
ਪ੍ਰਸ਼ਾਸਨ ਵੱਲੋਂ ਟੀਨ ਸ਼ੈੱਡਾਂ ਵਾਲੇ ਕਮਰਿਆਂ ਵਿਚ ਕਲਾਸਾਂ ਨਾ ਲਗਾਉਣ ਸਬੰਧੀ ਨੋਟੀਫਿਕੇਸ਼ਨ ਜਾਰੀ
ਚੰਡੀਗੜ੍ਹ: ਯੂਟੀ ਪ੍ਰਸ਼ਾਸਨ ਵੱਲੋਂ ਟੀਨ ਸ਼ੈੱਡਾਂ ਵਾਲੇ ਕਮਰਿਆਂ ਵਿਚ ਵਿਦਿਆਰਥੀਆਂ ਦੀਆਂ ਕਲਾਸਾਂ ਨਾ ਲਗਾਉਣ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਦਰਅਸਲ ਬੀਤੇ ਦਿਨੀਂ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਤੇ ਸਲਾਹਕਾਰ ਧਰਮਪਾਲ ਵੱਲੋਂ ਸਰਕਾਰੀ ਹਾਈ ਸਕੂਲ ਹੱਲੋਮਾਜਰਾ ਦਾ ਜਾਇਜ਼ਾ ਲਿਆ ਗਿਆ। ਇਸ ਸਕੂਲ ਵਿਚ ਵਿਦਿਆਰਥੀ ਤਪਦੀ ਗਰਮੀ ਵਿਚ ਟੀਨ ਦੀਆਂ ਚਾਦਰਾਂ ਹੇਠ ਪੜ੍ਹਨ ਨੂੰ ਮਜਬੂਰ ਹਨ ਜਿਸ ਕਾਰਨ ਪ੍ਰਸ਼ਾਸਕ ਨੇ ਇਸ ਦਾ ਨੋਟਿਸ ਲੈਂਦਿਆਂ ਨਾਰਾਜ਼ਗੀ ਜਤਾਈ ਹੈ।
ਬੀਤੇ ਦਿਨ ਮਾਪਿਆਂ ਨੇ ਅਤਿ ਦੀ ਗਰਮੀ ਵਿਚ ਇਹਨਾਂ ਬੱਚਿਆਂ ਦੀ ਤਰਸਯੋਗ ਹਾਲਤ ਬਾਰੇ ਵੀਡੀਓਜ਼ ਪ੍ਰਧਾਨ ਮੰਤਰੀ ਦਫ਼ਤਰ ਵਿਚ ਭੇਜ ਕੇ ਸਮੱਸਿਆ ਦਾ ਹੱਲ ਮੰਗਿਆ ਗਿਆ ਸੀ ਜਿਸ ਤੋਂ ਬਾਅਦ ਚੰਡੀਗੜ੍ਹ ਦੇ ਸਿਖਰਲੇ ਅਧਿਕਾਰੀ ਹੱਲੋਮਾਜਰਾ ਸਕੂਲ ਪਹੁੰਚੇ ਸਨ। ਡਾਇਰੈਕਟੋਰੇਟ ਸਕੂਲ ਸਿੱਖਿਆ ਦੇ ਤਾਜ਼ਾ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਯੂਟੀ ਦੇ ਸਾਰੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੀਆਂ ਟੀਨ ਦੇ ਸ਼ੈੱਡ ਹੇਠਾਂ ਕਲਾਸਾਂ ਲਗਾਉਣੀਆਂ ਤੁਰੰਤ ਪ੍ਰਭਾਵ ਨਾਲ ਬੰਦ ਕੀਤੀਆਂ ਜਾਣ।