
ਸ਼ਿਕਾਇਤਕਰਤਾ ਸੇਵਾ ਰਾਮ ਨੇ ਭਰਤੀ ਹੋਣ ਸਮੇਂ ਆਪਣੇ ਭਰਤੀ ਫਾਰਮ ’ਚ ਉਮਰ 25 ਸਾਲ ਹੀ ਲਿਖੀ ਸੀ ਤੇ ਜਨਮ ਮਿਤੀ ਦਾ ਕੋਈ ਵਿਸ਼ੇਸ਼ ਜ਼ਿਕਰ ਨਹੀਂ ਕੀਤਾ ਸੀ।
ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਇਕ ਵੱਡੀ ਕਾਰਵਾਈ ਕਰਦਿਆਂ ਨਿਰਮਲਾ, ਜ਼ਿਲ੍ਹਾ ਕਮਾਂਡਰ ਅਤੇ ਅਨਮੋਲ ਮੋਤੀ, ਪਲਟੂਨ ਕਮਾਂਡਰ, ਪੰਜਾਬ ਹੋਮ ਗਾਰਡ, ਜਲੰਧਰ ਨੂੰ ਜਨਸੇਵਕ ਹੁੰਦੇ ਹੋਏ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ ਅਤੇ ਹੋਮਗਾਰਡ ਵਾਲੰਟੀਅਰ ਸੇਵਾ ਰਾਮ ਦੀ ਸੇਵਾਮੁਕਤੀ ਦੀ ਉਮਰ ’ਚ ਵਾਧਾ ਕਰਨ ਲਈ ਰਿਸ਼ਵਤ ਲੈਣ ਦੇ ਜੁਰਮ ’ਚ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਅੱਜ ਇਥੇ ਇਹ ਜਾਣਕਾਰੀ ਦਿੰਦਿਆਂ ਪੰਜਾਬ ਵਿਜੀਲੈਂਸ ਬਿਊਰੋ ਦੇ ਇਕ ਬੁਲਾਰੇ ਨੇ ਦੱਸਿਆ ਕਿ ਅਨਮੋਲ ਮੋਤੀ ਨੇ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਦੀ ਰੋਕਥਾਮ ਲਈ ਜਾਰੀ ਕੀਤੇ ਵ੍ਹਟਸਐਪ ਨੰਬਰ 9501200200 ਉੱਤੇ ਆਪਣੀ ਲਿਖਤੀ ਸ਼ਿਕਾਇਤ ਦਰਜ ਕੀਤੀ ਸੀ, ਜਿਸ ਦੀ ਪੜਤਾਲ ਵਿਜੀਲੈਂਸ ਬਿਊਰੋ ਰੇਂਜ ਜਲੰਧਰ ਵੱਲੋਂ ਕੀਤੀ ਗਈ।
bribe
ਇਸ ਦੌਰਾਨ ਪਾਇਆ ਗਿਆ ਕਿ ਸ਼ਿਕਾਇਤਕਰਤਾ ਸੇਵਾ ਰਾਮ ਨੇ ਭਰਤੀ ਹੋਣ ਸਮੇਂ ਆਪਣੇ ਭਰਤੀ ਫਾਰਮ ’ਚ ਉਮਰ 25 ਸਾਲ ਹੀ ਲਿਖੀ ਸੀ ਤੇ ਜਨਮ ਮਿਤੀ ਦਾ ਕੋਈ ਵਿਸ਼ੇਸ਼ ਜ਼ਿਕਰ ਨਹੀਂ ਕੀਤਾ ਸੀ। ਭਰਤੀ ਫਾਰਮ ’ਚ ਦਰਸਾਈ ਗਈ ਉਮਰ ਦੇ ਹਿਸਾਬ ਨਾਲ ਸੇਵਾ ਰਾਮ ਦੀ ਹੁਣ ਮਿਤੀ 17-05-2021 ਨੂੰ 58 ਸਾਲ ਉਮਰ ਬਣਦੀ ਸੀ। ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ’ਚ ਲਿਖਿਆ ਹੈ ਕਿ ਪਲਟੂਨ ਕਮਾਂਡਰ ਅਨਮੋਲ ਮੋਤੀ ਨੇ ਉਸ ਨੂੰ ਮਿਤੀ 01-05-2021 ਨੂੰ ਦਫਤਰ ਬੁਲਾ ਕੇ ਉਸ ਵਕਤ ਦੇ ਜ਼ਿਲ੍ਹਾ ਹੋਮਗਾਰਡ ਕਮਾਂਡਰ ਨਿਰਮਲਾ ਦੇ ਪੇਸ਼ ਕਰਵਾਇਆ, ਜਿਥੇ ਉਸ ਦੀ ਸੇਵਾ-ਮੁਕਤੀ ਮਈ 2021 ’ਚ ਹੋਣ ਬਾਰੇ ਜਾਣੂ ਕਰਵਾਇਆ
ਪਰ ਉਸ ਨੇ ਆਪਣੀ ਜਨਮ ਮਿਤੀ 25-8-1970 ਹੋਣ ਬਾਰੇ ਜਾਣੂ ਕਰਾਉਂਦੇ ਹੋਏ ਕਿਹਾ ਕਿ ਉਸ ਦੀ ਨੌਕਰੀ ਅਜੇ 7 ਸਾਲ ਹੋਰ ਬਾਕੀ ਹੈ। ਜਿਥੇ ਨਿਰਮਲਾ ਵੱਲੋਂ ਸ਼ਿਕਾਇਤਕਰਤਾ ਸੇਵਾ ਰਾਮ ਦੀ ਨੌਕਰੀ ’ਚ ਵਾਧਾ ਕਰਨ ਲਈ ਪਲਟੂਨ ਕਮਾਂਡਰ ਅਨਮੋਲ ਮੋਤੀ ਰਾਹੀਂ ਰਿਸ਼ਵਤ ਦੀ ਮੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਵੱਲੋਂ ਆਪਣੀ ਨੌਕਰੀ ਦੇ ਕਾਰਜਕਾਲ ’ਚ ਵਾਧਾ ਕਰਨ ਲਈ ਉਕਤ ਜ਼ਿਲ੍ਹਾ ਕਮਾਂਡਰ ਨਿਰਮਲਾ ਦੀ ਮੰਗ ਅਨੁਸਾਰ 2,40,000 ਰੁਪਏ ਅਨਮੋਲ ਮੋਤੀ ਪਲਟੂਨ ਕਮਾਂਡਰ ਨੂੰ ਵੱਖ-ਵੱਖ ਮਿਤੀਆਂ ਨੂੰ ਦਿੱਤੇ, ਜਿਸ ਨੇ ਰਿਸ਼ਵਤ ਦੀ ਇਹ ਰਕਮ ਅੱਗੋਂ ਜ਼ਿਲ੍ਹਾ ਕਮਾਂਡਰ ਨੂੰ ਦੇ ਦਿੱਤੀ।
vigilance bureau punjab
ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਪੜਤਾਲ ਦੌਰਾਨ ਪਾਇਆ ਗਿਆ ਕਿ ਮੁਲਜ਼ਮ ਜ਼ਿਲ੍ਹਾ ਕਮਾਂਡਰ ਵੱਲੋਂ ਸੇਵਾ ਰਾਮ ਨੂੰ ਨੌਕਰੀ ਲਈ ਅਯੋਗ ਹੋਣ ਦੇ ਬਾਵਜੂਦ ਉਸ ਦੇ ਸੇਵਾਕਾਲ ’ਚ ਵਾਧਾ ਕਰਨ ਦੇ ਮੰਤਵ ਵਜੋਂ ਗਾਰਡ ਸੇਵਾ ਰਾਮ ਦੀ ਜਨਮ ਮਿਤੀ 25-08-1970 ਨੂੰ ਮਾਨਤਾ ਦੇ ਕੇ ਆਪਣੇ ਅਹੁਦੇ ਦੀ ਦਰਵਰਤੋਂ ਕਰਦਿਆਂ ਸ਼ਿਕਾਇਤਕਰਤਾ ਪਾਸੋਂ ਰਿਸ਼ਵਤ ਦੀ ਰਕਮ ਹਾਸਲ ਕੀਤੀ।
ਅਜਿਹਾ ਕਰਕੇ ਨਿਰਮਲਾ, ਜ਼ਿਲ੍ਹਾ ਕਮਾਂਡਰ ਅਤੇ ਅਨਮੋਲ ਮੋਤੀ, ਪਲਟੂਨ ਕਮਾਂਡਰ, ਹੁਣ ਤਾਇਨਾਤੀ ਟਰੈਫਿਕ ਪੁਲਸ ਸਟੇਸ਼ਨ ਜਲੰਧਰ ਨੇ ਜਨਸੇਵਕ ਹੁੰਦੇ ਹੋਏ ਆਪਣੇ ਅਹੁਦੇ ਦੀ ਦਰਵਰਤੋਂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਸ਼ਾਂ ਦੇ ਆਧਾਰ ’ਤੇ ਉਕਤ ਦੋਹਾਂ ਮੁਲਜ਼ਮਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਤੇ 7 (ਏ) ਅਤੇ ਆਈ.ਪੀ.ਸੀ. ਦੀ ਧਾਰਾ 120 ਬੀ ਹੇਠ ਵਿਜੀਲੈਂਸ ਬਿਊਰੋ ਜਲੰਧਰ ਰੇਂਜ ਪੁਲਸ ਥਾਣੇ ’ਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।