
ਅੰਤਰ ਰਾਸ਼ਟਰੀ ਨਸ਼ਾ ਵਿਰੋਧੀ ਅਤੇ ਗੈਰ ਕਾਨੂੰਨੀ ਵਪਾਰ ਦਿਵਸ ਮੌਕੇ ਪੰਜਾਬ ਜੇਲ੍ਹ ਟ੍ਰੇਨਿੰਗ ਸਕੂਲ ਪਟਿਆਲਾ ਵਿਖੇ ਇਕ ਸੈਮੀਨਾਰ ਕਰਵਾਇਆ ........
ਪਟਿਆਲਾ : ਅੰਤਰ ਰਾਸ਼ਟਰੀ ਨਸ਼ਾ ਵਿਰੋਧੀ ਅਤੇ ਗੈਰ ਕਾਨੂੰਨੀ ਵਪਾਰ ਦਿਵਸ ਮੌਕੇ ਪੰਜਾਬ ਜੇਲ੍ਹ ਟ੍ਰੇਨਿੰਗ ਸਕੂਲ ਪਟਿਆਲਾ ਵਿਖੇ ਇਕ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਸਮੇਤ ਹਿਮਾਚਲ ਰਾਜ ਦੀਆਂ ਜੇਲ੍ਹਾਂ ਦੇ ਅਫ਼ਸਰਾਂ ਅਤੇ ਮੁਲਾਜਮਾਂ ਨੇ ਹਿੱਸਾ ਲਿਆ। ਸੈਮੀਨਾਰ 'ਚ ਰਜਿੰਦਰਾ ਹਸਪਤਾਲ ਦੇ ਮਨੋਰੋਗ ਵਿਭਾਗ ਦੇ ਮੁਖੀ ਅਤੇ ਪ੍ਰਿੰਸੀਪਲ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਡਾ. ਬੀ.ਐਸ. ਸਿੱਧੂ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਦਿਆਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਨਸ਼ਿਆਂ ਨਾਲ ਹੋਣ ਵਾਲੇ ਨੁਕਸਾਨ ਅਤੇ ਨਸ਼ਿਆਂ ਦੀ ਰੋਕਥਾਮ ਅਤੇ ਨਸ਼ੇੜੀਆਂ ਦੀ ਪਹਿਚਾਣ ਬਾਰੇ ਜਾਣਕਾਰੀ ਦਿੱਤੀ।
ਡਾ. ਸਿੱਧੂ ਨੇ ਜੇਲ੍ਹ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਨਸ਼ੇੜੀਆਂ ਦਾ ਨਸ਼ਾ ਛੁਡਾਉਣ ਲਈ ਨਿਭਾਈ ਜਾ ਰਹੀ ਭੂਮਿਕਾ ਦੀ ਸ਼ਲਾਘਾ ਕੀਤੀ। ਇਸ ਮੌਕੇ ਭਾਈ ਘਨੱਈਆ ਇੰਸਟੀਚਿਊਟ ਆਫ ਪੈਰਾ ਮੈਡੀਕਲ ਦੇ ਪ੍ਰਿੰਸੀਪਲ ਸ਼੍ਰੀ ਨੀਰਜ ਭਾਰਦਵਾਜ ਅਤੇ ਸਮਾਜ ਸੇਵਕ ਸ਼੍ਰੀ ਕਾਕਾ ਰਾਮ ਵਰਮਾ ਸਮੇਤ ਉਘੇ ਰੰਗ ਕਰਮੀ ਨਾਟਕਕਾਰ ਸ਼੍ਰੀ ਪ੍ਰਾਣ ਸਭਰਵਾਲ ਨੇ ਵੀ ਉਚੇਚੇ ਤੌਰ ਤੇ ਭਾਗ ਲਿਆ ਅਤੇ ਨਸ਼ਿਆਂ ਕਾਰਨ ਹੋ ਰਹੇ ਆਰਥਿਕ ਅਤੇ ਸਮਾਜਿਕ ਨੁਕਸਾਨ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ।
ਇਸ ਮੌਕੇ ਸਹਾਇਕ ਸੁਪਰਡੈਂਟ ਮੁਕੇਸ਼ ਕੁਮਾਰ ਸ਼ਰਮਾ ਅਤੇ ਚੀਫ਼ ਡਰਿੱਲ ਇੰਸਟ੍ਰੱਕਟਰ ਇਕਬਾਲ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਤੇ ਨਸ਼ਿਆਂ ਨਾਲ ਹੋਣ ਵਾਲੇ ਖੋਖਲੇਪਨ ਬਾਰੇ ਦੱਸਿਆ। ਇਸ ਦੌਰਾਨ ਡਰਿੱਲ ਇੰਸਟ੍ਰੱਕਟਰ ਹਰਪਾਲ ਸਿੰਘ, ਮਨਜੀਤ ਸਿੰਘ ਤੇ ਜਸਵੀਰ ਚੰਦ ਵੀ ਹਾਜ਼ਰ ਰਹੇ। ਅਖੀਰ ਵਿੱਚ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਨਸ਼ਿਆਂ ਵਿਰੁਧ ਜੰਗ ਲੜਨ ਲਈ ਸੌਂਹ ਚੁਕਾਈ ਗਈ।