
ਪਰਿਵਾਰਕ ਮੈਂਬਰਾਂ ਨੇ ਜਤਾਇਆ ਕਤਲ ਦਾ ਸ਼ੱਕ
ਡੇਰਾਬੱਸੀ (ਗੁਰਜੀਤ ਸਿੰਘ ਈਸਾਪੁਰ) : ਡੇਰਾਬੱਸੀ-ਹੈਬਤਪੁਰ ਰੋਡ ’ਤੇ ਸਥਿਤ ਗੁਲਮੋਹਰ ਸਿਟੀ ਦੇ ਏ ਬਲਾਕ ਦੇ ਪਿਛੇ ਸਥਿਤ ਪਾਰਕ ’ਚੋਂ 45 ਸਾਲਾ ਨੌਜਵਾਨ ਦੀ ਲਾਸ਼ ਸ਼ੱਕੀ ਹਾਲਾਤਾਂ ’ਚ ਬਰਾਮਦ ਹੋਈ ਹੈ। ਪਰਵਾਰਕ ਮੈਂਬਰਾਂ ਨੇ ਕਤਲ ਦਾ ਸ਼ੱਕ ਜਤਾਇਆ ਹੈ। ਮ੍ਰਿਤਕ ਵਿੱਕੀ ਜਿਸ ਦੋਸਤ ਨਾਲ ਦੇਰ ਰਾਤ ਤਕ ਸੀ, ਦਾ ਫ਼ਲੈਟ ਪਾਰਕ ਦੇ ਕੋਲ ਬਲਾਕ ਦੀ ਛੇਵੀਂ ਮੰਜ਼ਲ ’ਤੇ ਹੈ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਵਿੱਕੀ ਦਾ ਛੇਵੀਂ ਮੰਜ਼ਲ ਤੋਂ ਹੇਠਾਂ ਪਾਰਕ ਵਿਚ ਡਿੱਗਣਾ ਕਤਲ ਦਾ ਮਾਮਲਾ ਹੈ ਜਾਂ ਹਾਦਸਾ। ਮ੍ਰਿਤਕ ਦੀ ਪਛਾਣ 45 ਸਾਲਾ ਸਰਨਜੀਤ ਸਿੰਘ ਉਰਫ਼ ਵਿੱਕੀ ਪੁੱਤਰ ਚੰਦਰਸ਼ੇਖਰ ਵਾਸੀ ਫ਼ਲੈਟ ਨੰਬਰ 21, ਬੀ1 ਗੁਲਮੋਹਰ ਸਿਟੀ ਡੇਰਾਬੱਸੀ ਵਜੋਂ ਹੋਈ ਹੈ।
ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਡੇਰਾਬੱਸੀ ਸਿਵਲ ਹਸਪਤਾਲ ’ਚ ਪੋਸਟਮਾਰਟਮ ਲਈ ਰਖਵਾ ਦਿਤਾ ਹੈ। ਮ੍ਰਿਤਕ ਦੇ ਭਰਾ ਦੀਪਕ ਨੇ ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਦਸਿਆ ਕਿ ਉਸ ਦਾ ਭਰਾ ਵਿੱਕੀ ਗੁਲਮੋਹਰ ਸ਼ਹਿਰ ਦੇ ਬਾਹਰ ਹੈਬਤਪੁਰ ਮਾਰਗ ’ਤੇ ਮੋਬਾਈਲ ਐਸਐਸਸੀਰੀਜ਼ ਦਾ ਕੰਮ ਕਰਦਾ ਸੀ। ਦੀਪਕ ਗੁਲਮੋਹਰ ਸਿਟੀ ਦੇ ਹੀ ਇਕ ਫ਼ਲੈਟ ਵਿਚ ਅਪਣੀ ਮਾਂ ਅਤੇ ਬੱਚਿਆਂ ਨਾਲ ਰਹਿੰਦਾ ਹੈ। ਦੀਪਕ ਨੇ ਦਸਿਆ ਕਿ ਮ੍ਰਿਤਕ ਵਿੱਕੀ ਨੇ ਬੀਤੀ ਰਾਤ ਕਰੀਬ 12.10 ਵਜੇ ਅਪਣੀ ਮਾਂ ਨੂੰ ਫ਼ੋਨ ਕੀਤਾ ਅਤੇ ਖਾਣਾ ਬਣਾ ਕੇ ਟਿਫਨ ਵਿੱਚ ਪੈਕ ਕਰਨ ਲਈ ਕਿਹਾ।
ਮਾਂ ਦੇ ਪੁੱਛਣ ’ਤੇ ਵਿੱਕੀ ਨੇ ਦਸਿਆ ਕਿ ਉਹ ਗੁਲਮੋਹਰ ਸਿਟੀ ਦੇ ਏ-3 ਬਲਾਕ ਵਿਚ ਅਪਣੇ ਇਕ ਜਾਣਕਾਰ ਦੇ ਘਰ ਬੈਠਾ ਹੈ। ਜਿਸ ਤੋਂ ਬਾਅਦ 12.30 ਵਜੇ ਉਸ ਦਾ ਦੋਸਤ ਸੰਜੂ ਉਸਦੀ ਮਾਂ ਤੋਂ ਖਾਣਾ ਲੈ ਕੇ ਵਾਪਸ ਆਇਆ। ਸਵੇਰੇ ਸਵੀਪਰ ਨੇ ਲਾਸ਼ ਦੇਖ ਕੇ ਸੂਚਨਾ ਦਿਤੀ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿਤੀ ਗਈ। ਜਿਸ ਥਾਂ ਤੋਂ ਲਾਸ਼ ਮਿਲੀ ਸੀ, ਉਸ ਤੋਂ ਕੁੱਝ ਦੂਰੀ ’ਤੇ ਮ੍ਰਿਤਕ ਵਿੱਕੀ ਦੀ ਚੱਪਲ ਜ਼ਮੀਨ ’ਚ ਦੱਬੀ ਹੋਈ ਮਿਲੀ ਅਤੇ ਲਾਸ਼ ਨੂੰ 20 ਫੁੱਟ ਦੂਰ ਰਖਿਆ ਗਿਆ ਜਾਪਦਾ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਡੇਰਾਬੱਸੀ ਸਿਵਲ ਹਸਪਤਾਲ ਵਿਖੇ ਰਖਵਾ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਮ੍ਰਿਤਕ ਅਪਣੇ ਪਿੱਛੇ ਵਿਧਵਾ ਤੋਂ ਇਲਾਵਾ ਇਕ ਪੁੱਤਰ ਅਤੇ ਇਕ ਬੇਟੀ ਛੱਡ ਗਿਆ ਹੈ। ਕੇਸ ਇੰਚਾਰਜ ਸਤਵੀਰ ਸਿੰਘ ਨੇ ਦਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।