
Fazilka murder case : ਹਫ਼ਤਾ ਪਹਿਲਾਂ ਮਲੂਕਪੁਰਾ ਪਿੰਡ ਨੇੜੇ ਖੇਤਾਂ ਵਿਚੋਂ ਮਿਲੀ ਸੀ ਲਾਸ਼
Police solves Fazilka murder case, arrests three youths Latest News in Punjabi : ਫ਼ਾਜ਼ਿਲਕਾ ਜ਼ਿਲ੍ਹਾ ਦੇ ਅਬੋਹਰ ਵਿਚ ਹਲਕਾ ਬੱਲੂਆਣਾ ਦੇ ਪਿੰਡ ਮਲੂਕਪੁਰਾ ਵਾਸੀ ਮੋਟਰਸਾਈਕਲ ਮਕੈਨਿਕ ਖ਼ੁਸ਼ਹਾਲ ਚੰਦ ਦੀ ਬੀਤੀ 21 ਮਾਰਚ ਨੂੰ ਲਾਸ਼ ਮਲੂਕ ਪੂਰਾ ਪਿੰਡ ਨੇੜੇ ਖੇਤਾਂ ਵਿਚੋਂ ਮਿਲੀ ਸੀ। ਇਸ ਮਾਮਲੇ ਵਿਚ ਪੁਲਿਸ ਵਲੋਂ ਤਫ਼ਤੀਸ਼ ਕੀਤੀ ਜਾ ਰਹੀ ਸੀ ਤੇ ਆਖ਼ਰਕਾਰ ਅੱਜ ਪੁਲਿਸ ਨੇ ਇਸ ਕਤਲ ਮਾਮਲੇ ਵਿਚ ਤਿੰਨ ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ ਹੈ।
ਇਸ ਸਬੰਧੀ ਐਸ.ਪੀ ਪਰਦੀਪ ਸੰਧੂ ਨੇ ਦਸਿਆ ਕਿ ਕਰੀਬ 14 ਸਾਲ ਪਹਿਲਾ ਖ਼ੁਸ਼ਹਾਲ ਚੰਦ ਦੇ ਭਰਾਵਾਂ ਦੀ ਇਕ ਦੀਵਾਰ ਨੂੰ ਲੈ ਕੇ ਪਿੰਡ ਦੇ ਹੀ ਵਾਸੀ ਰਮੇਸ਼ ਕੁਮਾਰ ਨਾਮ ਦੇ ਵਿਅਕਤੀ ਨਾਲ ਲੜਾਈ ਹੋਈ ਸੀ। ਜਿਸ ਦੌਰਾਨ ਖ਼ੁਸ਼ਹਾਲ ਚੰਦ ਦੇ ਭਰਾਵਾਂ ਵਲੋ ਰਮੇਸ਼ ਕੁਮਾਰ ਦੇ ਸਿਰ 'ਤੇ ਕੋਈ ਭਾਰੀ ਚੀਜ਼ ਨਾਲ ਵਾਰ ਕੀਤਾ ਗਿਆ ਸੀ। ਜਿਸ ਨਾਲ ਰਮੇਸ਼ ਕੁਮਾਰ ਅਪਣਾ ਦਿਮਾਗੀ ਸੰਤੁਲਨ ਖੋ ਬੈਠਾ ਸੀ।
ਪਿੱਛੇ ਜਿਹੇ ਰਮੇਸ਼ ਕੁਮਾਰ ਦੇ ਘਰ ਕੋਈ ਪ੍ਰੋਗਰਾਮ ਸੀ ਤਾਂ ਪਾਰਸ ਵੱਡੀ ਪਿੰਡ ਦੀਵਾਨ ਖੇੜਾ (ਦਿਮਾਗੀ ਸੰਤੁਲਨ ਖੋ ਬੈਠਾ ਰਮੇਸ਼ ਦਾ ਭਾਣਜਾ) ਵੀ ਆਇਆ ਤੇ ਅਪਣੇ ਮਾਮੇ ਦੀ ਹਾਲਤ ਵੇਖ ਕੇ ਉਸ ਨੇ ਬਦਲਾ ਲੈਣ ਦਾ ਸੋਚਿਆ ਤੇ ਆਖ਼ਰ ਉਸ ਨੇ ਅਪਣੇ ਦੋ ਸਾਥੀਆਂ ਜਿਨ੍ਹਾਂ ਦੀ ਪਹਿਚਾਣ ਪਾਵਨ ਅਤੇ ਰਾਹੁਲ ਕੁਮਾਰ ਵਜੋਂ ਹੋਈ ਹੈ ਦੇ ਨਾਲ ਰਲ ਕੇ ਖ਼ੁਸ਼ਹਾਲ ਚੰਦ ਦਾ ਕਤਲ ਕਰ ਦਿਤਾ। ਪੁਲਿਸ ਨੇ ਤਿੰਨੇ ਨੋਜਵਾਨਾਂ ਨੂੰ ਗ੍ਰਿਫ਼ਤਾਰ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ ।