
ਆਮਦਨ ਤੋਂ ਵਧ ਜਾਇਦਾਦ ਦਾ ਮਾਮਲਾ ਓਮ ਪ੍ਰਕਾਸ਼ ਚੌਟਾਲਾ ਨੂੰ ਹੋਈ 4 ਸਾਲ ਦੀ ਕੈਦ
ਨਵੀਂ ਦਿੱਲੀ, 27 ਮਈ : ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੇ ਮਾਮਲਿਆਂ ਦੀ ਸੁਣਵਾਈ ਕਰ ਰਹੀ ਦਿੱਲੀ ਦੀ ਵਿਸ਼ੇਸ਼ ਅਦਾਲਤ ਨੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭਾਰਤੀ ਰਾਸ਼ਟਰੀ ਲੋਕ ਦਲ ਦੇ ਨੇਤਾ ਓਮ ਪ੍ਰਕਾਸ਼ ਚੌਟਾਲਾ ਨੂੰ ਆਮਦਨ ਦੇ ਜਾਣੇ-ਜਾਂਦੇ ਸਰੋਤਾਂ ਤੋਂ ਵਧ ਜਾਇਦਾਦ ਰੱਖਣ ਦਾ ਦੋਸ਼ੀ ਠਹਿਰਾਇਆ ਹੈ | ਸ਼ੁਕਰਵਾਰ ਨੂੰ ਅਦਾਲਤ ਨੇ ਚੌਟਾਲਾ ਨੂੰ 4 ਸਾਲ ਕੈਦ ਦੀ ਸਜ਼ਾ ਅਤੇ 50 ਲੱਖ ਰੁਪਏ ਜੁਰਮਾਨਾ ਲਗਾਇਆ ਹੈ | ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਪੂਰੀ ਕਰ ਲਈ ਸੀ ਅਤੇ ਸਜ਼ਾ ਸੁਣਾਉਣ ਲਈ ਅੱਜ ਦੀ ਤਾਰੀਖ਼ ਤੈਅ ਕੀਤੀ ਸੀ |
ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਚੌਟਾਲਾ ਵਿਰੁਧ ਜਾਂਚ ਤੋਂ ਬਾਅਦ 26 ਮਾਰਚ 2010 ਨੂੰ ਚਾਰਜਸ਼ੀਟ ਦਾਖ਼ਲ ਕੀਤੀ ਸੀ | ਜਾਂਚ ਏਜੰਸੀ ਨੇ ਚਾਰਜਸ਼ੀਟ 'ਚ ਕਿਹਾ ਸੀ ਕਿ 1993 ਤੋਂ 2006 ਦਰਮਿਆਨ ਚੌਟਾਲਾ ਨੇ ਆਮਦਨ ਦੇ ਜਾਣੇ-ਪਛਾਣੇ ਸਰੋਤਾਂ ਤੋਂ 6.09 ਕਰੋੜ ਰੁਪਏ ਦੀ ਜਾਇਦਾਦ ਬਣਾਈ ਸੀ | ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਵੀ ਇਸ ਮਾਮਲੇ ਵਿਚ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ.ਐਮ.ਐਲ.ਏ) ਦੇ ਤਹਿਤ ਕਾਰਵਾਈ ਕੀਤੀ ਸੀ ਅਤੇ 2019 ਵਿਚ ਨਵੀਂ ਦਿੱਲੀ, ਪੰਚਕੂਲਾ ਅਤੇ ਸਿਰਸਾ ਵਿਚ 3.68 ਕਰੋੜ ਰੁਪਏ ਦੇ ਪਲਾਟ ਅਤੇ ਫ਼ਲੈਟ ਕੁਰਕ ਕੀਤੇ ਸਨ | ਵਿਸ਼ੇਸ਼ ਸੀ.ਬੀ.ਆਈ ਅਦਾਲਤ ਦੇ ਜੱਜ ਵਿਕਾਸ ਢੱਲ ਨੇ ਇਸਤਗਾਸਾ ਪੱਖ ਵਲੋਂ ਦਾਇਰ ਸਬੂਤਾਂ ਅਤੇ ਪੇਸ਼ ਕੀਤੀਆਂ ਗਈਆਂ ਦਲੀਲਾਂ ਸੁਣਨ ਤੋਂ ਬਾਅਦ ਭਿ੍ਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ 13(1)(ਈ) ਅਤੇ 13(2) ਤਹਿਤ ਚੌਟਾਲਾ ਨੂੰ 23 ਮਈ 2022 ਨੂੰ ਦੋਸ਼ੀ ਠਹਿਰਾਇਆ ਸੀ |
(ਪੀਟੀਆਈ)