ਪੰਜਾਬ ’ਚ ਵੋਟਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਦਾ Exclusive Interview, ਕਿਹਾ, ਅੱਜ ਅਸੀਂ ਦੇਸ਼ ਨੂੰ ਬਚਾਉਣ ਲਈ ਜੇਲ ’ਚ ਜਾ ਰਹੇ ਹਾਂ
Published : May 28, 2024, 10:26 pm IST
Updated : May 28, 2024, 11:00 pm IST
SHARE ARTICLE
Arvind Kejriwal
Arvind Kejriwal

ਭਾਜਪਾ ਰਾਖਵਾਂਕਰਨ ਖ਼ਤਮ ਕਰਨ ਲਈ ਮੰਗ ਰਹੀ ਹੈ 400 ਸੀਟਾਂ : ਕੇਜਰੀਵਾਲ

  • ਕਿਹਾ, ਭਾਵੇਂ ਸਾਰੀ ਜ਼ਿੰਦਗੀ ਮੈਨੂੰ ਜੇਲ ’ਚ ਰੱਖ ਲੈਣ ਪਰ ਮੈਨੂੰ ਤੋੜ ਨਹੀਂ ਸਕਦੇ, ਝੁਕਾ ਨਹੀਂ ਸਕਦੇ
  • ਮੋਦੀ ਨੂੰ ਜਨਤਾ ਤੋਂ ਕੱਟ ਚੁਕਿਆ ਆਗੂ ਦਸਿਆ, ਕਿਹਾ, ‘ਮੋਦੀ ਖ਼ੁਦ ਨੂੰ ਦੱਸ ਰਹੇ ਰੱਬ ਦਾ ਅਵਤਾਰ, ਵਿਰੋਧੀ ਧਿਰ ਨੂੰ ਗਾਲ੍ਹਾਂ ਦੇ ਨਾਂ ’ਤੇ ਮੰਗ ਰਹੇ ਵੋਟਾਂ’
  • ‘ਲੋਕਤੰਤਰ ਨੂੰ ਬਚਾਉਣਾ ਲਈ ਕਾਂਗਰਸ ਨਾਲ ਹੱਥ ਮਿਲਾਇਆ’
  • ਅਮਿਤ ਸ਼ਾਹ ਜੀ ਪੰਜਾਬੀ ਬਹੁਤ ਵੱਡੇ ਦਿਲ ਦੇ ਹੁੰਦੇ ਹਨ, ਤੁਸੀਂ ਪਿਆਰ ਨਾਲ ਮੰਗ ਲੈਂਦੇ ਇਕ-ਅੱਧ ਸੀਟ ਦੇ ਦਿੰਦੇ : ਕੇਜਰੀਵਾਲ

ਚੰਡੀਗੜ੍ਹ: ਸਿਖਰ ਦੀ ਗਰਮੀ ਹੈ ਅਤੇ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਚਲ ਰਹੇ ਹਨ। ਪਰ ਇਸ ਗਰਮ ਮਾਹੌਲ ’ਚ ਅਸੀਂ ਇਕ ਬੜੇ ਸ਼ਾਂਤ ਇਨਸਾਨ ਹਨ ਜੋ ਭਾਵੇਂ ਜੇਲ੍ਹ ਤੋਂ ਹੋ ਕੇ ਆਏ ਹਨ ਪਰ ਉਨ੍ਹਾਂ ਦੀ ਸ਼ਾਂਤੀ ਕੁੱਝ ਹੋਰ ਹੀ ਸੁਨੇਹਾ ਦਿੰਦੀ ਹੈ। ਅਜਿਹੇ ਇਨਸਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ‘ਰੋਜ਼ਾਨਾ ਸਪੋਕਸਮੈਨ’ ਦੀ ਮੈਨੇਜਿੰਗ ਐਡੀਟਰ ਨਿਮਰਤ ਕੌਰ ਨੇ ਵਿਸ਼ੇਸ਼ ਇੰਟਰਵਿਊ ਕੀਤੀ ਜੋ ਪੰਜਾਬ ’ਚ ਚੋਣ ਪ੍ਰਚਾਰ ਲਈ ਆਏ ਹਨ। 

ਸਵਾਲ: ਕੇਜਰੀਵਾਲ ਬਹੁਤ ਮੁਸ਼ਕਲ ਸਮਾਂ ਚਲ ਰਿਹਾ ਹੈ ਤੁਹਾਡਾ, ਜੇਲ੍ਹ ’ਚ ਰਹਿ ਕੇ ਆਏ ਹੋ। ਤਾਂ ਪਹਿਲਾ ਸਵਾਲ ਇਹੀ ਹੈ ਕਿ ‘ਜੋਸ਼’ ਕਿਸ ਤਰ੍ਹਾਂ ਦਾ ਹੈ?

ਅਰਵਿੰਦ ਕੇਜਰੀਵਾਲ: ਉੱਪਰ ਵਾਲੇ ਦਾ ਰਹਿਮ ਹੈ, ਉਹੀ ਸਾਰਾ ਕੁੱਝ ਕਰਦਾ ਹੈ। ਜਦੋਂ ਮੈਂ ਜੇਲ ’ਚ ਸੀ ਤਾਂ ਭਾਰਤ ਦਾ ਸਿਆਸੀ ਇਤਿਹਾਸ ਪੜ੍ਹ ਰਿਹਾ ਸੀ ਅਤੇ ਉਸ ’ਚ ਮੈਂ ਵੇਖਿਆ ਕਿ ਕਿਸ ਤਰ੍ਹਾਂ ਭਗਤ ਸਿੰਘ, ਜਵਾਹਰ ਲਾਲ ਨਹਿਰੂ, ਗਾਂਧੀ ਜੀ ਅਸ਼ਫਕ-ਉੱਲਾ ਖ਼ਾਨ, ਚੰਦਰ ਸ਼ੇਖਰ, ਸੁਭਾਸ਼ ਚੰਦਰ ਬੋਸ ਵਰਗੇ ਆਜ਼ਾਦੀ ਘਲਾਟੀਏ ਕਿੰਨੇ-ਕਿੰਨੇ ਸਾਲ ਜੇਲ ਗਏ ਦੇਸ਼ ਨੂੰ ਆਜ਼ਾਦ ਕਰਵਾਉਣ ਲਈ। ਅੱਜ ਅਸੀਂ ਕਿਸ ਲਈ ਲੜ ਰਹੇ ਹਾਂ? ਅਸੀਂ ਦੇਸ਼ ਨੂੰ ਬਚਾਉਣ ਲਈ ਲੜ ਰਹੇ ਹਾਂ। ਮਨੀਸ਼ ਸਿਸੋਦੀਆ ਜੇਲ ਅੰਦਰ ਡੇਢ ਸਾਲਾਂ ਤੋਂ ਇਸ ਲਈ ਨਹੀਂ ਹੈ ਕਿ ਉਸ ਨੇ ਭ੍ਰਿਸ਼ਟਾਚਾਰ ਕੀਤਾ ਹੈ। ਉਹ ਇਸ ਲਈ ਹੈ ਕਿਉਂਕਿ ਉਸ ਨੇ ਦੇਸ਼ ਅੰਦਰ ਚੰਗੇ ਸਕੂਲ ਬਣਾਏ ਹਨ। ਮੋਦੀ ਜੀ ਸਕੂਲ ਨਹੀਂ ਬਣਾ ਸਕਦੇ। ਇਸ ਲਈ ਮਨੀਸ਼ ਸਿਸੋਦੀਆ ਨੂੰ ਜੇਲ ’ਚ ਸੁੱਟ ਦਿਤਾ। ਸਤਿੰਦਰ ਜੈਨ ਜੇਲ ’ਚ ਇਸ ਲਈ ਨਹੀਂ ਹੈ ਕਿ ਉਸ ਨੇ ਭ੍ਰਿਸ਼ਟਾਚਾਰ ਕੀਤਾ ਹੈ। ਉਹ ਇਸ ਲਈ ਹੈ ਕਿਉਂਕਿ ਉਸ ਨੇ ਮੁਹੱਲਾ ਕਲੀਨਿਕ ਬਣਾਏ, ਸ਼ਾਨਦਾਰ ਹਸਪਤਾਲ ਬਣਾਏ ਸਾਰਿਆਂ ਦਾ ਇਲਾਜ ਮੁਫ਼ਤ ਕੀਤਾ। ਮੈਂ ਵੀ ਜੇਲ ’ਚ ਇਸ ਲਈ ਨਹੀਂ ਹਾਂ ਕਿ ਮੈਂ ਕੋਈ ਭ੍ਰਿਸ਼ਟਾਚਾਰ ਕਰ ਦਿਤਾ। ਮੈਂ ਲੋਕਾਂ ਲਈ ਬਿਜਲੀ ਮੁਫ਼ਤ ਕਰ ਦਿਤੀ। ਸ਼ਾਨਦਾਰ ਪਾਣੀ ਦਾ ਪ੍ਰਬੰਧ ਕਰ ਦਿਤਾ। ਸੜਕਾਂ ਬਣਾ ਦਿਤੀਆਂ। ਸਾਡੇ ਕੰਮਾਂ ਕਾਰਨ ਸਾਨੂੰ ਜੇਲ ’ਚ ਡੱਕ ਦਿਤਾ। ਅੱਜ ਦੇਸ਼ ਅੰਦਰ ਏਨੀ ਤਾਨਾਸ਼ਾਹੀ ਦਾ ਮਾਹੌਲ ਹੋ ਗਿਆ ਹੈ, ਏਨੀ ਗੁੰਡਾਗਰਦੀ ਦਾ ਮਾਹੌਲ ਹੋ ਗਿਆ ਹੈ ਇਨ੍ਹਾਂ ਲੋਕਾਂ ਦੇ ਸਮੇਂ ਕਿ ਅੱਜ ਅਸੀਂ ਦੇਸ਼ ਨੂੰ ਬਚਾਉਣ ਲਈ ਜੇਲ ’ਚ ਜਾ ਰਹੇ ਹਾਂ। ਉਹ ਲੋਕ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਜੇਲ ’ਚ ਗਏ ਸਨ ਅਸੀਂ ਦੇਸ਼ ਨੂੰ ਬਚਾਉਣ ਲਈ ਜੇਲ ਜਾ ਰਹੇ ਹਾਂ। ਮੈਨੂੰ ਇਸ ਗੱਲ ਦਾ ਮਾਣ ਸੀ ਕਿ ਮੈਂ ਦੇਸ਼ ਨੂੰ ਬਚਾਉਣ ਲਈ ਜੇਲ ਜਾ ਰਿਹਾ ਹਾਂ। ਮੈਨੂੰ 2 ਜੂਨ ਨੂੰ ਮੁੜ ਜੇਲ ਜਾਣਾ ਪਵੇਗਾ। ਇਹ ਭਾਵੇਂ ਸਾਰੀ ਜ਼ਿੰਦਗੀ ਮੈਨੂੰ ਜੇਲ ’ਚ ਰੱਖ ਲੈਣ ਪਰ ਮੈਨੂੰ ਤੋੜ ਨਹੀਂ ਸਕਦੇ, ਝੁਕਾ ਨਹੀਂ ਸਕਦੇ। 

ਸਵਾਲ : ਤੁਸੀਂ ਜਿਵੇਂ ਜੇਲ ਚਲੇ ਜਾਓਗੇ ਅਤੇ ਅਮਿਤ ਸ਼ਾਹ ਜੀ ਪੰਜਾਬ ’ਚ ਆ ਕੇ ਕਹਿ ਕੇ ਗਏ ਹਨ ਕਿ ਪੰਜਾਬ ਸਰਕਾਰ ਡਿੱਗ ਜਾਵੇਗੀ। ਕੀ ਪਾਰਟੀ ਇਹ ਖ਼ਤਰਾ ਸੰਭਾਲ ਸਕੇਗੀ? 

ਕੇਜਰੀਵਾਲ : ਤੁਸੀਂ ਇਕ ਗੱਲ ਦੱਸੋ ਦੇਸ਼ ਦਾ ਗ੍ਰਹਿ ਮੰਤਰੀ ਆ ਕੇ ਖੁੱਲ੍ਹੇਆਮ ਧਮਕੀ ਦੇ ਕੇ ਜਾ ਰਿਹਾ ਹੈ ਕਿ 4 ਜੂਨ ਤੋਂ ਬਾਅਦ ਪੰਜਾਬ ਦੇ ਤਿੰਨ ਕਰੋੜ ਲੋਕਾਂ ਨੇ ਜੋ ਸਰਕਾਰ ਚੁਣੀ ਹੈ ਉਸ ਨੂੰ ਡੇਗ ਦੇਵਾਂਗਾ। ਮੁੱਖ ਮੰਤਰੀ ਨੂੰ ਹਟਾ ਦੇਵਾਂਗਾ। ਕੀ ਇਸ ਦੇਸ਼ ਨੇ ਏਨੀ ਤਾਨਾਸ਼ਾਹ ਅਤੇ ਗੁੰਡਾਗਰਦੀ ਵੇਖੀ ਸੀ? ਕੋਈ ਛੋਟੀ-ਮੋਟੀ ਸਰਕਾਰ ਨਹੀਂ ਹੈ, ਸਾਡੇ 117 ’ਚੋਂ 92 ਵਿਧਾਇਕ ਹਨ। ਕੀ ਯੋਜਨਾ ਹੈ ਇਨ੍ਹਾਂ ਦੀ? ਤੋੜਨਗੇ, ਧਮਕਾਉਣਗੇ, ਈ.ਡੀ. ਭੇਜਣਗੇ ਪੰਜਾਬੀ ਵਿਧਾਇਕਾਂ ਵਿਰੁਧ, ਸੀ.ਬੀ.ਆਈ. ਨੂੰ ਭੇਜਣਗੇ, ਪੈਸੇ ਨਾਲ ਖ਼ਰੀਦਣਗੇ ਜਾਂ ਰਾਸ਼ਟਰਪਤੀ ਸ਼ਾਸਨ ਲਗਾਉਣਗੇ। ਕੀ ਕਰਨਗੇ ਇਹ? ਮੈਂ ਅਮਿਤ ਸ਼ਾਹ ਜੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਪੰਜਾਬੀ ਜੋ ਹਨ ਬਹੁਤ ਵੱਡੇ ਦਿਲ ਦੇ ਹੁੰਦੇ ਹਨ। ਤੁਸੀਂ ਪਿਆਰ ਨਾਲ ਮੰਗ ਲੈਂਦੇ ਇਕ-ਅੱਧ ਸੀਟ ਦੇ ਦਿੰਦੇ। ਜੋ ਤੁਸੀਂ ਇਹ ਧਮਕੀ ਦੇ ਕੇ ਜਾ ਰਹੇ ਹੋ ਨਾ, ਇਹ ਤੁਸੀਂ ਪੰਜਾਬੀਅਤ ਨੂੰ ਧਮਕੀ ਦਿਤੀ ਹੈ। ਪੰਜਾਬ ਦੇ 3 ਕਰੋੜ ਲੋਕਾਂ ਨੂੰ। ਅਜਿਹਾ ਨਾ ਸੋਚ ਲੈਣਾ ਕਿ ਹੁਣ ਪੰਜਾਬੀ ਚੁਪ ਬੈਠ ਜਾਣਗੇ। ਦੂਜੀ ਗੱਲ ਇਹ ਲੋਕ ਮੁਫ਼ਤ ਬਿਜਲੀ ਨੂੰ ਰੋਕਣਾ ਚਾਹੁੰਦੇ ਹਨ ਜਿਵੇਂ ਅਸੀਂ ਦਿੱਲੀ ਅਤੇ ਪੰਜਾਬ ’ਚ ਕਰ ਦਿਤੀ ਹੈ। ਇਸ ਲਈ ਪੰਜਾਬ ਦੇ ਲੋਕਾਂ ਨੂੰ ਮੈਂ ਚੌਕਸ ਕਰਨਾ ਚਾਹੁੰਦਾ ਹੈ ਕਿ ਜੇਕਰ ਤੁਸੀਂ ਕਮਲ ਦਾ ਬਟਨ ਦਬਾਇਆ ਤਾਂ ਤੁਹਾਡੀ ਮੁਫ਼ਤ ਬਿਜਲੀ ਬੰਦ ਹੋ ਜਾਵੇਗੀ। 

ਸਵਾਲ : ਤੁਸੀਂ ਕਹਿ ਰਹੇ ਹੋ ਕਿ ਇਹ ਰਾਖਵਾਂਕਰਨ ਖ਼ਤਮ ਕਰ ਦੇਣਗੇ? ਅਜਿਹਾ ਕਿਉਂ ਕਹਿ ਰਹੇ ਹੋ? 

ਕੇਜਰੀਵਾਲ : ਇਹ ਕਹਿ ਰਹੇ ਹਨ ਕਿ ਸਾਨੂੰ 400 ਤੋਂ ਵੱਧ ਸੀਟਾਂ ਚਾਹੀਦੀਆਂ ਹਨ। ਸਰਕਾਰ ਤਾਂ 300 ਨਾਲ ਵੀ ਚਲ ਜਾਂਦੀ। 400 ਕਿਉਂ ਚਾਹੀਦੀਆਂ ਹਨ। ਅੰਦਰ ਤੋਂ ਪਤਾ ਲੱਗਾ ਹੈ ਕਿ ਇਹ ਰਾਖਵਾਂਕਰਨ ਖ਼ਤਮ ਕਰਨਾ ਚਾਹੁੰਦੇ ਹਨ। ਇਹ ਭਾਜਪਾ (ਭਾਰਤੀ ਜਨਤਾ ਪਾਰਟੀ), ਆਰ.ਐਸ.ਐਸ. (ਰਾਸ਼ਟਰੀ ਸਵੈਮਸੇਵਕ ਸੰਘ) ਸ਼ੁਰੂ ਤੋਂ ਹੀ ਰਾਖਵਾਂਕਰਨ ਵਿਰੁਧ ਰਹੇ ਹਨ। 

ਸਵਾਲ : ਤੁਹਾਨੂੰ ਕੀ ਲਗਦਾ ਹੈ ਕਿ ਲੋਕ 400 ਪਾਰ ਜਾਣਗੇ ਜਾਂ ਨਹੀਂ? 

ਕੇਜਰੀਵਾਲ: ਮੈਂ ਪੂਰੇ ਦੇਸ਼ ’ਚ ਘੁੰਮਿਆ ਹਾਂ। ਸਭ ਤੋਂ ਜ਼ਿਆਦਾ ਲੋਕ ਮਹਿੰਗਾਈ ਅਤੇ ਬੇਰੁਜ਼ਗਾਰੀ ਤੋਂ ਪ੍ਰੇਸ਼ਾਨ ਹਨ। ਲੋਕਾਂ ਦਾ ਘਰਾਂ ਦਾ ਖ਼ਰਚਾ ਨਹੀਂ ਚਲ ਰਿਹਾ। ਉਹ ਉਮੀਦ ਕਰਦੇ ਹਨ ਸਾਡੇ ਪ੍ਰਧਾਨ ਮੰਤਰੀ ਮਹਿੰਗਾਈ ਅਤੇ ਬੇਰੁਜ਼ਗਾਰੀ ਦਾ ਹੱਲ ਦੇਣਗੇ। ਪਰ ਜਦੋਂ ਉਹ ਟੀ.ਵੀ. ਚਲਾਉਂਦੇ ਹਨ ਤਾਂ ਪ੍ਰਧਾਨ ਮੰਤਰੀ ਬੋਲ ਰਹੇ ਹੁੰਦੇ ਹਨ ਕਿ ‘ਇੰਡੀਆ’ ਗੱਠਜੋੜ ਵਾਲਿਆਂ ਨੂੰ ਵੋਟ ਦਿਤਾ ਤਾਂ ਉਹ ਤੁਹਾਡੀ ਮੱਝ ਖੋਹ ਕੇ ਲੈ ਜਾਣਗੇ। ‘ਇੰਡੀਆ’ ਗੱਠਜੋੜ ਵਾਲਿਆਂ ਨੂੰ ਵੋਟ ਦਿਤਾ ਤਾਂ ਉਹ ਤੁਹਾਡਾ ਮੰਗਲਸੂਤਰ ਖੋਹ ਕੇ ਲੈ ਜਾਣਗੇ।’ ਮੁੰਬਈ ’ਚ ਜਾ ਕੇ ਬੋਲੇ ਸ਼ਰਦ ਪਵਾਰ ਭਟਕਦੀ ਆਤਮਾ ਹਨ। ਊਧਵ ਠਾਕਰੇ ਨੂੰ ਅਪਣੇ ਪਿਤਾ ਦੀ ਨਕਲੀ ਸੰਤਾਨ ਦਸਿਆ। ਲੋਕ ਉਨ੍ਹਾਂ ਵਲ ਇਹ ਸੋਚ ਕੇ ਵੇਖਦੇ ਹਨ ਕਿ ਉਹ ਪਟਰੌਲ ਸਸਤਾ ਕਰ ਦੇਣਗੇ, ਡੀਜ਼ਲ ਸਸਤਾ ਕਰਨਗੇ, ਦੁੱਧ ਸਸਤਾ ਕਰਨਗੇ, ਖਾਣ-ਪੀਣ ਦੀਆਂ ਚੀਜ਼ਾਂ ਸਸਤੀਆਂ ਕਰ ਦੇਣਗੇ, ਪਰ ਉਹ ਅਜਿਹੀ ਕੋਈ ਗੱਲ ਹੀ ਨਹੀਂ ਕਰਦੇ। ਸਿਰਫ਼ ਵਿਰੋਧੀਆਂ ਨੂੰ ਗਾਲੀਆਂ ਦੇ ਨਾਂ ’ਤੇ ਵੋਟ ਮੰਗ ਰਹੇ ਹਨ। ਉਹ ਜਨਤਾ ਤੋਂ ਬਿਲਕੁਲ ਕੱਟ ਚੁਕੇ ਹਨ। ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਦੇਸ਼ ਅੰਦਰ ਕੀ ਚਲ ਰਿਹਾ ਹੈ। ਲੋਕਾਂ ਦਾ ਘਰ ਨਹੀਂ ਚਲ ਰਿਹਾ ਹੈ। ਇਨ੍ਹਾਂ ਦਾ ਹੰਕਾਰ ਏਨਾ ਵਧ ਚੁਕਾ ਹੈ ਕਿ ਪਿਛਲੇ 10-15 ਦਿਨਾਂ ਅੰਦਰ ਜਿੰਨੇ ਇੰਟਰਵਿਊ ਦਿਤੇ ਹਨ ਉਸ ’ਚ ਖ਼ੁਦ ਨੂੰ ‘ਰੱਬ ਦਾ ਅਵਤਾਰ’ ਦਸ ਰਹੇ ਹਨ ਅਤੇ ਜਨਤਾ ਨੂੰ ਕੀੜੇ-ਮਕੌੜੇ ਸਮਝਣ ਲੱਗ ਪਏ ਹਨ। 400 ਤਾਂ ਕੀ ਇਨ੍ਹਾਂ ਨੂੰ 200 ਸੀਟਾਂ ਨਹੀਂ ਮਿਲਣਗੀਆਂ। ਸਿਆਸਤ ਲੋਕਾਂ ਨੂੰ ਹੱਥ ਜੋੜ ਕੇ, ਗਲੇ ਲਗਾ ਕੇ ਕੀਤੀ ਜਾਂਦੀ ਹੈ। ਇਸ ਤਰ੍ਹਾਂ ਦਾ ਹੰਕਾਰ ਜਨਤਾ ਬਰਦਾਸ਼ਤ ਨਹੀਂ ਕਰਦੀ। 

ਸਵਾਲ : ਪੰਜਾਬ ’ਚ ਤੁਹਾਨੂੰ ਲੋਕਾਂ ਦਾ ਹੁੰਗਾਰਾ ਕਿਸ ਤਰ੍ਹਾਂ ਦਾ ਮਿਲਿਆ? 

ਕੇਜਰੀਵਾਲ: ਪੰਜਾਬ ਦੇ ਲੋਕਾਂ ਨੇ ਪਹਿਲਾਂ ਕਦੇ ਅਜਿਹੀ ਸਰਕਾਰ ਨਹੀਂ ਵੇਖੀ ਹੈ ਜੋ ਹੁਣ ਹੈ। ਮੈਂ ਇਹ ਨਹੀਂ ਕਹਾਂਗਾ ਕਿ ਸਾਰਾ ਕੁੱਝ ਠੀਕ ਹੋ ਗਿਆ ਹੈ। ਪਰ ਸਹੀ ਦਿਸ਼ਾ ਵਲ ਸਰਕਾਰ ਚਲਣੀ ਚਾਲੂ ਹੋ ਗਈ ਹੈ। ਪਹਿਲਾਂ ਜੋ ਸਰਕਾਰਾਂ ਸਨ ਉਨ੍ਹਾਂ ’ਚ ਏਨਾ ਭ੍ਰਿਸ਼ਟਾਚਾਰ ਸੀ ਕਿ ਜਨਤਾ ਲਈ ਕੁਝ ਨਹੀਂ ਕਰਦੇ ਸਨ। ਲੋਕਾਂ ਦੀ ਬਿਜਲੀ ਮੁਫ਼ਤ ਹੋ ਗਈ। ਲੋਕਾਂ ਨੂੰ ਪੁਛਦਾ ਹਾਂ ਕਿ ਮੁਹੱਲਾ ਕਲੀਨਿਕ ’ਚ ਮੁਫ਼ਤ ਇਲਾਜ ਮਿਲ ਰਿਹਾ ਹੈ ਤਾਂ ਉਹ ਕਹਿੰਦੇ ਹਨ ਕਿ ਮਿਲ ਰਿਹਾ ਹੈ। ਫਿਰ ਮੈਂ ਪੁਛਦਾ ਹਾਂ ਕਿ ਸਕੂਲ ਠੀਕ ਚਲ ਰਹੇ ਹਨ, ਉਹ ਕਹਿੰਦੇ ਹਨ ਕਿ ਹਾਂ ਜੀ ਚਲ ਰਹੇ ਹਨ। ਤਾਂ ਚੰਗਾ ਕੰਮ ਹੋਣਾ ਚਾਲੂ ਹੋ ਗਿਆ ਹੈ। ਹੁਣ ਜਨਤਾ ਮਨ ਬਣਾ ਚੁਕੀ ਹੈ ਕਿ ਕੇਂਦਰ ਸਰਕਾਰ ਨਾਲ ਜੋ ਅਸੀਂ ਕਮਜ਼ੋਰ ਪੈ ਜਾਂਦੇ ਹਾਂ ਜਿਵੇਂ ਕੇਂਦਰ ਨੇ ਸਾਡੇ 9 ਹਜ਼ਾਰ ਕਰੋੜ ਰੁਪਏ ਰੋਕੇ ਹੋਏ ਹਨ, ਤਾਂ ਜਨਤਾ ਮਨ ਬਣਾ ਚੁੱਕੀ ਹੈ ਸਾਰੀਆਂ 13 ਸੀਟਾਂ ‘ਆਪ’ ਨੂੰ ਦੇਣੀਆਂ ਜ਼ਰੂਰੀ ਹਨ ਤਾਕਿ ਕੇਂਦਰ ਸਰਕਾਰ ਤੋਂ ਵੀ ਅਸੀਂ ਅਪਣਾ ਹੱਕ ਲਿਆ ਸਕੀਏ। 

ਸਵਾਲ : ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤੁਸੀਂ ਇਕ ਯੋਜਨਾ ਬਣਾਈ ਸੀ। ਹੁਣ ਤਕ ਤੁਹਾਨੂੰ ਕੀ ਲਗਦਾ ਹੈ ਕਿ ਕਦੋਂ ਤਕ ਕੰਮ ਪੂਰਾ ਹੋ ਜਾਵੇਗਾ? 

ਕੇਜਰਵਾਲ : ਪੰਜ ਸਾਲਾਂ ’ਚ ਹੋ ਜਾਵੇਗਾ। ਬਹੁਤ ਕੰਮ ਕਰ ਰਹੇ ਹਾਂ। ਬਹੁਤ ਮੁਸ਼ਕਲਾਂ ਵੀ ਆ ਰਹੀਆਂ ਹਨ। ਸ਼ੁਰੂ ’ਚ ਬਹੁਤ ਰੇੜਕੇ ਸਨ ਪਰ ਹੁਣ ਰਫ਼ਤਾਰ ਫੜ ਲਈ ਹੈ। 

ਸਵਾਲ : ਕਾਂਗਰਸ ਨਾਲ ਤੁਹਾਡੀ ਜੋ ‘ਅਰੇਂਜ ਮੈਰਿਜ’ ਹੋਈ ਹੈ ਉਹ ਹੌਲੀ-ਹੌਲ ਪਿਆਰ ’ਚ ਬਦਲੇਗੀ ਜਾਂ ਟੁੱਟ ਜਾਵੇਗੀ?

ਕੇਜਰੀਵਾਲ: (ਹੱਸਦੇ ਹੋਏ) ਇਹ ਵੇਖੋ ਕੋਈ ਵਿਆਹ ਨਹੀਂ ਹੈ, ਕੋਈ ਪਿਆਰ ਨਹੀਂ ਹੈ, ਕੋਈ ਅਰੇਂਜ ਮੈਰਿਜ ਨਹੀਂ ਹੈ। ਇਸ ਸਮੇਂ ਦੇਸ਼ ਨੂੰ ਇਨ੍ਹਾਂ (ਭਾਜਪਾ) ਦੀ ਤਾਨਾਸ਼ਾਹੀ ਅਤੇ ਗੁੰਡਾਗਰਦੀ ਤੋਂ ਬਚਾਉਣਾ ਜ਼ਰੂਰੀ ਸੀ। ਲੋਕਤੰਤਰ ਨੂੰ ਬਚਾਉਣਾ ਜ਼ਰੂਰੀ ਸੀ। ਉਸ ਲਈ ਅਸੀਂ ਬਹੁਤ ਸਾਰੀਆਂ ਪਾਰਟੀਆਂ ਇਕੱਠੀਆਂ ਹੋਈਆਂ ਹਾਂ। ਜੇਕਰ ਇਸ ਵੇਲੇ ਅਸੀਂ ਇਕੱਠਾ ਨਾ ਹੁੰਦੇ ਤਾਂ ਆਉਣ ਵਾਲਾ ਭਵਿੱਖ, ਆਉਣ ਵਾਲੀ ਪੀੜ੍ਹੀ ਸਾਨੂੰ ਮਾਫ਼ ਨਾ ਕਰਦਾ ਕਿ ਜਦੋਂ ਦੇਸ਼ ਨੂੰ ਜ਼ਰੂਰਤ ਸੀ ਤਾਂ ਤੁਸੀਂ ਆਪਸ ’ਚ ਲੜ ਰਹੇ ਸੀ? 

ਸਵਾਲ : ਆਖ਼ਰੀ ਸਵਾਲ। ਪੰਜਾਬ ਬਾਰੇ ਤੁਹਾਡੀ ਭਵਿੱਖਬਾਣੀ ਕੀ ਹੈ?

ਕੇਜਰੀਵਾਲ: ਪੰਜਾਬ ’ਚ ਮੈਨੂੰ ਲਗਦਾ ਹੈ ਸਾਨੂੰ ਸਾਰੀਆਂ ਸੀਟਾਂ ਮਿਲਣਗੀਆਂ। ਜਨਤਾ ਮਨ ਬਣਾ ਚੁਕੀ ਹੈ ਅਤੇ ਮੈਂ ਜਨਤਾ ਨੂੰ ਅਪੀਲ ਵੀ ਕਰਨਾ ਚਾਹਾਂਗਾ ਕਿ ਜੇਕਰ 13 ਦੀਆਂ 13 ਸੀਟਾਂ ਦਿਉਗੇ ਤਾਂ ਭਗਵੰਤ ਮਾਨ ਦੇ 13 ਹੱਥ ਹੋਣਗੇ ਜੋ ਕੇਂਦਰ ਸਰਕਾਰ ਕੋਲੋਂ ਲੜ ਕੇ ਤੁਹਾਡੇ ਹੱਕ ਲੈ ਕੇ ਆਉਣਗੇ। ਦੂਜੀ ਕਿਸੇ ਪਾਰਟੀ ਨੂੰ ਦੇ ਦਿਤੇ ਤਾਂ ਉਹ ਸਾਡੇ ਨਾਲ ਹੀ ਲੜਨਗੇ। ਤਾਂ ਜੇਕਰ ਚੰਗੀ ਤਰ੍ਹਾਂ ਸਰਕਾਰ ਚਲਾਉਣੀ ਹੈ ਤਾਂ ਜੇਕਰ ਸਾਡੇ ਸਾਰੇ 13 ਸੰਸਦ ਮੈਂਬਰ ਹੋਣਗੇ ਤਾਂ ਉਹ ਮਿਲ ਕੇ ਪੰਜਾਬ ਦੇ ਹੱਕ ਲੈ ਕੇ ਆਉਣਗੇ। 

SHARE ARTICLE

ਏਜੰਸੀ

Advertisement

Gurdwara Sri Kartarpur Sahib completely submerged in water after heavy rain Pakistan|Punjab Floods

27 Aug 2025 3:16 PM

400 ਬੱਚਿਆਂ ਦੇ ਮਾਂ-ਪਿਓ ਆਏ ਕੈਮਰੇ ਸਾਹਮਣੇ |Gurdaspur 400 students trapped as floodwaters |Punjab Floods

27 Aug 2025 3:13 PM

'ਅਕਾਲੀਆਂ ਦੇ ਝੂਠ ਦਾ ਪਰਦਾਫ਼ਾਸ਼, Video Edit ਕਰਕੇ Giani harpreet singh ਨੂੰ ਕੀਤਾ ਗਿਆ ਬਦਨਾਮ'| Sukhbir Badal

24 Aug 2025 3:07 PM

Florida Accident: Truck Driver Harjinder Singh ਨੂੰ ਕੋਈ ਸਜ਼ਾ ਨਾ ਦਿਓ, ਇਸ ਨੂੰ ਬੱਸ ਘਰ ਵਾਪਸ ਭੇਜ ਦਿੱਤਾ ਜਾਵੇ

24 Aug 2025 3:07 PM

Greater Noida dowry death : ਹਾਏ ਓਹ ਰੱਬਾ, ਮਾਪਿਆਂ ਦੀ ਸੋਹਣੀ ਸੁਨੱਖੀ ਧੀ ਨੂੰ ਜ਼ਿੰ+ਦਾ ਸਾ+ੜ'ਤਾ

24 Aug 2025 3:06 PM
Advertisement