
ਮਿਸ਼ਨ ਤੰਦਰੁਸਤ ਪੰਜਾਬ ਅਧੀਨ ਡਿਪਟੀ ਕਮਿਸ਼ਨਰ ਕੰਵਲਪ੍ਰੀਤ ਬਰਾੜ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਨੇ........
ਫਤਿਹਗੜ੍ਹ ਸਾਹਿਬ : ਮਿਸ਼ਨ ਤੰਦਰੁਸਤ ਪੰਜਾਬ ਅਧੀਨ ਡਿਪਟੀ ਕਮਿਸ਼ਨਰ ਕੰਵਲਪ੍ਰੀਤ ਬਰਾੜ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਨੇ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ਼ ਦੇ ਸਾਹਮਣੇ ਜੂਸ ਵੇਚਣ ਵਾਲੀਆਂ ਦੁਕਾਨਾਂ 'ਤੇ ਅਚਨਚੇਤ ਛਾਪਾ ਮਾਰਿਆ ਅਤੇ ਮੌਕੇ 'ਤੇ 5 ਕੁਇੰਟਲ ਤੋਂ ਵੀ ਵੱਧ ਪਾਏ ਗਏ ਗਲ੍ਹੇ ਸੜੇ ਕੇਲੇ, ਅਨਾਨਾਸ ਤੇ ਪਪੀਤੇ ਨਸ਼ਟ ਕਰਵਾਏ ਗਏ। ਇਥੇ ਵਰਨਣਯੋਗ ਹੈ ਕਿ ਇਨ੍ਹਾਂ ਦੁਕਾਨਾਂ 'ਤੇ ਸਾਫ ਸਫਾਈ ਦਾ ਵੀ ਬਹੁਤ ਬੁਰਾ ਹਾਲ ਸੀ ਅਤੇ ਸਫਾਈ ਲਈ ਲੋੜੀਂਦੇ ਇਤਿਆਦ ਵੀ ਨਹੀਂ ਵਰਤੇ ਜਾ ਰਹੇ ਸਨ।
ਡੀਸੀ ਨੇ ਜ਼ਿਲਾ ਫੂਡ ਸੁਰੱਖਿਆ ਅਫਸਰ ਜਸਪਿੰਦਰ ਕੌਰ ਔਜਲਾ ਨੂੰ ਸਖਤ ਨਿਰਦੇਸ਼ ਦਿੱਤੇ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਗਲੇ ਸੜੇ ਫਲਾਂ ਦਾ ਆਮ ਲੋਕਾਂ ਨੂੰ ਜੂਸ ਵੇਚਣ ਵਾਲੇ ਇਨ੍ਹਾਂ ਵਿਕ੍ਰੇਤਾਵਾਂ ਵਿਰੁੱਧ ਫੂਡ ਸੇਫਟੀ ਐਕਟ ਅਧੀਨ ਕੇਸ ਦਰਜ਼ ਕਰਕੇ ਸਖਤ ਕਾਰਵਾਈ ਕੀਤੀ ਜਾਵੇ ਅਤੇ ਭਾਰੀ ਜੁਰਮਾਨੇ ਕੀਤੇ ਜਾਣ। ਮੌਕੇ 'ਤੇ ਹੀ ਨਗਰ ਕੌਂਸਲ ਦੇ ਅਧਿਕਾਰੀਆਂ ਵਲੋਂ ਦੋਵਾਂ ਦੁਕਾਨਦਾਰਾਂ ਦੇ ਚਲਾਨ ਕੱਟ ਕੇ ਜੁਰਮਾਨਾ ਵਸੂਲ ਕੀਤਾ।
ਇਸ ਮੌਕੇ ਡੀਸੀ ਸ. ਬਰਾੜ ਨੇ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਦੁਕਾਨਦਾਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਜੇਕਰ ਕੋਈ ਵੀ ਫੜਿਆ ਗਿਆ ਤਾਂ ਉਸ ਵਿਰੁਧ ਸਖ਼ਤ ਕਾਰਵਾਈ ਹੋਵੇਗੀ। ਫੂਡ ਸੇਫਟੀ ਟੀਮ ਵਿਚ ਪੀ.ਸੀ.ਅੱੈਸ. ਅਧਿਕਾਰੀ ਕਰਮਜੀਤ ਸਿੰਘ, ਸਹਾਇਕ ਸਿਵਲ ਸਰਜਨ ਡਾ. ਕ੍ਰਿਪਾਲ ਸਿੰਘ, ਜ਼ਿਲਾ ਸਿਹਤ ਅਫਸਰ ਡਾ. ਨਵਜੋਤ ਕੌਰ, ਸਹਾਇਕ ਕਮਿਸ਼ਨਰ ਫੂਡ ਅਦਿੱਤੀ ਗੁਪਤਾ ਤੇ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਵੀ ਸ਼ਾਮਲ ਸਨ।