
ਖੁੱਡਾ ਅਲੀਸ਼ੇਰ 'ਚ ਨਾਜਾਇਜ਼ ਮਕਾਨਾਂ 'ਤੇ ਚਲਿਆ ਪੀਲਾ ਪੰਜਾ
ਚੰਡੀਗੜ੍ਹ, 27 ਅਪ੍ਰੈਲ (ਸਰਬਜੀਤ ਢਿੱਲੋਂ) : ਚੰਡੀਗੜ੍ਹ ਅਸਟੇਟ ਦਫ਼ਤਰ ਵਲੋਂ ਯੂ.ਟੀ. ਦੇ ਪਿੰਡ ਖੁੱਡਾ ਅਲੀਸ਼ੇਰ ਦੀ ਐਕਵਾਇਰ ਖੇਤੀਬਾੜੀ ਵਾਲੀ ਜ਼ਮੀਨ 'ਤੇ ਉਸਾਰੇ ਗਏ 60 ਤੋਂ ਵੱਧ ਨਾਜਾਇਜ਼ ਮਕਾਨਾਂ ਨੂੰ ਪੀਲੇ ਪੰਜੇ ਨਾਲ ਤੋੜ ਗਿਰਾਇਆ। ਇਸ ਮੌਕੇ ਦੋ ਘੰਟੇ ਤੋਂ ਵੱਧ ਸਮਾਂ ਚੱਲੇ ਭਾਰੀ ਅਭਿਆਨ ਵਿਰੁਧ ਚੰਡੀਗੜ੍ਹ ਕਾਂਗਰਸ ਕਮੇਟਂ ਦੇ ਵਰਕਰਾਂ ਅਤੇ ਲੋਕਾਂ ਦੇ ਸੱਟਾਂ ਵੀ ਲੱਗੀਆਂ ਜਿਨ੍ਹਾਂ ਨੂੰ ਪੁਲਿਸ ਨੇ ਹਸਪਤਾਲ ਵੀ ਪਹੁੰਚਾਇਆ। ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਦੀ ਅਗਵਾਈ ਵਿਚ ਪ੍ਰਸ਼ਾਸਨ ਵਲੋਂ ਗਰੀਬਾਂ ਦੇ ਤੋੜੇ ਜਾ ਰਹੇ ਮਕਾਨਾਂ ਦੀ ਕਾਰਵਾਈ ਵਿਰੁਧ ਭਾਰੀ ਰੋਸ ਮੁਜ਼ਾਹਰੇ ਵੀ ਕੀਤੇ। ਇਸ ਮੌਕੇ ਤਾਇਨਾਤ ਚੰਡੀਗੜ੍ਹ ਪੁਲਿਸ ਦੇ 600 ਤੋਂ ਵੱਧ ਮੁਲਾਜ਼ਮਾਂ ਨਾਲ ਲੋਕਾਂ ਦੀਆਂ ਤਿੱਖੀਆਂ ਝੜਪਾਂ ਵੀ ਹੋਈਆਂ। ਇਸ ਦੌਰਾਨ ਭਾਰੀ ਗਰਤੀ ਵਿਚ ਕਈ ਲੋਕ ਗੰਭੀਰ ਜ਼ਖ਼ਮੀ ਵੀ ਹੋ ਗਏ। ਸਿਟੀ ਪੁਲਿਸ ਵਲੋਂ ਵਿਰੁਧ ਕਰ ਰਹੇ 100 ਦੇ ਕਰੀਬ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਮਗਰੋਂ ਰਿਹਾਅ ਕਰ ਦਿਤਾ। ਇਸ ਮੌਕੇ ਚੰਡੀਗੜ੍ਹ ਪ੍ਰਸ਼ਾਸਨ ਦੋ ਤਾਇਨਾਤ ਐਸ.ਡੀ.ਐਮ. ਅਰਜਨ ਸਰਵਰ ਤੇ ਵਿਰਾਟ ਮੌਜੂਦ ਸਨ। ਉਨ੍ਹਾਂ ਦੀ ਅਗਵਾਈ ਵਿਚ ਇਹ ਮੁਹਿੰਮ ਸਵੇਰੇ 10 ਵਜੇ ਸ਼ੁਰੂ ਹੋਈ। ਇਸ ਮੌਕੇ ਐਸ.ਡੀ.ਐਮ. ਅਰਜਨ ਕੁਮਾਰ ਸਰਵਰ ਨੇ ਦਸਿਆ ਕਿ ਖੁੱਡਾ ਅਲੀਸ਼ੇਰ ਵਿਚ ਲਗਭਗ 8.5 ਏਕੜ ਜ਼ਮੀਨ 'ਤੇ ਲੋਕਾਂ ਨੇ ਨਾਜਾਇਜ਼ ਉਸਾਰੀਆਂ ਕੀਤੀਆਂ ਹੋਈਆਂ ਸਨ ਜਿਸ ਨੂੰ ਤੋੜਨ ਲਈ ਨੋਟਿਸ ਵੀ ਭੇਜੇ ਗਏ ਸਨ ਪਰ ਕਿਸੇ ਨੇ ਪ੍ਰਵਾਹ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਇਹ ਲਾਲ ਡੋਰੇ ਤੋਂ ਬਾਹਰ ਬਣੇ ਕੱਚੇ-ਪੱਕੇ ਮਕਾਨ ਸਨ ਜਦਕਿ ਹੋਰ ਕਾਫ਼ੀ ਏਰੀਏ 'ਚ ਪੱਕੇ ਬਣੇ ਮਕਾਨਾਂ ਨੂੰ ਹਾਲੇ ਛੇੜਿਆ ਨਹੀਂ ਗਿਆ। ਅੱਜ ਤੋੜੇ ਗਏ 60 ਦੇ ਕਰੀਬ ਮਕਾਨ ਸਨ।
Arresting People of Khudda village
ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਆਉਂਦੇ ਦਿਨਾਂ ਵਿਚ ਸ਼ਹਿਰ 'ਚ ਨਾਜਾਇਜ਼ ਤੌਰ 'ਤੇ ਕਾਬਜ਼ ਲੋਕਾਂ ਕੋਲੋਂ ਸਰਕਾਰੀ ਜ਼ਮੀਨਾਂ ਖ਼ਾਲੀ ਕਰਾਉਣ ਦਾ ਟੀਚਾ ਹੈ। ਇਸ ਮੌਕੇ ਪ੍ਰਸ਼ਾਸਨ ਦੀ ਇਸ ਮੁਹਿੰਮ ਦਾ ਜ਼ੋਰਦਾਰ ਵਿਰੋਧ ਕਰ ਰਹੇ ਕਾਂਗਰਸ ਦੇ ਸੀਨੀਅਰ ਨੇਤਾ ਪਵਨ ਬਾਂਸਲ ਨੇ ਕਿਹਾ ਕਿ ਕੇਂਦਰ 'ਚ ਭਾਜਪਾ ਸਰਕਾਰ ਦੀਆਂ ਗ਼ਰੀਬ ਮਾਰੂ ਨੀਤੀਆਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ। ਉਨ੍ਹਾਂ ਕਿਹਾ ਕਿ ਇਸ ਪਾਸੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੰਸਦ ਮੈਂਬਰ ਕਿਰਨ ਖੇਰ ਸ਼ਹਿਰ ਵਿਚ ਗ਼ਰੀਬਾਂ ਨੂੰ ਪੱਕੇ ਮਕਾਨ ਬਣਾ ਕੇ ਦੇਣ ਦੀਆਂ ਝੂਠੀਆਂ ਨੀਤੀਆਂ ਨਾਲ ਲੁਭਾਉਂਦੇ ਨਹੀਂ ਥੱਕਦੇ ਅਤੇ ਦੂਜੇ ਪਾਸੇ ਗ਼ਰੀਬਾਂ ਦੇ ਸਿਰਾਂ ਤੋਂ ਛੱਤਾਂ ਉਧੇੜ ਕੇ ਘਰੋਂ ਬੇਘਰ ਕੀਤਾ ਜਾ ਰਿਹਾ ਹੈ। ਇਸ ਮੌਕੇ ਕਾਂਗਰਸ ਪ੍ਰਧਾਨ ਪ੍ਰਦੀਪ ਛਾਬੜਾ, ਸਾਬਕਾ ਡਿਪਟੀ ਮੇਅਰ ਭੁਪਿੰਦਰ ਸਿੰਘ ਬਡਹੇੜੀ, ਨਿਗਮ 'ਚ ਵਿਰੋਧੀ ਧਿਰ ਦੇ ਨੇਤਾ ਤੇ ਕੌਂਸਲਰ ਦਵਿੰਦਰ ਬਬਲਾ, ਸਾਬਕਾ ਮੇਅਰ ਸੁਭਾਸ਼ ਚਾਵਲਾ ਅਤੇ ਮਹਿਲਾ ਕੌਂਸਲਰ ਅਤੇ ਮਹਿਲਾ ਕਾਂਗਰਸ ਅਤੇ ਯੂਥ ਕਾਂਗਰਸ ਦੇ ਵੱਡੀ ਗਿਣਤੀ ਵਿਚ ਵਰਕਰਾਂ ਨੇ ਪ੍ਰਸ਼ਾਸਨ ਵਿਰੁਧ ਜ਼ੋਰਦਾਰ ਨਾਹਰੇਬਾਜ਼ੀ ਕੀਤੀ ਅਤੇ ਕਾਫ਼ੀ ਦੇਰ ਧੱਕਾ-ਮੁੱਕੀ ਵੀ ਹੋਏ। ਪੁਲਿਸ ਦੀਆਂ ਮਹਿਲਾਂ ਅਧਿਕਾਰੀਆਂ ਨੇ ਵੀ ਕਾਫ਼ੀ ਮੁਸ਼ੱਕਤ ਕੀਤੀ। ਇਸ ਮੌਕੇ ਪੁਲਿਸ ਵਲੋਂ ਪੀਲੇ ਪੰਜੇ ਤੇ ਬਖਤਰ ਬੰਦ ਗੱਡੀਆਂ ਨਾਲ ਧਰਨਾਕਾਰੀਆਂ 'ਤੇ ਪਾਣੀ ਦੀਆਂ ਬੁਛਾੜਾਂ ਵੀ ਮਾਰੀਆਂ, ਜਿਸ ਨਾਲ ਕਈ ਕਾਂਗਰਸੀ ਨੇਤਾਵਾਂ ਤੇ ਲੋਕਾਂ ਨੂੰ ਸੱਟਾ ਵੀ ਲੱਗੀਆ।