
ਬਲਦਾਂ ਦੀ ਲੜਾਈ ਦੌਰਾਨ ਡਿੱਗੀ ਦਰਸ਼ਕ ਗੈਲਰੀ, ਨਵਜਨਮੇ ਬੱਚੇ ਸਮੇਤ 4 ਦੀ ਮੌਤ
ਬੋਗੋਟਾ, 27 ਜੂਨ : ਮੱਧ ਕੋਲੰਬੀਆ ਵਿਚ ਐਤਵਾਰ ਨੂੰ ‘ਬੁੱਲਫ਼ਾਈਟ’ (ਬਲਦਾਂ ਦੀ ਲੜਾਈ) ਦੌਰਾਨ ਲਕੜੀ ਦੇ ਬਣੇ ਮੰਚ (ਦਰਸ਼ਕ ਗੈਲਰੀ) ਦਾ ਇਕ ਹਿੱਸਾ ਢਹਿ ਜਾਣ ਕਾਰਨ ਦਰਸ਼ਕ ਜ਼ਮੀਨ ’ਤੇ ਡਿੱਗ ਗਏ। ਹਾਦਸੇ ਵਿਚ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਗਈ, ਜਦੋਂਕਿ ਕਈ ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਉਨ੍ਹਾਂ ਦਸਿਆ ਕਿ ਹਾਦਸਾ ਟੋਲਿਮਾ ਰਾਜ ਦੇ ਐਲ ਐਸਪਿਨਲ ਸ਼ਹਿਰ ਦੇ ਇਕ ਸਟੇਡੀਅਮ ਵਿਚ ਇਕ ਰਵਾਇਤੀ ਪ੍ਰੋਗਰਾਮ ‘ਕੋਰਾਲੇਜਾ’ (ਬੁੱਲਫ਼ਾਈਟ) ਦੌਰਾਨ ਵਾਪਰਿਆ।
ਪ੍ਰੋਗਰਾਮ ਦੀਆਂ ਕਈ ਵੀਡੀਉ ਸਾਹਮਣੇ ਆਈਆਂ ਹਨ, ਜਿਸ ਵਿਚ ਦਰਸ਼ਕ ਗੈਲਰੀ ਵਿਚ ਮੰਚ ਦਾ 3 ਮਜ਼ਿੰਲਾ ਹਿੱਸਾ ਢਹਿ-ਢੇਰੀ ਹੁੰਦਾ ਨਜ਼ਰ ਆ ਰਿਹਾ ਹੈ। ਟੋਲਿਮਾ ਦੇ ਗਵਰਨਰ ਜੋਸ ਰਿਕਾਰਡੋ ਓਰੋਜ਼ਕੋ ਨੇ ਸਥਾਨਕ ‘ਬਲੂ ਰੇਡੀਉ’ ਨੂੰ ਕਿਹਾ, ‘ਹੁਣ ਤਕ 2 ਔਰਤਾਂ, ਇਕ ਪੁਰਸ਼ ਅਤੇ ਇਕ ਨਵਜਨਮੇ ਬੱਚੇ ਦੀ ਮੌਤ ਹੋ ਚੁੱਕੀ ਹੈ।’ ਮੇਅਰ ਜੁਆਨ ਕਾਰਲੋਸ ਤਾਮਾਓ ਨੇ ਦਸਿਆ ਕਿ ਮੰਚ ’ਤੇ ਕਰੀਬ 800 ਲੋਕ ਬੈਠੇ ਸਨ। ਟੋਲਿਮਾ ਦੀ ਸਿਹਤ ਮੰਤਰੀ ਮਾਰਥਾ ਪਲਾਸਿਓਸ ਨੇ ਐਤਵਾਰ ਦੇਰ ਰਾਤ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਹਾਦਸੇ ਦੇ ਬਾਅਦ ਕਰੀਬ 322 ਲੋਕ ਸਥਾਨਕ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿਚ ਇਲਾਜ ਲਈ ਗਏ। (ਏਜੰਸੀ)