
ਚਿੱਲੀ ਤੋਂ ਬਾਅਦ ਮੈਕੋਸਿਕੋ ਤੋਂ 0-2 ਨਾਲ ਹਾਰੀ ਭਾਰਤੀ ਮਹਿਲਾ ਅੰਡਰ-17 ਟੀਮ
ਨਵੀਂ ਦਿੱਲੀ, 27 ਜੂਨ : ਭਾਰਤੀ ਮਹਿਲਾ ਟੀਮ ਨੂੰ ਐਤਵਾਰ ਨੂੰ ਇਟਲੀ ਦੇ ਵਿਲੇਸੇ ’ਚ ਖੇਡੇ ਜਾ ਰਹੇ ਛੇਵੇਂ ਟੋਰਨੇਓ ਮਹਿਲਾ ਅੰਡਰ-17 ਫੁੱਟਬਾਲ ਟੂਰਨਾਮੈਂਟ ਦੇ ਆਪਣੇ ਆਖ਼ਰੀ ਮੈਚ ’ਚ ਮੈਕਸਿਕੋ ਤੋਂ 0-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮੈਕਸਿਕੋ ਨੇ ਮੈਚ ਦੇ ਦੋਵੇਂ ਹਾਫ਼ ’ਚ ਇਕ-ਇਕ ਗੋਲ ਕੀਤਾ। ਟੀਮ ਲਈ ਕੈਥਰੀਨ ਸਿਲਾਸ ਤੇ ਐਲਿਸ ਗੈਲੇਗੋਸ ਨੇ ਇਹ ਗੋਲ ਕੀਤਾ। ਮੈਕਸਿਕੋ ਦੇ ਖਿਡਾਰੀਆਂ ਨੇ ਮੈਚ ਦੀ ਸ਼ੁਰੂਆਤ ਤੋਂ ਹੀ ਭਾਰਤ ’ਤੇ ਦਬਾਅ ਬਣਾ ਦਿਤਾ। ਮੈਚ ਦੇ 14ਵੇਂ ਮਿੰਟ ’ਚ ਭਾਰਤੀ ਗੋਲਕੀਪਰ ਮੇਲੋਡੀ ਚਾਨੂੰ ਨੇ ਸ਼ਾਨਦਾਰ ਬਚਾਅ ਕੀਤਾ ਪਰ ਸਿਲਾਸ ਨੇ ਰਿਬਾਊਂਡ ’ਤੇ ਗੋਲ ਕਰਕੇ ਖ਼ਾਤਾ ਖੋਲਿਆ। ਮੈਚ ਦੇ ਦੂਜੇ ਹਾਫ਼ ’ਚ ਭਾਰਤ ਨੂੰ ਬਰਾਬਰੀ ਕਰਨ ਦਾ ਮੌਕਾ ਮਿਲਿਆ ਪਰ ਪੂਰਣੀਮਾ ਕੁਮਾਰੀ ਦੀ ਕਿੱਕ ’ਤੇ ਗੇਂਦ ਗੋਲ ਪੋਸਟ ਦੇ ਉਪਰ ਤੋਂ ਲੰਘ ਗਈ। ਗੈਲੋਸ ਨੇ ਮੈਚ ਦੇ ਆਖ਼ਰੀ ਪਲਾਂ ’ਚ ਮੈਕਸਿਕੋ ਦੀ ਬੜ੍ਹਤ ਨੂੰ ਦੁਗਣਾ ਕਰ ਦਿਤਾ। (ਏਜੰਸੀ)