
ਰੂਸ ਨੇ ਯੂਕ੍ਰੇਨ ਦੀ ਜੰਗ ’ਚ ਉਤਾਰਿਆ 50 ਸਾਲ ਪੁਰਾਣਾ ਟੀ-62 ਟੈਂਕ
ਕੀਵ, 27 ਮਈ : ਯੂਕ੍ਰੇਨ ਵਿਚ ਪਿਛਲੇ ਲਗਭਗ 3 ਮਹੀਨਿਆਂ ਤੋਂ ਚੱਲ ਰਹੀ ਜੰਗ ਦਰਮਿਆਨ ਹੁਣ ਰੂਸੀ ਫ਼ੌਜ ਨੇ ਸੋਵੀਅਤ ਜਮਾਨੇ ਦੇ ਟੀ-62 ਟੈਂਕ ਨੂੰ ਮੈਦਾਨ ਵਿਚ ਉਤਾਰਿਆ ਹੈ। ਰੂਸ ਦਾ ਇਹ ਟੈਂਕ 50 ਸਾਲ ਪੁਰਾਣਾ ਹੈ ਜਿਸ ਨਾਲ ਮਾਹਰਾਂ ਨੇ ਇਹ ਸਵਾਲ ਉਠਾਉਣਾ ਸ਼ੁਰੂ ਕਰ ਦਿਤਾ ਹੈ ਕਿ ਕੀ ਪੁਤਿਨ ਦੇ ਹਥਿਆਰਾਂ ਦਾ ਜ਼ਖੀਰਾ ਖ਼ਤਮ ਹੋ ਗਿਆ ਹੈ? ਰੂਸ ਦੇ ਇਸ ਟੈਂਕ ਨੂੰ ਯੂਕ੍ਰੇਨ ਦੇ ਦਖਣੀ ਪੂਰਬੀ ਇਲਾਕੇ ਵਿਚ ਸਥਿਤ ਮੇਲਿਤੋਪੋਲ ਰੇਲਵੇ ਸਟੇਸ਼ਨ ’ਤੇ ਦੇਖਿਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਟੈਂਕ ਨੂੰ ਜਾਂ ਤਾਂ ਰੂਸੀ ਫ਼ੌਜ ਇਸਤੇਮਾਲ ਕਰੇਗੀ ਜਾਂ ਫਿਰ ਸਥਾਨਕ ਵਖਵਾਦੀ ਗੁਟਾਂ ਨੂੰ ਦਿਤਾ ਜਾਏਗਾ।
ਯੂਕ੍ਰੇਨ ਦੀ ਜੰਗ ਵਿਚ ਰੂਸ ਦੇ ਸੈਂਕੜੇ ਟੈਂਕ ਤਬਾਹ ਹੋ ਗਏ ਹਨ। ਜੇਵਲਿਨ ਮਿਜ਼ਾਈਲਾਂ ਅਤੇ ਬਾਯਰਕਤਾਰ ਟੀਬੀ-2 ਡਰੋਨ ਦੀ ਮਦਦ ਨਾਲ ਯੂਕ੍ਰੇਨ ਨੇ ਰੂਸ ਦੇ ਸੱਭ ਤੋਂ ਆਧੁਨਿਕ ਕਹੇ ਜਾਣ ਵਾਲੇ ਟੀ-90 ਨੂੰ ਵੀ ਬਰਬਾਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਯੂਕ੍ਰੇਨ ਦੀਆਂ ਕਈ ਸੜਕਾਂ ’ਤੇ ਰੂਸੀ ਟੈਂਕਾਂ ਦੇ ਕਬਰਿਸਤਾਨ ਮੌਜੂਦ ਹਨ। ਉਥੇ ਰੂਸੀ ਫ਼ੌਜ ਨੇ ਕਿਹਾ ਹੈ ਕਿ ਉਸ ਨੇ ਯੂਕ੍ਰੇਨ ਦੇ ਪੂਰਬੀ ਇਲਾਕੇ ਵਿਚ ਇਕ ਰੇਲਵੇ ਸਟੇਸ਼ਨ ’ਤੇ ਹਮਲਾ ਕਰ ਕੇ ਦੁਸ਼ਮਣ ਦੀ ਇਕ ਵੱਡੀ ਫ਼ੌਜ ਇਕਾਈ ਅਤੇ ਉਸ ਦੇ ਉਪਕਰਣਾਂ ਨੂੰ ਨਸ਼ਟ ਕਰ ਦਿਤਾ ਹੈ।
ਉਧਰ, ਅਲਬਾਨੀਆ ਨੇ ਪੂਰਬੀ ਸੋਵੀਅਤ ਸੰਘ ਵਲੋਂ ਨਿਰਮਿਤ ਇਕ ਸਮੁੰਦਰੀ ਫ਼ੌਜੀ ਅੱਡਾ ਨਾਟੋ ਨੂੰ ਦੇਣ ਦੀ ਪੇਸ਼ਕਸ਼ ਕੀਤੀ ਹੈ। (ਏਜੰਸੀ)