
ਸਿੱਖ ਧਰਮੀ ਫ਼ੌਜੀਆਂ ਨੂੰ ਗੁਜ਼ਾਰਾ ਭੱਤਾ ਗ੍ਰਾਂਟ ਦੇਣ ਲਈ ਮੁੱਖ ਮੰਤਰੀ ਪੰਜਾਬ ਨੂੰ ਸਿਫ਼ਾਰਸ਼
ਗੁਜ਼ਾਰਾ ਭੱਤਾ ਗ੍ਰਾਂਟ ਅਤੇ ਵਿਸ਼ੇਸ਼ ਸਹਾਇਤਾ ਦੇ ਧਰਮੀ ਫ਼ੌਜੀ ਹਨ ਹੱਕਦਾਰ : ਸੰਧਵਾਂ
ਕੋਟਕਪੂਰਾ, 27 ਅਪੈ੍ਰਲ (ਗੁਰਮੀਤ ਸਿੰਘ ਮੀਤਾ) :- ਪਵਿੱਤਰ ਗੁਰਦਵਾਰਿਆਂ ਦੀ ਬੇਹੁਰਮਤੀ ਨਾ ਸਹਾਰਦਿਆਂ ਭਾਵਨਾਵਾਂ ਦੇ ਵੇਗ ਵਿਚ ਵਹਿ ਕੇ ਅਤੇ ਭਾਵੁਕ ਹੋ ਕੇ ਬੈਰਕਾਂ ਛੱਡਣ ਵਾਲੇ ਸਿੱਖ ਧਰਮੀ ਫ਼ੌਜੀਆਂ ਨੂੰ ਗੁਜ਼ਾਰਾ ਭੱਤਾ ਗਰਾਂਟ ਅਤੇ ਵਿਸ਼ੇਸ਼ ਸਹਾਇਤਾ ਦੇਣ ਦੀ ਮੰਗ ਸਬੰਧੀ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੂੰ ਲਿਖਤੀ ਪੱਤਰ ਭੇਜ ਕੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਮੰਗ ਕੀਤੀ ਹੈ ਕਿ ਉਕਤ ਸਿੱਖ ਧਰਮੀ ਫ਼ੌਜੀਆਂ ਨੂੰ ਬੁਢਾਪੇ ਦੌਰਾਨ ਗੁਜ਼ਾਰਾ ਕਰਨ ਲਈ ਉਕਤ ਸਹੂਲਤਾਂ ਦੀ ਜ਼ਰੂਰਤ ਹੈ, ਕਿਉਂਕਿ ਉਹ ਇਸ ਸਮੇਂ ਕਿਸੇ ਵੀ ਪੈਨਸ਼ਨ ਜਾਂ ਹੋਰ ਸਹੂਲਤ ਤੋਂ ਵਾਂਝੇ ਹਨ |
ਪੱਤਰ ਰਾਹੀਂ ਸ. ਸੰਧਵਾਂ ਨੇ ਸਿਫ਼ਾਰਸ਼ ਕੀਤੀ ਕਿ ਜਿਵੇਂ ਮਹੀਨਾਵਾਰ ਗੁਜ਼ਾਰਾ ਭੱਤਾ ਦੇ ਨਾਲ-ਨਾਲ ਤਤਕਾਲੀਨ ਕਾਂਗਰਸ ਸਰਕਾਰ ਸਮੇਂ 114 ਫ਼ੌਜੀਆਂ ਨੂੰ ਪੰਜ-ਪੰਜ ਲੱਖ ਰੁਪਏ ਦੀ ਵਿਸ਼ੇਸ਼ ਸਹਾਇਤਾ ਦਿਤੀ ਗਈ ਸੀ, ਉਸੇ ਤਰਜ਼ 'ਤੇ ਹੁਣ 74 (ਈ.ਪੀ.ਐਫ਼) ਧਰਮੀ ਫ਼ੌਜੀਆਂ ਨੂੰ ਵੀ ਇਹ ਵਿਸ਼ੇਸ਼ ਸਹਾਇਤਾ ਦਿਤੀ ਜਾਵੇ ਤੇ ਗੁਜ਼ਾਰਾ ਭੱਤਾ ਗਰਾਂਟ ਦੁੁਬਾਰਾ ਤੋਂ ਚਾਲੂ ਕਰਨ ਲਈ ਭਾਵੇਂ ਨਿਯਮਾਂ ਵਿਚ ਸੋਧ ਕੀਤੀ ਜਾਵੇ, ਉਕਤ
ਗਰਾਂਟ ਜਲਦ ਅਤੇ ਜ਼ਰੂਰ ਚਾਲੂ ਕਰਨੀ ਚਾਹੀਦੀ ਹੈ | ਜ਼ਿਕਰਯੋਗ ਹੈ ਕਿ ਸਤਿਕਾਰ ਦਾ ਪਾਤਰ ਮੰਨੇ ਜਾਂਦੇ ਸਿੱਖ ਧਰਮੀ ਫ਼ੌਜੀਆਂ ਨੇ ਤਖ਼ਤਾਂ ਦੇ ਜਥੇਦਾਰਾਂ, ਸ਼ੋ੍ਰਮਣੀ ਕਮੇਟੀ ਅਤੇ ਅਕਾਲੀ ਦਲ ਬਾਦਲ ਦੇ ਮੂਹਰਲੀ ਕਤਾਰ ਦੇ ਆਗੂਆਂ ਤੋਂ ਲੈ ਕੇ ਛੋਟੇ ਵਰਕਰਾਂ ਤਕ ਨੂੰ ਬੇਨਤੀਆਂ ਕੀਤੀਆਂ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦੂਰ ਕੀਤੀਆਂ ਜਾਣ, ਮੰਗਾਂ ਮੰਨੀਆਂ ਜਾਣ ਪਰ ਜਦ ਕੋਈ ਸੁਣਵਾਈ ਨਾ ਹੋਈ ਤਾਂ ਉਨ੍ਹਾਂ ਸਿਰਫ਼ ਅਕਾਲ ਤਖ਼ਤ ਤੋਂ ਸਿਰੋਪਾਉ ਦੀ ਬਖਸ਼ਿਸ਼ ਦੀ ਮੰਗ ਕੀਤੀ ਪਰ ਉਹ ਵੀ ਪ੍ਰਵਾਨ ਨਾ ਹੋਈ | ਸਿੱਖ ਧਰਮੀ ਫ਼ੌਜੀ ਵੈਲਫ਼ੇਅਰ ਐਸੋਸੀਏਸ਼ਨ ਦੇ ਚੇਅਰਮੈਨ ਅਮਰੀਕ ਸਿੰਘ, ਜਸਵੀਰ ਸਿੰਘ ਖ਼ਾਲਸਾ ਜ਼ਿਲ੍ਹਾ ਪ੍ਰਧਾਨ ਫ਼ਰੀਦਕੋਟ ਅਤੇ ਸੁਰੈਣ ਸਿੰਘ ਖ਼ਾਲਸਾ ਜ਼ਿਲ੍ਹਾ ਪ੍ਰਧਾਨ ਬਠਿੰਡਾ ਨੇ ਕੁਲਤਾਰ ਸਿੰਘ ਸੰਧਵਾਂ ਦਾ ਧਨਵਾਦ ਕੀਤਾ ਹੈ |