
Punjab News : 800 ਮਹਿਲਾਵਾਂ ਨੂੰ ਰਹਿਣ ਦੀ ਮਿਲੇਗੀ ਸਹੂਲਤ, 150 ਕਰੋੜ ਰੁਪਏ ਦੀ ਲਾਗਤ ਨਾਲ ਹੋਵੇਗਾ ਨਿਰਮਾਣ
Punjab News in Punjabi : ਪੰਜਾਬ ਸਰਕਾਰ ਕੰਮਕਾਜੀ ਮਹਿਲਾਵਾਂ ਦੀ ਸਹੂਲਤ ਅਤੇ ਸੁਖਾਲੇ ਵਾਤਾਵਰਣ ਲਈ ਨਵੀਨਤਮ ਕੋਸ਼ਿਸ਼ਾਂ ਕਰ ਰਹੀ ਹੈ। ਇਨ੍ਹਾਂ ਉਪਰਾਲਿਆਂ ਅਧੀਨ, ਪੰਜਾਬ ਵਿੱਚ ਪਹਿਲੀ ਵਾਰ 6 ਵਰਕਿੰਗ ਵੂਮੈਨ ਹੋਸਟਲਾਂ ਦੀ ਉਸਾਰੀ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਅੱਜ ਵਿਧਾਨ ਸਭਾ 'ਚ ਵਿਧਾਇਕ ਕੁਲਵੰਤ ਸਿੰਘ ਦੇ ਸਵਾਲ ਦੇ ਜਵਾਬ ਵਿੱਚ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦਿੱਤੀ।
ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਹ ਹੋਸਟਲ ਮੋਹਾਲੀ, ਜਲੰਧਰ, ਅੰਮ੍ਰਿਤਸਰ ਅਤੇ ਬਠਿੰਡਾ ਵਿੱਚ ਬਣਾਏ ਜਾਣਗੇ। ਮੋਹਾਲੀ ਜ਼ਿਲ੍ਹੇ ਵਿੱਚ 3 ਹੋਸਟਲ, ਜਲੰਧਰ, ਅੰਮ੍ਰਿਤਸਰ ਅਤੇ ਬਠਿੰਡਾ ਵਿੱਚ 1-1 ਹੋਸਟਲ ਬਣਾਇਆ ਜਾਵੇਗਾ। ਇਹਨਾਂ ਹੋਸਟਲਾਂ ਦੀ ਉਸਾਰੀ 'ਤੇ ਲਗਭਗ 150 ਕਰੋੜ ਰੁਪਏ ਦਾ ਖਰਚਾ ਆਉਣ ਦੀ ਸੰਭਾਵਨਾ ਹੈ ਅਤੇ ਇਹਨਾਂ ਵਿੱਚ ਕੁੱਲ 800 ਕੰਮਕਾਜੀ ਮਹਿਲਾਵਾਂ ਲਈ ਰਹਿਣ ਦੀ ਸੁਵਿਧਾ ਉਪਲੱਬਧ ਹੋਵੇਗੀ।
ਉਨ੍ਹਾਂ ਕਿਹਾ ਕਿ ਇਹ ਨਿਰਮਾਣ ਕਾਰਜ ਮਈ 2025 ਤੱਕ ਸ਼ੁਰੂ ਹੋ ਜਾਵੇਗਾ ਅਤੇ 31 ਮਾਰਚ 2026 ਤੱਕ ਪੂਰਾ ਕਰ ਲਿਆ ਜਾਵੇਗਾ।
ਮੰਤਰੀ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਮਹਿਲਾਵਾਂ ਦੀ ਭਲਾਈ, ਸੁਵਿਧਾ ਅਤੇ ਸਸ਼ਕਤੀਕਰਨ ਲਈ ਦ੍ਰਿੜ੍ਹ ਵਚਨਬੱਧ ਹੈ। ਸਰਕਾਰ ਇਸ ਦਿਸ਼ਾ ਵਿੱਚ ਲਗਾਤਾਰ ਨਵੇਂ ਕਦਮ ਚੁੱਕ ਰਹੀ ਹੈ, ਤਾਂ ਜੋ ਮਹਿਲਾਵਾਂ ਨੂੰ ਸੁਰੱਖਿਅਤ ਅਤੇ ਆਤਮਨਿਰਭਰ ਜੀਵਨ ਜਿਉਣ ਲਈ ਪੂਰਾ ਮੌਕਾ ਮਿਲੇ।
(For more news apart from Punjab Government's new initiative convenience working women, 6 new working women hostels to be built: Dr. Baljit Kaur News in Punjabi, stay tuned to Rozana Spokesman)