ ਵਿਦਿਆਰਥੀਆਂ ਨੂੰ ਸੁਰੱਖਿਅਤ ਉਨ੍ਹਾਂ ਦੀ ਮੰਜ਼ਲ ਵਲ ਭੇਜ ਰਹੇ ਹਨ। ਰੂਸੀ ਫ਼ੌਜ ਖ਼ੁਦ ਭਾਰਤੀ ਝੰਡੇ ਵਾਲੇ ਵਾਹਨਾਂ ਨੂੰ ਕੱਢਣ ’ਚ ਮਦਦ ਕਰ ਰਹੀ ਹੈ। ਭਾਰਤ ਪਰਤਣ ਵਾਲੇ ਇਕ ਵਿਦਿਆਰਥੀ ਨੇ ਦਸਿਆ ਕਿ ਭਾਰਤੀ ਝੰਡੇ ਨੂੰ ਦੇਖ ਕੇ ਬਸਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਜਾਣ ਦਿਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗਲ ਕੀਤੀ ਸੀ ਅਤੇ ਯੂਕਰੇਨ ਵਿਚ ਫਸੇ ਭਾਰਤੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਸੀ। ਇਸ ’ਤੇ ਰੂਸ ਦੇ ਰਾਸ਼ਟਰਪਤੀ ਨੇ ਭਰੋਸਾ ਦਿਤਾ ਸੀ ਕਿ ਉਹ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਲਈ ਠੋਸ ਕਦਮ ਚੁਕਣਗੇ। ਪੁਤਿਨ ਨੇ ਕਿਹਾ ਸੀ ਕਿ ਯੂਕਰੇਨ ਛੱਡਣ ਵਾਲੇ ਭਾਰਤੀਆਂ ਦੀ ਬੱਸ ’ਤੇ ਤਿਰੰਗਾ ਹੋਣਾ ਉਨ੍ਹਾਂ ਦੀ ਸੁਰੱਖਿਆ ਦੀ ਸੱਭ ਤੋਂ ਵੱਡੀ ਗਾਰੰਟੀ ਹੈ। (ਏਜੰਸੀ)