ਭਾਰਤ 'ਚ ਗੱਠਜੋੜ ਦੀ ਸਰਕਾਰ ਬਣੇਗੀ ਅਤੇ ਇਸ ਵਿੱਚ ਆਮ ਆਦਮੀ ਪਾਰਟੀ ਦੀ ਅਹਿਮ ਭੂਮਿਕਾ ਹੋਵੇਗੀ
Barnala News : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਲੋਕ ਸਭਾ ਹਲਕਾ ਸੰਗਰੂਰ ਤੋਂ ਪਾਰਟੀ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ ਬਰਨਾਲਾ ਜ਼ਿਲ੍ਹੇ ਦੇ ਪਿੰਡ ਧੌਲਾ ਖੁਰਦ 'ਚ ਪਹੁੰਚੇ ਸਨ। ਉਨ੍ਹਾਂ ਲੋਕ ਮਿਲਣੀ ਪ੍ਰੋਗਰਾਮ 'ਚ ਸ਼ਿਰਕਤ ਕੀਤੀ। ਜਿੱਥੇ ਉਨ੍ਹਾਂ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਈਆਂ ,ਓਥੇ ਹੀ ਭਾਜਪਾ 'ਤੇ ਨਿਸ਼ਾਨਾ ਸਾਧਿਆ।
ਉਨ੍ਹਾਂ ਦਾਅਵਾ ਕੀਤਾ ਕਿ ਭਾਰਤ ਵਿੱਚ ਗੱਠਜੋੜ ਦੀ ਸਰਕਾਰ ਬਣੇਗੀ ਅਤੇ ਇਸ ਵਿੱਚ ਆਮ ਆਦਮੀ ਪਾਰਟੀ ਦੀ ਅਹਿਮ ਭੂਮਿਕਾ ਹੋਵੇਗੀ।ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੈਂ ਦੇਸ਼ ਭਰ 'ਚ ਘੁੰਮ ਰਿਹਾ ਹਾਂ...ਚੋਣਾਂ ਦੇ ਦੋ ਪੜਾਅ ਪੂਰੇ ਹੋ ਚੁੱਕੇ ਹਨ। 190 ਸੀਟਾਂ 'ਤੇ ਵੋਟਿੰਗ ਪੂਰੀ ਹੋ ਚੁੱਕੀ ਹੈ। ਇਨ੍ਹਾਂ 190 'ਚੋਂ ਇੰਡੀਆ ਗੱਠਜੋੜ 120-125 ਸੀਟਾਂ ਜਿੱਤ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਬਣਾਉਣ ਵਿਚ ਭਾਗੀਦਾਰੀ ਨਿਭਾਉਣ ਜਾ ਰਹੇ ਹਾਂ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਆਉਣ ਵਾਲੀ ਕੇਂਦਰ ਸਰਕਾਰ ਆਮ ਆਦਮੀ ਪਾਰਟੀ ਤੋਂ ਬਿਨਾਂ ਨਹੀਂ ਬਣੇਗੀ। ਦੇਸ਼ ਦਾ ਭਵਿੱਖ ਕਿਹੋ ਜਿਹਾ ਹੋਵੇਗਾ, ਨੌਜਵਾਨਾਂ ਨੂੰ ਰੁਜ਼ਗਾਰ ਕਿਵੇਂ ਮਿਲੇਗਾ, ਦੇਸ਼ ਦਾ ਨਿਰਮਾਣ ਕਿਵੇਂ ਹੋਵੇਗਾ, ਸਕੂਲ, ਹਸਪਤਾਲ ਅਤੇ ਬਿਜਲੀ ਦਾ ਬੁਨਿਆਦੀ ਢਾਂਚਾ ਕਿਵੇਂ ਬਣਾਇਆ ਜਾਵੇਗਾ , ਇਹ ਸਭ ਆਪ ਤੈਅ ਕਰੇਗੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਉਨ੍ਹਾਂ ਚਿਰ ਨੰਬਰ ਵਨ ਨਹੀਂ ਬਣ ਸਕਦਾ ,ਜਿਨ੍ਹਾਂ ਚਿਰ ਪੰਜਾਬ ਸੂਬਾ ਲੀਡ ਨਹੀਂ ਕਰਦਾ , ਪਹਿਲਾਂ ਪੰਜਾਬ ਨੂੰ ਨੰਬਰ ਵਨ ਬਣਾਵਾਂਗੇ ,ਫ਼ਿਰ ਦੇਸ਼ ਨੰਬਰ ਵਨ ਬਣੇਗਾ। ਉਨ੍ਹਾਂ ਕਿਹਾ ਕਿ ਜੇਕਰ 13-0 ਹੋ ਗਿਆ ਤਾਂ ਪੰਜਾਬ ਨੰਬਰ ਵਨ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰੇ ਪਾਸੇ ਹੀ ਇਹੀ ਗੱਲ ਚਲੂ ਕਿ ਇਹ ਇਕੱਲਾ ਅਜਿਹਾ ਸੂਬਾ ਹੈ, ਜਿੱਥੇ ਮੁਕੰਮਲ ਸਫਾਇਆ ਹੋ ਗਿਆ। ਜਿੱਥੇ ਚਿੱਕੜ ਵਿੱਚ ਕਮਲ ਉੱਗਿਆ ਹੀ ਨਹੀਂ ,ਕਿਉਂਕਿ ਝਾੜੂ ਨੇ ਚਿੱਕੜ ਸਾਫ਼ ਕਰ ਦਿੱਤਾ।