Abohar News : ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਕੀਤੀ ਠੱਗੀ
Abohar News : ਅਬੋਹਰ ਦੇ ਥਾਣਾ ਸਿਟੀ ਵਨ ਦੀ ਪੁਲਿਸ ਨੇ ਸੁੰਦਰ ਨਗਰੀ ਨਿਵਾਸੀ ਇਕ ਵਿਅਕਤੀ ਨੂੰ ਹਨੀਟ੍ਰੈਪ 'ਚ ਫਸਾ ਕੇ 40 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਮੌਕੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਰਵਿੰਦਰ ਬਾਂਸਲ ਪੁੱਤਰ ਦੇਸਰਾਜ ਵਾਸੀ ਸੁੰਦਰ ਨਗਰੀ ਗਲੀ ਨੰਬਰ 3 ਨੇ ਮਾਮਲਾ ਦਰਜ ਕਰਵਾਇਆ ਹੈ ਕਿ 2-3 ਫਰਵਰੀ 2023 ਨੂੰ ਉਸ ਨੂੰ ਕਿਸੇ ਅਣਪਛਾਤੇ ਨੰਬਰ ਤੋਂ ਵਟਸਐਪ 'ਤੇ ਵੀਡੀਓ ਕਾਲ ਆਈ। ਜਿਸ ਵਿਚ ਲੜਕੀ ਨੇ ਆਪਣਾ ਨਾਮ ਨੇਹਾ ਸ਼ਰਮਾ ਵਾਸੀ ਜੈਪੁਰ ਦੱਸਿਆ। ਜਦੋਂ ਉਸ ਨੂੰ ਫੋਨ ਆਇਆ ਤਾਂ ਲੜਕੀ ਨੇ ਗੱਲ ਕਰਦੇ ਹੋਏ ਆਪਣੇ ਕੱਪੜੇ ਉਤਾਰਨੇ ਸ਼ੁਰੂ ਕਰ ਦਿੱਤੇ। ਜਿਸ 'ਤੇ ਉਸ ਨੇ ਕਾਲ ਕੱਟ ਦਿੱਤੀ।
ਤਿੰਨ ਦਿਨ ਬਾਅਦ ਉਸ ਨੂੰ ਗੌਰਵ ਮਲਹੋਤਰਾ ਨਾਂ ਦੇ ਵਿਅਕਤੀ ਦਾ ਫੋਨ ਆਇਆ। ਜਿਸ ਨੇ ਆਪਣੇ ਆਪ ਨੂੰ ਦਿੱਲੀ ਕ੍ਰਾਈਮ ਬ੍ਰਾਂਚ ਦਾ ਕਰਮਚਾਰੀ ਦੱਸਿਆ ਅਤੇ ਕਿਹਾ ਕਿ ਤੁਹਾਡੀ ਵੀਡੀਓ ਵਾਇਰਲ ਹੋ ਗਈ ਹੈ। ਲੜਕੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਕਤ ਵਿਅਕਤੀ ਨੇ ਮਾਮਲਾ ਰਫਾ ਦਫ਼ਾ ਕਰਨ ਲਈ ਉਸ ਕੋਲੋਂ ਪੈਸੇ ਮੰਗੇ। ਜਿਸ 'ਤੇ ਉਸ ਨੇ ਉਕਤ ਵਿਅਕਤੀ ਨੂੰ 23, 800 ਰੁਪਏ ਭੇਜ ਦਿੱਤੇ। ਇਸ ਤੋਂ ਬਾਅਦ ਉਸ ਨੂੰ ਅਣਪਛਾਤੇ ਲੋਕਾਂ ਦੇ ਵਾਰ-ਵਾਰ ਫੋਨ ਆਉਣੇ ਸ਼ੁਰੂ ਹੋ ਗਏ ਕਿ ਲੜਕੀ ਨੇ ਖੁਦਕੁਸ਼ੀ ਕਰ ਲਈ ਹੈ।
ਜਿਸ ਤੋਂ ਬਾਅਦ ਡਰ ਦੇ ਮਾਰੇ ਉਸ ਨੇ ਕਰੀਬ 40 ਲੱਖ ਰੁਪਏ ਉਕਤ ਅਣਪਛਾਤੇ ਵਿਅਕਤੀਆਂ ਨੂੰ ਭੇਜ ਦਿੱਤੇ। ਇਸ ਤੋਂ ਬਾਅਦ ਪੀੜਤਾ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਜਾਂਚ ਤੋਂ ਬਾਅਦ ਐਸਐਸਪੀ ਫਾਜ਼ਿਲਕਾ ਦੀ ਪ੍ਰਵਾਨਗੀ ਨਾਲ ਥਾਣਾ ਸਿਟੀ ਵਨ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।