
ਬੇਅਦਬੀ ਦੇ ਨਾਂ ’ਤੇ ਰਾਜਨੀਤੀ ਕੀਤੀ ਅਤੇ ਲੱਖਾਂ ਕਰੋੜਾਂ ਦਾ ਖ਼ਰਚ ਕਰਵਾਇਆ ਗਿਆ : ਰਾਜਾਸਾਂਸੀ
ਬੇਅਦਬੀ ਦੇ ਦੋਸ਼ੀਆਂ ਲਈ ਪਿੰਡਾਂ ’ਚ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ
ਅੰਮਿ੍ਰਤਸਰ, 27 ਅਪ੍ਰੈਲ (ਸੁਖਵਿੰਦਰਜੀਤ ਸਿੰਘ ਬਹੋੜੂ): ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਅਤੇ ਸੀਨੀਅਰ ਅਕਾਲੀ ਸ. ਰਘਬੀਰ ਸਿੰਘ ਰਾਜਾਸਾਂਸੀ ਨੇ ਅਖ਼ਬਾਰਾਂ ਵਿਚ ਛਪੀਆਂ ਖ਼ਬਰਾਂ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਦੀ ਜਾਂਚ ਨਾ ਤਾਂ ਅਕਾਲੀ ਸਰਕਾਰ ਕਰ ਸਕੀ ਅਤੇ ਨਾ ਹੀ ਇਸ ਦਾ ਇਨਸਾਫ਼ ਦਿਵਾਉਣ ਦਾ ਵਾਅਦਾ ਕਰ ਕੇ ਪੰਜਾਬ ਕਾਂਗਰਸ ਵਲੋਂ ਚੋਣਾਂ 2017 ਵਿਚ ਬਣਾਈ ਕੈਪਟਨ ਸਰਕਾਰ ਹੀ ਲੋਕਾਂ ਨੂੰ ਇਨਸਾਫ਼ ਨਹੀ ਦੇ ਸਕੀ।
ਰਾਜਾਸਾਂਸੀ ਨੇ ਕਿਹਾ ਕਿ ਦੋਸ਼ੀਆਂ ਵਲੋਂ ਜੂਨ 2015 ਵਿਚ ਬਹਿਬਲ ਕਲਾਂ ਗੁਰਦਵਾਰਾ ਸਾਹਿਬ ਤੋਂ ਮਹਾਰਾਜ ਦਾ ਸਰੂਪ ਚੋਰੀ ਕਰ ਕੇ ਉਸ ਦੇ ਇਸ਼ਤਿਹਾਰ ਲਗਾਏ। ਸਤੰਬਰ 2015 ਵਿਚ ਸੌਦਾ ਸਾਧ ਨੂੰ ਅਕਾਲ ਤਖ਼ਤ ਸਾਹਿਬ ਤੋਂ ਜਬਰੀ ਮਾਫ਼ੀ ਦਿਵਾਉਣ ਅਤੇ ਅਕਤੂਬਰ 2015 ਵਿਚ ਗੁਰੂ ਗ੍ਰੰਥ ਸਾਹਿਬ ਬੇਅਦਬੀ ਹੋਣ ਤੋਂ ਬਾਅਦ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਰੋਸ ਮੁਜ਼ਾਹਰਾ ਕਰ ਰਹੇ ਨਿਹੱਥੇ ਸਿੱਖਾਂ ਨੂੰ ਪੁਲਿਸ ਦੀਆਂ ਗੋਲੀਆਂ ਚਲਾ ਕੇ ਦੋ ਨੌਜਵਾਨਾਂ ਨੂੰ ਸ਼ਹੀਦ ਕਰਨ ਤੋਂ ਬਾਅਦ ਪੰਥਕ ਸਰਕਾਰ ਕਹਾਉਣ ਵਾਲੀ ਬਾਦਲ ਦੀ ਸਰਕਾਰ ਦੋਸ਼ੀਆਂ ਦਾ ਪਤਾ ਲਗਾਉਣ ਅਤੇ ਸਜ਼ਾ ਦਿਵਾਉਣ ਦੀ ਬਜਾਏ ਸ਼ਹੀਦ ਹੋਏ ਨੌਜਵਾਨਾਂ ਦੇ ਪ੍ਰਵਾਰਾਂ ਨੂੰ ਵੀ ਡੇਢ ਸਾਲ ਤਕ ਇਨਸਾਫ਼ ਨਹੀਂ ਦਵਾ ਸਕੀ। ਕੈਪਟਨ ਸਰਕਾਰ ਨੇ ਜਿਸ ਤਰੀਕੇ ਨਾਲ ਵਿਧਾਨ ਸਭਾ ਵਿਚ ਮਤਾ ਪਾਸ ਕਰ ਕੇ ਜਸਟਿਸ ਰਣਜੀਤ ਸਿੰਘ ਦੀ ਰੀਪੋਰਟ ਦੇ ਆਧਾਰ ਤੇ ਸਾਲ 2018 ਵਿਚ ਦੁਬਾਰਾ ਐਫ਼ਆਈਆਰ ਦਰਜ ਕਰ ਕੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੀ ਨਵੀਂ ਸਿਟ ਬਣਾਈ ਜਿਸ ਨੇ ਵੱਡੀ ਮਿਹਨਤ ਕਰ ਕੇ ਅਦਾਲਤ ਵਿਚ 9 ਚਲਾਨ ਪੇਸ਼ ਕਰ ਦਿਤੇ, ਜਿਨ੍ਹਾਂ ਵਿਚ ਵੱਡੇ ਛੋਟੇ ਪੁਲਿਸ ਅਧਿਕਾਰੀਆਂ ਦੇ ਨਾਂ ਸਾਹਮਣੇ ਆਏ ਜਿਸ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਨੌਕਰੀ ਤੋਂ ਮੁਅੱਤਲ ਕਰ ਦਿਤਾ ਇਸ ਨਾਲ ਆਸ ਬਨਣ ਲੱਗੀ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਮਿਲੇਗੀ।
ਹੁਣ ਵਾਰੀ ਹੈ ਸਾਲ 2022 ਵਿਚ ਜਿਨ੍ਹਾਂ ਲੋਕਾਂ ਨੇ ਬੇਅਦਬੀ ਦੇ ਨਾਂ ’ਤੇ ਰਾਜਨੀਤੀ ਕੀਤੀ ਤੇ ਲੱਖਾਂ ਕਰੋੜਾਂ ਦਾ ਖ਼ਰਚ ਕਰਵਾ ਦਿਤਾ। ਉਨ੍ਹਾਂ ਨੂੰ ਸਿੱਖ ਸੰਗਤਾਂ ਸਬਕ ਸਿਖਾਉਣ ਵਾਸਤੇ ਪਿੰਡ-ਪਿੰਡ ਤਿਆਰ ਹੋ ਰਹੀਆਂ ਹਨ।