
ਕਿਹਾ, ਕੇਂਦਰ ਸਰਕਾਰ ਸੂਬਿਆਂ ਦੇ ਅਧਿਕਾਰ ਖੋਹ ਰਹੀ ਹੈ, ਖੇਤਰੀ ਪਾਰਟੀ ਦੇ ਗਠਨ ਲਈ ਯਤਨ ਸ਼ੁਰੂ
ਚੰਡੀਗੜ੍ਹ, 27 ਜੂਨ (ਗੁਰਉਪਦੇਸ਼ ਭੁੱਲਰ) : ਆਪ ਦੇ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੋਦੀ ਸਰਕਾਰ ਵਲੋਂ ਜਾਰੀ ਤਿੰਨ ਖੇਤੀ ਆਰਡੀਨੈਂਸਾਂ ਨੂੰ ਪੂਰੀ ਤਰ੍ਹਾਂ ਕਿਸਾਨ ਮਾਰੂ ਦਸਦਿਆਂ ਕਿਹਾ ਹੈ ਕਿ ਪੰਜਾਬ ਦੀ ਸੂਬਾ ਸਰਕਾਰ ਨੂੰ ਤੁਰਤ ਇਨ੍ਹਾਂ ਆਰਡੀਨੈਂਸਾਂ 'ਤੇ ਚਰਚਾ ਲਈ ਵਿਧਾਨ ਸਭਾ ਦਾ ਇਕ ਦਿਨ ਦਾ ਵਿਸ਼ੇਸ਼ ਸੈਸ਼ਨ ਸੱਦਣਾ ਚਾਹੀਦਾ ਹੈ। ਉੁਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਬਾਦਲ ਇਕ-ਦੂਜੇ ਵਿਰੁਧ ਇਸ ਮੁੱਦੇ 'ਤੇ ਬਿਆਨਬਾਜ਼ੀ ਕਰ ਰਹੇ ਹਨ, ਜਿਸ ਦਾ ਕੋਈ ਫ਼ਾਇਦਾ ਨਹੀਂ ਅਤੇ ਵਿਧਾਨ ਸਭਾ ਸੈਸ਼ਨ ਬੁਲਾ ਕੇ ਹੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕਦਾ ਹੈ।
ਵਿਧਾਨ ਸਭਾ 'ਚ ਇਨ੍ਹਾਂ ਆਰਡੀਨੈਂਸਾਂ ਬਾਰੇ ਸਭ ਪਾਰਟੀਆਂ ਦਾ ਸਹੀ ਪੱਖ ਸਾਹਮਣੇ ਆ ਜਾਵੇਗਾ ਅਤੇ ਸਦਨ ਆਰਡੀਨੈਂਸਾਂ ਵਿਰੁਧ ਸਾਂਝਾ ਫ਼ੈਸਲਾ ਵੀ ਸੂਬੇ ਦੇ ਹਿਤ 'ਚ ਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਲਗਾਤਾਰ ਸੂਬਿਆਂ ਦੇ ਅਧਿਕਾਰ ਖੋਹਣ ਦੇ ਕਦਮ ਚੁਕ ਰਹੀ ਹੈ। ਉਨ੍ਹਾਂ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਆਉਂਦੀਆਂ ਚੋਣਾਂ 'ਚ ਟਕਸਾਲੀ ਅਕਾਲੀ ਦਲ ਸੁਖਦੇਵ ਸਿੰਘ ਢੀਂਡਸਾ ਆਦਿ ਨਾਲ ਮਿਲ ਕੇ ਤੀਜਾ ਬਦਲ ਤਿਆਰ ਕਰਨ ਦੇ ਯਤਨ ਹੋ ਰਹੇ ਹਨ। ਨਵਜੋਤ ਸਿੰਘ ਸਿੱਧੂ ਨੂੰ ਵੀ ਨਾਲ ਲੈਣ ਦਾ ਯਤਨ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਸੂਬੇ ਦੇ ਅਧਿਕਾਰਾਂ ਦੀ ਰਾਖੀ ਲਈ ਇਕ ਖੇਤਰੀ ਪਾਰਟੀ ਦੇ ਗਠਨ ਦੀ ਲੋੜ ਹੈ।
Photo
ਸਿੱਖ ਅਫ਼ਸਰਾਂ ਨੂੰ ਨੁਕਰੇ ਲਗਾਉਣ ਦਾ ਲਾਇਆ ਦੋਸ਼
ਇਸੇ ਦੌਰਾਨ ਖਹਿਰਾ ਨੇ ਕੈਪਟਨ ਸਰਕਾਰ 'ਚ ਸਿੱਖ ਅਫ਼ਸਰਾਂ ਨੂੰ ਨੁਕਰੇ ਲਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਅਹਿਮ ਅਹੁਦਿਆਂ 'ਤੇ ਜ਼ਿਲ੍ਹਿਆਂ 'ਚ ਵਧੇਰੇ ਡਿਪਟੀ ਕਮਿਸ਼ਨ ਗ਼ੈਰ ਸਿੱਖ ਲਾਏ ਗਏ ਹਨ। ਉਨ੍ਹਾਂ ਕਿਹਾ ਕਿ ਭਾਵੇਂ ਵਿਨੀ ਮਹਾਜਨ ਇਹ ਚੰਗੇ ਅਫ਼ਸਰ ਹਨ ਪਰ 5 ਸੀਨੀਅਰ ਅਧਿਕਾਰੀਆਂ ਨੂੰ ਨਜ਼ਰ ਅੰਦਾਜ਼ ਕਰ ਕੇ ਮੁੱਖ ਸਕੱਤਰ ਲਾਇਆ ਗਿਆ ਹੈ। ਉੁਨ੍ਹਾਂ ਕਿਹਾ ਕਿ ਕੇ.ਬੀ.ਐਸ. ਸਿੱਧੂ ਇਸ ਸਮੇਂ ਸੱਭ ਤੋਂ ਵੱਧ ਸੀਨੀਅਰ ਅਫ਼ਸਰ ਸਨ।
ਉਨ੍ਹਾਂ ਹੋਰ ਅੰਕੜੇ ਪੇਸ਼ ਕਰਦਿਆਂ ਦਸਿਆ ਕਿ ਜਿਥੇ ਬਹੁਤੇ ਅਹਿਮ ਕਮਿਸ਼ਨਾਂ ਦੇ ਚੇਅਰਮੈਨ ਗ਼ੈਰ ਸਿੱਖ ਹਨ, ਉਥੇ ਇਸ ਸਮੇਂ 22 'ਚੋਂ 15 ਜ਼ਿਲ੍ਹਿਆਂ ਨੇ ਡੀ.ਸੀ. ਵੀ ਗ਼ੈਰ ਸਿੱਖ ਹਨ ਜਿਨ੍ਹਾਂ 'ਚੋਂ ਕਈਆਂ ਨੂੰ ਤਾਂ ਪੰਜਾਬੀ ਵੀ ਪੂਰੀ ਸਮਝ ਨਹੀਂ ਆਉੁਂਦੀ। ਉੁਨ੍ਹਾਂ ਕਿਹਾ ਕਿ ਇਹ ਪੰਜਾਬੀ ਸੂਬੇ ਦੀ ਭਾਵਨਾ ਦੇ ਵੀ ਉਲਟ ਹੈ। ਕਈ ਸਿੱਖ ਅਫ਼ਸਰ ਵੀ ਬਹੁਤ ਕਾਬਲ ਹਨ ਜਿਨ੍ਹਾਂ ਨੂੰ ਕੈਪਟਨ ਨਜ਼ਰਅੰਦਾਜ਼ ਕਰ ਕੇ ਭਾਜਪਾ ਦੇ ਪ੍ਰਭਾਵ ਹੇਠ ਕੰਮ ਕਰ ਰਹੇ ਹਨ।