ਮ੍ਰਿਤਕ ਦੇ ਮਾਪਿਆਂ ਨੇ ਪਤਨੀ ਤੇ ਲਗਾਏ ਖ਼ੁਦਕੁਸ਼ੀ ਲਈ ਉਕਸਾਉਣ ਦੇ ਆਰੋਪ
ਲੁਧਿਆਣਾ : ਆਈਲੈਟਸ ਕਰਵਾਉਣ ਮਗਰੋਂ ਵਿਆਹ ਤੇ 25 ਲੱਖ ਰੁਪਏ ਦਾ ਖਰਚਾ ਕਰਕੇ ਕੈਨੇਡਾ ਭੇਜੀ ਗਈ ਪਤਨੀ ਤੇ ਸਮਰਾਲਾ ਪੁਲਿਸ ਨੇ ਆਪਣੀ ਪਤੀ ਨੂੰ ਖੁਦਕੁਸ਼ੀ ਲਈ ਉਕਸਾਉਣ ਦੀ ਧਾਰਾ ਤਹਿਤ ਮਾਮਲਾ ਦਰਜ ਕੀਤਾ ਹੈ। ਮੁਲਜਮ ਦੀ ਪਛਾਣ ਸਿਮਰਨਜੀਤ ਕੌਰ ਪੁੱਤਰੀ ਗੁਰਜੰਟ ਸਿੰਘ ਵਾਸੀ ਪਿੰਡ ਚੋਮੋ ਤਹਿਸੀਲ ਤੇ ਥਾਣਾ ਪਾਇਲ ਵੱਜੋਂ ਹੋਈ ਹੈ।
ਖੁਦਕੁਸ਼ੀ ਕਰਨ ਵਾਲੇ ਨੌਜਵਾਨ ਗਗਨਦੀਪ ਸਿੰਘ ਦੇ ਪਿਤਾ ਸੋਹਣ ਸਿੰਘ ਵਾਸੀ ਪਿੰਡ ਗੋਸਲਾਂ ਦੀ ਸ਼ਿਕਾਇਤ ’ਤੇ ਇਹ ਮਾਮਲਾ ਕਰੀਬ 7 ਮਹੀਨਿਆਂ ਬਾਅਦ ਦਰਜ ਕੀਤਾ ਗਿਆ ਹੈ। ਪਹਿਲਾਂ ਪੁਲਿਸ ਵੱਲੋਂ ਮੌਕੇ ’ਤੇ 174 ਦੀ ਕਾਰਵਾਈ ਕੀਤੀ ਗਈ ਸੀ ਪਰ ਹੁਣ ਮ੍ਰਿਤਕ ਨੌਜਵਾਨ ਦੇ ਮੋਬਾਇਲ ਦੀ ਜਾਂਚ ਕਰਨ ਤੋਂ ਬਾਅਦ ਪੁਲਿਸ ਨੇ ਉਸ ਦੀ ਪਤਨੀ ਦੇ ਖਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਤਹਿਤ ਮਾਮਲਾ ਦਰਜ ਕੀਤਾ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਲੜਕੇ ਦੇ ਪਿਤਾ ਸੋਹਣ ਸਿੰਘ ਨੇ ਦੱਸਿਆ ਉਸ ਦੇ ਬੇਟੇ ਦਾ ਵਿਆਹ 5 ਸਤੰਬਰ 2021 ਨੂੰ ਸਿਮਰਨਜੀਤ ਕੌਰ ਨਾਲ ਹੋਇਆ ਸੀ ਤੇ ਉਸ ਦੇ ਪਰਿਵਾਰ ਨੇ ਕੈਨੇਡਾ ਭੇਜਣ ਦਾ ਸਾਰਾ ਖਰਚਾ ਕੀਤਾ ਸੀ। ਇਸ ਅਰਸੇ ਦੌਰਾਨ ਕੈਨੇਡਾ ਗਈ ਸਿਮਰਨਜੀਤ ਦੀ ਕਿਸੇ ਵਿਕਾਸ ਨਾਂਅ ਦੇ ਲੜਕੇ ਨਾਲ ਵੀ ਗੱਲਬਾਤ ਹੋ ਗਈ। ਜਿਸ ਦਾ ਪਤਾ ਗਗਨਦੀਪ ਨੂੰ ਲੱਗਿਆ ਤਾਂ ਉਸ ਨੇ ਸਿਮਰਨਜੀਤ ਨੂੰ ਇਸ ਗੱਲ ਤੋਂ ਟੋਕਿਆ। ਉਸ ਤੋਂ ਬਾਅਦ 8 ਜੁਲਾਈ 2022 ਨੂੰ ਇਨ੍ਹਾਂ ਦੋਹਾਂ ਦੀ ਆਪਸ ਵਿਚ ਲੜਾਈ ਤੇ ਬਹਿਸਬਾਜੀ ਹੋਈ ਤਾਂ ਸਿਮਰਨਜੀਤ ਨੇ ਗਗਨਦੀਪ ਨੂੰ ਖੁਦਕੁਸ਼ੀ ਕਰਨ ਦੀ ਧਮਕੀ ਦੇ ਕੇ ਉਸ ਦੇ ਨੰਬਰ ’ਤੇ ਆਤਮਹੱਤਿਆ ਕਰਨ ਲਈ ਫਰਜੀ ਸੁਸਾਇਡ ਨੋਟ ਲਿੱਖ ਕੇ ਭੇਜ ਦਿੱਤਾ ਪਰ ਆਤਮਹੱਤਿਆ ਨਹੀਂ ਕੀਤੀ। ਇਹ ਸੁਸਾਇਡ ਨੋਟ ਵੇਖਕੇ ਉਨ੍ਹਾਂ ਦਾ ਬੇਟਾ ਸਦਮੇ ‘ਚ ਚਲਾ ਗਿਆ ਤੇ ਉਸ ਨੇ ਚੁਬਾਰੇ ‘ਚ ਜਾ ਕੇ ਖੁਦਕੁਸ਼ੀ ਕਰ ਲਈ।
ਥਾਣਾ ਮੁਖੀ ਭਿੰਦਰ ਸਿੰਘ ਖੰਗੂੜਾ ਨੇ ਦੱਸਿਆ ਕਿ ਪੁਲਿਸ ਵੱਲੋਂ ਉਕਤ ਮਾਮਲੇ ਦੀ ਤਫਤੀਸ਼ ਕਰਨ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਤੇ ਅਗਲੀ ਕਾਰਵਾਈ ਜਾਰੀ ਹੈ।