
ਕੇਜਰੀਵਾਲ ਦੇ ਸੰਤਰੀ ਵਜੋਂ ਕੰਮ ਕਰ ਰਹੇ ਹਨ ਭਗਵੰਤ ਮਾਨ : ਨਵਜੋਤ ਸਿੱਧੂ
ਪੰਜਾਬ ਸਰਕਾਰ ਕਣਕ ਦੇ ਘੱਟ ਝਾੜ ਕਾਰਨ ਬੋਨਸ ਤੇ ਮੁਆਵਜ਼ਾ ਦੇਵੇ : ਧਰਮਸੋਤ
ਨਾਭਾ, 27 ਅਪ੍ਰੈਲ (ਬਲਵੰਤ ਹਿਆਣਾ): ਨਾਭਾ ਬਲਾਕ ਦੇ ਪਿੰਡ ਤੁੰਗਾਂ ਕਿਸਾਨ ਤੇ ਕਾਂਗਰਸੀ ਆਗੂ ਹਰਦੀਪ ਸਿੰਘ ਨੇ ਕਣਕ ਦਾ ਘੱਟ ਝਾੜ ਨਿਕਲਣ ਕਾਰਨ ਤੇ ਕਰਜ਼ੇ ਦੇ ਬੋਝ ਤੋਂ ਪ੍ਰੇਸ਼ਾਨ ਹੋ ਕੇ ਅਪਣੀ ਜੀਵਨ ਲੀਲਾ ਸਮਾਪਤ ਕਰ ਲਈ, ਜਿਸ ਦੇ ਸਸਕਾਰ 'ਤੇ ਪ੍ਰਵਾਰ ਨਾਲ ਅਫ਼ਸੋਸ ਕਰਨ ਪਹੁੰਚੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ 'ਚ 'ਆਪ' ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਭਗਵੰਤ ਸਿੰਘ ਮਾਨ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੇ ਸੰਤਰੀ ਵਜੋਂ ਕੰਮ ਕਰ ਰਹੇ ਹਨ |
ਉਨ੍ਹਾਂ ਕਿਹਾ ਕਿ ਦਿੱਲੀ ਅਤੇ ਪੰਜਾਬ ਸਰਕਾਰ ਦੇ ਸਮਝੌਤੇ ਅਧੀਨ ਭਗਵੰਤ ਮਾਨ ਨੇ ਸੂਬੇ ਦੇ 18 ਵਿਭਾਗ ਅਸਿੱਧੇ ਤੌਰ 'ਤੇ ਕੇਜਰੀਵਾਲ ਦੇ ਅਧੀਨ ਕਰ ਦਿਤੇ ਹਨ | ਕੇਜਰੀਵਾਲ ਪੰਜਾਬ ਸਰਕਾਰ ਨੂੰ ਅਪਣੇ ਰਿਮੋਟ ਕੰਟਰੋਲ ਨਾਲ ਚਲਾ ਰਹੇ ਹਨ ਜਿਸ ਦਾ ਖਮਿਆਜ਼ਾ ਪੰਜਾਬ ਵਾਸੀਆਂ ਨੂੰ ਭੁਗਤਣਾ ਪੈ ਸਕਦਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ ਤੇ ਕਿਸਾਨਾਂ ਨੂੰ ਬਿਜਲੀ ਨਹੀਂ ਮਿਲ ਰਹੀ | ਲੋਕਾਂ ਵਲੋਂ ਆਮ ਆਦਮੀ ਪਾਰਟੀ ਚੁਣੇ ਗਏ ਵਿਧਾਇਕ ਤੇ ਰਾਜ ਸਭਾ ਮੈਂਬਰ ਪੰਜਾਬ ਦੇ ਸੰਵੇਦਨਸ਼ੀਲ ਮੁੱਦਿਆਂ 'ਤੇ ਚੁੱਪ ਹਨ |
ਇਸ ਮੌਕੇ ਮੌਜੂਦਾ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਪੰਜਾਬ ਵਿਚ ਖ਼ੁਦਕੁਸ਼ੀਆਂ ਨੂੰ ਰੋਕਣ ਲਈ ਪੰਜਾਬ ਸਰਕਾਰ ਕਣਕ ਦੇ ਘੱਟ ਝਾੜ ਕਾਰਨ ਬੋਨਸ 'ਤੇ ਕਿਸਾਨਾਂ ਨੂੰ ਮੁਆਵਜ਼ਾ ਦੇਵੇ ਅਤੇ ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਪੂਰਾ ਕਰਦਿਆਂ ਔਰਤਾਂ ਨੂੰ ਇਕ-ਇਕ ਹਜ਼ਾਰ ਰੁਪਏ ਬਿਜਲੀ ਸਪਲਾਈ ਯਕੀਨੀ ਬਣਾਉਣ ਦੇ ਨਾਲ-ਨਾਲ ਨਸ਼ਾਮੁਕਤੀ ਤੇ ਨੌਕਰੀਆਂ ਦੇ ਵਾਅਦੇ ਪੂਰੇ ਕਰੇ |
ਇਸ ਮੌਕੇ ਉਨ੍ਹਾਂ ਨਾਲ ਸਾਬਕਾ ਵਿਧਾਇਕ ਰਾਜਪੁਰਾ ਹਰਦਿਆਲ ਸਿੰਘ ਕੰਬੋਜ, ਹਰਪ੍ਰੀਤ ਸਿੰਘ ਲੱਕੀ ਧਰਮਸੌਤ, ਪੀ. ਏ. ਚਰਨਜੀਤ ਬਾਤਿਸ਼, ਸੀਨੀਅਰ ਕਾਂਗਰਸੀ ਆਗੂ ਕੁਲਵਿੰਦਰ ਸਿੰਘ ਸੁੱਖੇਵਾਲ, ਚਮਕੌਰ ਸਿੰਘ ਨਿੱਕੂ ਸੰਮਤੀ ਮੈਂਬਰ, ਬਲਵਿੰਦਰ ਸਿੰਘ ਬਬਲਾ ਪਾਲੀਆ ਪ੍ਰਧਾਨ ਸਰਪੰਚ ਯੂਨੀਅਨ ਨਾਭਾ ਆਦਿ ਮੌਜੂਦ ਸਨ |
ਫੋਟੋ ਨੰ 27ਪੀਏਟੀ. 27