
ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਆਏ 5 ਸ਼ਰਧਾਲੂਆਂ ਦੀ ਰੀਪੋਰਟ ਪਾਜ਼ੇਟਿਵ
ਸ੍ਰੀ ਖਡੂਰ ਸਾਹਿਬ, 27 ਅਪ੍ਰੈਲ (ਕੁਲਦੀਪ ਸਿੰਘ ਮਾਨ ਰਾਮਪੁਰ) : ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ਤੋਂ ਵਾਪਸ ਆਈ ਸੰਗਤ ਵਿਚੋਂ 5 ਵਿਅਕਤੀਆਂ ਨੂੰ ਕੋਰੋਨਾ ਹੋਣ ਨਾਲ ਤਰਨ ਤਾਰਨ ਜ਼ਿਲ੍ਹੇ ਵਿਚ ਕੋਰੋਨਾ ਨੇ ਦਸਤਕ ਦੇ ਦਿਤੀ ਹੈ। ਦਸਿਆ ਜਾ ਰਿਹਾ ਹੈ ਕਿ ਹਜੂਰ ਸਾਹਿਬ ਤੋਂ ਪਰਤੀ ਸੰਗਤ ਵਿਚੋਂ ਕੋਰੋਨਾ ਵਾਇਰਸ਼ ਨਾਲ ਪਾਜ਼ੇਟਿਵ ਪਾਏ ਗਏ ਇਹ ਪੰਜੇ ਵਿਅਕਤੀ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਸੁਰਸਿੰਘ ਦੇ ਵਾਸੀ ਹਨ।
ਇਨ੍ਹਾਂ ਪੰਜਾਂ ਵਿਅਕਤੀਆਂ ਦੇ ਲਏ ਗਏ ਸੈਂਪਲ ਕਲ ਸ਼ਨੀਵਾਰ ਨੂੰ ਜਾਂਚ ਲਈ ਅੰਮ੍ਰਿਤਰ ਵਿਖੇ ਮੈਡੀਕਲ ਕਾਲਜ ਵਿਚ ਭੇਜੇ ਗਏ ਸਨ, ਜਿਸ ਦੀ ਰੀਪੋਰਟ ਅੱਜ ਆਉਣ 'ਤੇ ਪੰਜ ਵਿਆਕਤੀਆਂ ਦੇ ਕੋਰੋਨਾ ਵਾਇਰਸ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ। ਪ੍ਰਸ਼ਾਸਨ ਵਲੋਂ ਜਿਥੇ ਸੁਰਸਿੰਘ ਇਲਾਕੇ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰ ਦਿਤਾ ਗਿਆ ਹੈ, ਉਥੇ ਸਿਹਤ ਵਿਭਾਗ ਦੀ ਟੀਮ ਵਲੋਂ ਸਬੰਧਤ ਵਿਅਕਤੀਆਂ ਦੇ ਘਰ ਜਾ ਕੇ ਉਨ੍ਹਾਂ ਨੂੰ ਇਲਾਜ ਲਈ ਤਰਨ ਤਾਰਨ ਦੇ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਜਾ ਰਿਹਾ ਹੈ।
ਦੱਸ ਦਈਏ ਕਿ ਲਾਕਡਾਊਨ ਦੇ ਚਲਦਿਆਂ ਜ਼ਿਲ੍ਹਾ ਤਰਨਤਾਰਨ ਗਰੀਨ ਜ਼ੋਨ ਵਿਚ ਚਲ ਰਿਹਾ ਸੀ ਪਰ ਹੁਣ ਇਨ੍ਹਾਂ ਪੰਜਾਂ ਵਿਅਕਤੀਆਂ ਦੇ ਪਾਜ਼ੇਟਿਵ ਪਾਏ ਜਾਣ ਕਾਰਨ ਤਰਨਤਾਰਨ ਜ਼ਿਲ੍ਹੇ ਵਿਚ ਵੀ ਕੋਰੋਨਾ ਦਾ ਕਹਿਰ ਸ਼ੁਰੂ ਹੋ ਚੁੱਕਾ ਹੈ।