ਪਟਵਾਰੀ ਗ੍ਰਿਫ਼ਤਾਰ; ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਟੀਮਾਂ ਬਣਾਈਆਂ
ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਆਪਣੀ ਮੁਹਿੰਮ ਦੌਰਾਨ ਸਬ ਤਹਿਸੀਲ ਅਟਾਰੀ ਵਿਖੇ ਤਾਇਨਾਤ ਨਾਇਬ ਤਹਿਸੀਲਦਾਰ ਅਮਰਜੀਤ ਸਿੰਘ ਅਤੇ ਪਟਵਾਰੀ ਬਲਵਿੰਦਰਜੀਤ ਸਿੰਘ ਵੱਲੋਂ ਆਪਣੇ ਸਰਕਾਰੀ ਅਹੁਦਿਆਂ ਦੀ ਦੁਰਵਰਤੋਂ ਕਰਨ ਅਤੇ ਮਾਲ ਰਿਕਾਰਡ ਨਾਲ ਛੇੜਛਾੜ ਕਰਦਿਆਂ ਇੱਕ ਔਰਤ ਦੇ ਨਾਮ 'ਤੇ ਜ਼ਮੀਨ ਦਾ ਤਬਾਦਲਾ ਕਰਕੇ ਉਸਨੂੰ ਲਾਭ ਪਹੁੰਚਾਉਣ ਦੇ ਦੋਸ਼ ਹੇਠ ਉਕਤ ਤਿੰਨਾਂ ਮੁਲਜ਼ਮਾਂ ਖਿਲਾਫ਼ ਅਪਰਾਧਕ ਮਾਮਲਾ ਦਰਜ ਕੀਤਾ ਹੈ।
ਇਸ ਮਾਮਲੇ ਵਿੱਚ ਮਾਲ ਹਲਕਾ ਨੇਸ਼ਟਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਤਾਇਨਾਤ ਉਕਤ ਪਟਵਾਰੀ ਬਲਵਿੰਦਰਜੀਤ ਸਿੰਘ (ਹੁਣ ਕਾਨੂੰਗੋ), ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ੀ ਮੁਲਾਜ਼ਮਾਂ ਅਤੇ ਮਹਿਲਾ ਖਿਲਾਫ਼ ਇਹ ਮਾਮਲਾ ਵਿਜੀਲੈਂਸ ਜਾਂਚ ਤੋਂ ਬਾਅਦ ਦਰਜ ਕੀਤਾ ਗਿਆ ਹੈ। ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਮਾਲ ਕਰਮਚਾਰੀਆਂ ਨੇ ਉਕਤ ਔਰਤ ਹਰਜੀਤ ਕੌਰ ਵਾਸੀ ਪਿੰਡ ਮੁਹਾਵਾ ਜ਼ਿਲ੍ਹਾ ਅੰਮ੍ਰਿਤਸਰ ਨਾਲ ਮਿਲੀਭੁਗਤ ਕਰਕੇ 79 ਮਰਲੇ ਜ਼ਮੀਨ ਉਸ ਦੇ ਨਾਂ ਕਰਵਾ ਦਿੱਤੀ ਸੀ।
ਉਨ੍ਹਾਂ ਅੱਗੇ ਦੱਸਿਆ ਕਿ ਉਕਤ ਔਰਤ ਦੇ ਨਾਂ 'ਤੇ ਜ਼ਮੀਨ ਦਾ ਤਬਾਦਲਾ ਕਰਦੇ ਸਮੇਂ ਉਮਤ ਦੋਸ਼ੀ ਕਰਮਚਾਰੀਆਂ ਨੇ ਸਰਕਾਰੀ ਮਾਲ ਰਿਕਾਰਡ ਨਾਲ ਛੇੜਛਾੜ ਕੀਤੀ ਕਿਉਂਕਿ ਉਕਤ ਜ਼ਮੀਨ ਦੇ ਮਾਲਕ ਦੀ ਸਾਲ 1959 'ਚ ਮੌਤ ਹੋ ਗਈ ਸੀ ਅਤੇ ਹੁਣ ਫਰਜ਼ੀ ਵਸੀਕੇ ਦੀਆਂ ਫੋਟੋ ਕਾਪੀਆਂ ਆਧਾਰ 'ਤੇ ਅਤੇ ਜ਼ਮੀਨ ਮਾਲਕਾਂ ਦੀ ਮੌਕੇ ‘ਤੇ ਮੌਜੂਦਗੀ ਤੋ ਬਿਨਾਂ ਹੀ ਜ਼ਮੀਨ ਦਾ ਉਸ ਔਰਤ ਦੇ ਨਾਮ ਤਬਾਦਲਾ ਕੀਤਾ ਗਿਆ।
ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸਬੰਧ ਵਿੱਚ ਉਪਰੋਕਤ ਸਾਰੇ ਮੁਲਜ਼ਮਾਂ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 420, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀ ਧਾਰਾ 7 ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਅੰਮ੍ਰਿਤਸਰ ਰੇਂਜ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।