
ਪੁਲਿਸ ਨੇ 2 ਦਿਨ ਦਾ ਰਿਮਾਂਡ ਕੀਤਾ ਹਾਸਲ
ਅਜਨਾਲਾ - ਪੁਲਿਸ ਥਾਣਾ ਝੰਡੇਰ ਅਧੀਨ ਆਉਂਦੇ ਪਿੰਡ ਸੈਂਸਰਾ ਕਲਾਂ ਵਿਖੇ ਇਕ ਬਜ਼ੁਰਗ ਔਰਤ ਦੇ ਕਤਲ ਦੀ ਗੁੱਥੀ ਨੂੰ ਥਾਣਾ ਝੰਡੇਰ ਦੀ ਪੁਲਿਸ ਨੇ 24 ਘੰਟਿਆਂ ਵਿਚ ਸੁਲਝਾ ਲਿਆ ਹੈ ਤੇ ਕਤਲ ਕਰਨ ਵਾਲੀ ਨੂੰਹ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਝੰਡੇਰ ਦੇ ਐੱਸ. ਐੱਚ. ਓ. ਸਤਨਾਮ ਸਿੰਘ ਨੇ ਦੱਸਿਆ ਕਿ ਪਿੰਡ ਸੈਂਸਰਾ ਕਲਾਂ ’ਚ ਇਕ ਔਰਤ ਅਮਰਜੀਤ ਕੌਰ ਪਤਨੀ ਚੰਨਣ ਸਿੰਘ ਦੇ ਕਤਲ ਸਬੰਧੀ ਮ੍ਰਿਤਕ ਔਰਤ ਦੇ ਭਰਾ ਮਹਿੰਦਰ ਸਿੰਘ ਵਾਸੀ ਬੱਲ ਸਚੰਦਰ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 302 ਅਧੀਨ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਦੀ ਪੁਲਿਸ ਵੱਲੋਂ ਬਹੁਤ ਬਾਰੀਕੀ ਨਾਲ ਜਾਂਚ ਕੀਤੀ ਗਈ।
ਇਸ ਮਾਮਲੇ ਵਿਚ ਪੁਲਿਸ ਨੂੰ ਉਦੋ ਵੱਡੀ ਸਫ਼ਲਤਾ ਮਿਲੀ ਜਦੋਂ ਮ੍ਰਿਤਕ ਔਰਤ ਦੀ ਨੂੰਹ ਨਰਿੰਦਰਜੀਤ ਕੌਰ ਪਤਨੀ ਸੁਰਜੀਤ ਸਿੰਘ ਨੂੰ ਸ਼ੱਕ ਦੇ ਅਧਾਰ ਤੇ ਹਿਰਾਸਤ ਵਿੱਚ ਲੈ ਕੇ ਸਖ਼ਤੀ ਨਾਲ ਕੀਤੀ ਗਈ ਪੁੱਛਗਿੱਛ ਕੀਤੀ ਗਈ ਅਤੇ ਉਸ ਨੇ ਮੰਨਿਆਂ ਕਿ ਉਸ ਦੀ ਸੱਸ ਨਾਲ ਅਕਸਰ ਲੜਾਈ ਰਹਿੰਦੀ ਸੀ ਤੇ ਗੁੱਸੇ ਵਿਚ ਆ ਕੇ ਪਹਿਲਾਂ ਤਾਂ ਉਸ ਨੇ ਸੱਸ ਦੇ ਸਿਰ ਵਿਚ ਬਾਲਾ ਮਾਰਿਆ, ਫਿਰ ਕਰੰਟ ਲਗਾਇਆ ਤੇ ਅਖੀਰ 'ਚ ਉਸ ਨੂੰ ਰੱਸੀ ਨਾਲ ਫਾਹਾ ਦੇ ਕੇ ਮਾਰ ਦਿੱਤਾ ।
ਇਸ ਤੋਂ ਬਾਅਦ ਉਸ ਨੇ ਆਪਣੇ ਰਿਸ਼ਤੇਦਾਰਾਂ ਨੂੰ ਝੂਠ ਬੋਲਿਆ ਕਿ ਉਸ ਦੀ ਕਰੰਟ ਲੱਗਣ ਨਾਲ ਮੌਤ ਹੋਈ ਹੈ। ਉਧਰ ਪੁਲਿਸ ਵੱਲੋ ਮੁਜ਼ਰਮ ਔਰਤ ਨਰਿੰਦਰਜੀਤ ਕੌਰ ਨੂੰ ਕਤਲ 'ਚ ਵਰਤਿਆ ਗਿਆ ਬਾਲਾ, ਰੱਸੀ ਤੇ ਕਰੰਟ ਵਾਲੀ ਤਾਰ ਸਮੇਤ ਗ੍ਰਿਫ਼ਤਾਰ ਕਰਕੇ ਅੱਜ ਜੁਡੀਸ਼ੀਅਲ ਮੈਜਿਸਟਰੇਟ ਅਜਨਾਲਾ ਮਿਸ ਚਰਨਪ੍ਰੀਤ ਕੌਰ ਦੀ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ।