
ਧੁੰਦ ਦੀ ਚਾਦਰ ਨਾਲ ਢਕਿਆ ਆਸਟ੍ਰੇਲੀਆ ਦਾ ਸਿਡਨੀ ਸ਼ਹਿਰ
ਸਿਡਨੀ, 27 ਮਈ : ਸਿਡਨੀ ਵਿਚ ਭਾਰੀ ਮੀਂਹ ਤੋਂ ਬਾਅਦ ਅੱਜ ਭਾਰੀ ਧੁੰਦ ਦੇਖਣ ਨੂੰ ਮਿਲੀ। ਹਾਲਾਂਕਿ ਤਸਵੀਰਾਂ ਰਾਹੀਂ ਸਿਡਨੀ ਧੁੰਦ ਦੀ ਚਾਦਰ ਨਾਲ ਲਿਪਟਿਆ ਬਹੁਤ ਹੀ ਸੁੰਦਰ ਦਿਖਾਈ ਦੇ ਰਿਹਾ ਸੀ ਪਰ ਸਿਡਨੀ ਵਾਸੀ ਜੋ ਤੜਕਸਾਰ ਸਵੇਰ ਨੂੰ ਉਠ ਕੇ ਅਪਣੇ ਰੁਜ਼ਗਾਰ ਲਈ ਨਿਕਲਦੇ ਹਨ, ਉਨ੍ਹਾਂ ਲਈ ਮੌਸਮ ਥੋੜ੍ਹਾ ਪ੍ਰੇਸ਼ਾਨ ਕਰਨ ਵਾਲਾ ਸੀ। ਧੁੰਦ ਦੇ ਕਾਰਣ ਕੁੱਝ ਵੀ ਦਿਖਾਈ ਨਹੀਂ ਦੇ ਰਿਹਾ ਸੀ ਅਤੇ ਯਾਤਰੀਆਂ ਨੂੰ ਸਫ਼ਰ ਕਰਨ ਅਤੇ ਅਪਣੀ ਨੌਕਰੀ ’ਤੇ ਜਾਣ ਦੌਰਾਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਧੁੰਦ ਕਾਰਨ ਕਈ ਫੈਰੀ ਸੇਵਾਵਾਂ (ਕਿਸ਼ਤੀ ਸੇਵਾਵਾਂ) ਨੂੰ ਅਪਣੇ ਨਿਰਧਾਰਤ ਸਮੇਂ ’ਤੇ ਨਹੀਂ ਚਲਾਇਆ ਗਿਆ। ਉਨ੍ਹਾਂ ਦਸਿਆ ਕਿ ਬੰਦਰਗਾਹ ਪੁਲ ਦੇ ਪੱਛਮ ਵਲ ਕਈ ਫੈਰੀ ਸੇਵਾਵਾਂ ਨੂੰ ਰੱਦ ਕਰ ਦਿਤਾ ਗਿਆ ਅਤੇ ਯਾਤਰੀਆਂ ਨੂੰ ਵੀ ਧਿਆਨ ਨਾਲ ਵਾਹਨ ਚਲਾਉਣ ਦੇ ਨਿਰਦੇਸ਼ ਦਿਤੇ ਗਏ ਸਨ। ਲਾਈਵ ਟ੍ਰੈਫ਼ਿਕ ਸਿਡਨੀ ਨੇ ਚੇਤਾਵਨੀ ਦਿਤੀ ਅਤੇ ਕਿਹਾ ਧੁੰਦ ਵਿਚ ਘੱਟ ਦਿੱਖ ਕਾਰਨ ਸਵੇਰ ਨੂੰ ਸੜਕਾਂ ਦੀ ਸਥਿਤੀ ਖ਼ਤਰਨਾਕ ਹੋ ਜਾਵੇਗੀ। ਵਾਹਨ ਚਾਲਕਾਂ ਨੂੰ ਬਹੁਤ ਸਾਵਧਾਨੀ ਵਰਤਣ ਦੀ ਸਲਾਹ ਦਿਤੀ ਜਾਂਦੀ ਹੈ। (ਏਜੰਸੀ)