
ਮਾਂ ਦੇ ਕਤਲ ਦੇ ਦੋਸ਼ ਤਹਿਤ 4 ਮਹੀਨੇ ਪਹਿਲਾਂ ਹੀ ਜੇਲ ’ਚੋਂ ਬਾਹਰ ਆਇਆ ਸੀ ਮ੍ਰਿਤਕ
Punjab News: ਸਮਰਾਲਾ ਦੇ ਪਿੰਡ ਪੂਨੀਆਂ ਵਿਚ ਜ਼ਮੀਨੀ ਵਿਵਾਦ ਦੇ ਚਲਦਿਆਂ ਛੋਟੇ ਭਰਾ ਨੇ ਬੇਰਹਿਮੀ ਨਾਲ ਵੱਡੇ ਭਰਾ ਦਾ ਕਤਲ ਕਰ ਦਿਤਾ ਅਤੇ ਬਜ਼ਰਗ ਪਿਤਾ ਨੂੰ ਵੀ ਗੰਭੀਰ ਜ਼ਖ਼ਮੀ ਕਰ ਦਿਤਾ। ਮਿਲੀ ਜਾਣਕਾਰੀ ਅਨੁਸਾਰ 30 ਸਾਲਾ ਦਲਬੀਰ ਸਿੰਘ ਨੇ ਅਪਣੇ ਵੱਡੇ ਭਰਾ ਜਗਦੀਪ ਸਿੰਘ (35) ਉਤੇ ਸੱਬਲ ਨਾਲ ਹਮਲਾ ਕਰਨ ਮਗਰੋਂ ਅਪਣੇ ਪਿਤਾ ਰਾਮ ਸਿੰਘ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿਤਾ। ਜ਼ਖ਼ਮੀ ਪਿਤਾ ਨੂੰ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ’ਚ ਰੈਫਰ ਕੀਤਾ ਗਿਆ ਹੈ। ਸਮਰਾਲਾ ਪੁਲਿਸ ਨੇ ਮ੍ਰਿਤਕ ਦੀ ਲਾਸ਼ ਅਪਣੇ ਕਬਜ਼ੇ ਦੇ ਵਿਚ ਲੈ ਲਈ ਹੈ। ਦੱਸ ਦੇਈਏ ਕਿ ਮ੍ਰਿਤਕ ਜਗਦੀਪ ਸਿੰਘ ਨੇ ਕਰੀਬ ਦੋ ਸਾਲ ਪਹਿਲਾਂ ਅਪਣੀ ਮਾਂ ਦਾ ਕਤਲ ਕਰ ਦਿਤਾ ਸੀ ਅਤੇ ਚਾਰ ਮਹੀਨੇ ਪਹਿਲਾਂ ਹੀ ਉਹ ਜੇਲ ’ਚੋਂ ਵਾਪਸ ਆਇਆ ਸੀ।
ਜਾਣਕਾਰੀ ਦਿੰਦਿਆ ਪਿੰਡ ਨਿਵਾਸੀ ਪ੍ਰਗਟ ਸਿੰਘ ਨੇ ਦਸਿਆ ਕਿ ਮ੍ਰਿਤਕ ਜਗਦੀਪ ਸਿੰਘ ਅਤੇ ਉਸ ਦੇ ਪਿਤਾ ਰਾਮ ਸਿੰਘ ਪਿੰਡ ਵਿਚ ਅਲੱਗ ਘਰ ਵਿਚ ਰਹਿੰਦੇ ਸਨ ਜਦਕਿ ਛੋਟਾ ਭਰਾ ਦਲਵੀਰ ਸਿੰਘ ਵੱਖਰੇ ਘਰ ਵਿਚ ਰਹਿੰਦਾ ਸੀ। ਇਸ ਤੋਂ ਪਹਿਲਾਂ ਵੀ ਉਨ੍ਹਾਂ ਵਿਚਾਲੇ ਜ਼ਮੀਨੀ ਵਿਵਾਦ ਦੇ ਚਲਦਿਆਂ ਕਈ ਵਾਰ ਲੜਾਈ ਹੋਈ ਅਤੇ ਪੰਚਾਇਤ ਨੇ ਸਮਝੌਤਾ ਵੀ ਕਰਵਾਇਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਤਿੰਨੋਂ ਪਿਓ-ਪੁੱਤ ਨਸ਼ੇ ਦੇ ਆਦੀ ਸਨ।
ਉਧਰ ਜ਼ਖਮੀ ਰਾਮ ਸਿੰਘ ਨੇ ਦਸਿਆ ਕਿ ਉਸ ਦੇ ਛੋਟੇ ਬੇਟੇ ਨੇ ਨਸ਼ੇ ਵਿਚ ਆ ਕੇ ਵੱਡੇ ਲੜਕੇ ਦੀ ਕੁੱਟਮਾਰ ਕੀਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਸ ਉਤੇ ਵੀ ਬੇਰਹਿਮੀ ਨਾਲ ਹਮਲਾ ਕੀਤਾ।
ਸਮਰਾਲਾ ਪੁਲਿਸ ਦੇ ਐਸਐਚਓ ਰਾਉ ਵਰਿੰਦਰ ਸਿੰਘ ਨੇ ਦਸਿਆ ਕਿ ਉਨ੍ਹਾਂ ਨੂੰ ਸਮਰਾਲਾ ਦੇ ਨਜ਼ਦੀਕੀ ਪਿੰਡ ਪੂਨੀਆਂ ਵਿਚ ਇਕ ਪਰਵਾਰਕ ਲੜਾਈ ਦੀ ਜਾਣਕਾਰੀ ਮਿਲੀ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮ ਦਲਵੀਰ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮੁਕੱਦਮਾ ਦਰਜ ਕਰ ਅਗਰੇਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।
(For more Punjabi news apart from Punjab News: Murder of elder brother by younger brother samrala news, stay tuned to Rozana Spokesman)