
ਪਿਛਲੇ ਕਈ ਦਹਾਕਿਆਂ ਤੋਂ ਵਕਫ਼ ਬੋਰਡ ਦੀ ਜਗ੍ਹਾਂ ਉਪਰ ਬੈਠੀ ਟਰੱਕ ਯੂਨੀਅਨ ਤੋਂ ਅੱਜ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਨੇ ਦੋ ਤਿਹਾਈ ਜਗ੍ਹਾਂ ਖ਼ਾਲੀ ਕਰਵਾ ਕੇ ਵਕਫ਼...
ਬਠਿੰਡਾ, ਪਿਛਲੇ ਕਈ ਦਹਾਕਿਆਂ ਤੋਂ ਵਕਫ਼ ਬੋਰਡ ਦੀ ਜਗ੍ਹਾਂ ਉਪਰ ਬੈਠੀ ਟਰੱਕ ਯੂਨੀਅਨ ਤੋਂ ਅੱਜ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਨੇ ਦੋ ਤਿਹਾਈ ਜਗ੍ਹਾਂ ਖ਼ਾਲੀ ਕਰਵਾ ਕੇ ਵਕਫ਼ ਬੋਰਡ ਨੂੰ ਸੋਂਪ ਦਿੱਤੀ। ਸ਼ਹਿਰ ਦੇ ਐਨ ਵਿਚਕਾਰ ਗੁਜਰਦੀ ਜੀ.ਟੀ ਰੋਡ ਅਤੇ ਕੀਮਤੀ ਮਾਲ ਰੋਡ ਦੇ ਬਿਲਕੁਲ ਨਾਲ ਲੱਗਦੀ ਅਰਬਾਂ ਰੁਪਏ ਦੀ ਕੀਮਤ ਵਾਲੀ ਇਸ ਜਗ੍ਹਾਂ ਨੂੰ ਖ਼ਾਲੀ ਕਰਵਾਉਣ ਲਈ ਜ਼ਿਲ੍ਹਾ ਮੈਜਿਸਟਰੇਟ ਦੀ ਅਦਾਲਤ ਵਲੋਂ ਵਕਫ਼ ਬੋਰਡ ਦੀ ਅਪੀਲ 'ਤੇ ਲੰਘੀ 30 ਮਈ ਨੂੰ ਹੁਕਮ ਜਾਰੀ ਕੀਤੇ ਸਨ।
ਹਾਲਾਂਕਿ ਅੱਜ ਪ੍ਰਸ਼ਾਸਨ ਦੀ ਇਸ ਕਾਰਵਾਈ ਦਾ ਟਰੱਕ ਅਪਰੇਟਰਾਂ ਨੇ ਵਿਰੋਧ ਵੀ ਕਰਨ ਦੀ ਕੋਸ਼ਿਸ ਕੀਤੀ ਪ੍ਰੰਤੂ ਵੱਡੀ ਗਿਣਤੀ ਵਿਚ ਮੌਜੂਦ ਪੁਲਿਸ ਦੇ ਚੱਲਦੇ ਉਨ੍ਹਾਂ ਦੀ ਕੋਈ ਵਾਹ ਨਹੀਂ ਚੱਲੀ। ਜਿਸਦੇ ਚੱਲਦੇ ਪ੍ਰਸਾਸਨ ਵਲੋਂ ਮੌਕੇ 'ਤੇ ਹੀ ਕਬਜ਼ਾ ਲੈ ਕੇ ਇੱਥੇ ਚਾਰਦੀਵਾਰੀ ਕਰ ਦਿੱਤੀ। ਇਸਦੇ ਇਲਾਵਾ ਇੱਥੇ ਖ਼ੜੇ ਟਰੱਕਾਂ ਨੂੰ ਵੱਡੀਆਂ ਜੇਸੀਬੀ ਦੀ ਮੱਦਦ ਨਾਲ ਬਾਹਰ ਕੱਢਕੇ ਦੋਨਾਂ ਗੇਟਾਂ ਨੂੰ ਜਿੰਦਰਾ ਲਗਾ ਦਿੱਤਾ। ਇੱਥੇ ਹੀ ਕਹਾਣੀ ਖ਼ਤਮ ਨਹੀਂ ਹੋਈ,
ਬਲਕਿ ਪੁਕਾਰ ਦੇ ਲਈ ਬਣੇ ਦਫ਼ਤਰ ਅਤੇ ਅਪਰੇਟਰਾਂ ਦੇ ਬੈਠਣ ਲਈ ਬਾਕੀ ਬਚੀ ਇੱਕ ਤਿਹਾਈ ਜਗ੍ਹਾਂ ਨੂੰ ਵੀ ਖ਼ਾਲੀ ਕਰਨ ਲਈ ਪ੍ਰਸ਼ਾਸਨ ਵਲੋਂ ਯੂਨੀਅਨ ਨੂੰ ਇੱਕ ਮਹੀਨੇ ਦਾ ਨੋਟਿਸ ਦੇ ਦਿੱਤਾ। ਇਸਦੇ ਇਲਾਵਾ ਇੱਥੇ ਨਜਾਇਜ਼ ਤੌਰ 'ਤੇ ਬਣੇ ਇੱਕ ਘਰ ਦੇ ਮਾਲਕਾਂ ਨੂੰ ਵੀ ਜਲਦੀ ਜਗ੍ਹਾਂ ਖ਼ਾਲੀ ਕਰਨ ਦੇ ਹੁਕਮ ਦਿੱਤੇ।
ਅੱਜ ਦੀ ਸਾਰੀ ਕਾਰਵਾਈ ਦੀ ਅਗਵਾਈ ਐਸ.ਡੀ.ਐਮ ਬਲਵਿੰਦਰ ਸਿੰਘ, ਐਸ.ਪੀ ਸਿਟੀ ਗੁਰਮੀਤ ਸਿੰਘ, ਡੀ.ਐਸ.ਪੀ ਕਰਨਸ਼ੇਰ ਸਿੰਘ ਕਰ ਰਹੇ ਸਨ। ਇਸਤੋ ਇਲਾਵਾ ਵਕਫ਼ ਬੋਰਡ ਦੇ ਅਸਟੇਟ ਅਫ਼ਸਰ ਮਹਿਮੂਦ ਅਖ਼ਤਾਰ ਤੋਂ ਇਲਾਵਾ ਚੰਡੀਗੜ੍ਹ ਤੋਂ ਬੋਰਡ ਦੇ ਮੈਂਬਰ ਇਜ਼ਾਜ ਆਲਮ ਸਹਿਤ ਵੱਡੀ ਗਿਣਤੀ ਵਿਚ ਅਧਿਕਾਰੀ ਪੁੱਜੇ ਹੋਏ ਸਨ।
ਸੂਤਰਾਂ ਮੁਤਾਬਕ ਅੱਜ ਯੂਨੀਅਨ ਤੋਂ ਇਹ ਜਗ੍ਹਾਂ ਖ਼ਾਲੀ ਕਰਵਾਉਣ ਲਈ ਇਲਾਕੇ ਦੇ ਵੱਡੇ ਸਿਆਸੀ ਆਗੂਆਂ ਤੋਂ ਵੀ ਸਹਿਮਤੀ ਲੈ ਲਈ ਗਈ ਸੀ, ਜਿਸਦੇ ਚੱਲਦੇ ਇੱਕ ਕਾਂਗਰਸੀ ਆਗੂ ਤੋਂ ਇਲਾਵਾ ਬਾਕੀ ਪ੍ਰਸ਼ਾਸਨ ਵਲੋਂ ਕੀਤੀ ਕਾਰਵਾਈ ਤੋਂ ਦੂਰ ਹੀ ਰਹੇ। ਪਤਾ ਚੱਲਿਆ ਹੈ ਕਿ ਵਕਫ਼ ਬੋਰਡ ਵਲੋਂ ਅੱਜ ਟਰੱਕ ਯੂਨੀਅਨ ਤੋਂ ਖ਼ਾਲੀ ਕਰਵਾਈ ਗਈ ਕਰੀਬ 5 ਹਜ਼ਾਰ ਜਗ੍ਹਾਂ ਵਿਚੋਂ 1500 ਦੇ ਕਰੀਬ ਪਾਵਰਕੌਮ ਨੂੰ ਇੱਥੇ ਗਰਿੱਡ ਬਣਾਉਣ ਲਈ ਪਟੇ ਉਪਰ ਦਿੱਤੀ ਜਾ ਰਹੀ ਹੈ। ਜਦੋਂ ਕਿ ਬਾਕੀ ਦੀ ਬਚਦੀ ਕੀਮਤੀ ਜਗ੍ਹਾਂ ਦਾ ਵੀ ਜਲਦੀ ਹੀ ਪ੍ਰਬੰਧ ਕਰਨ ਦੀਆਂ ਤਿਆਰੀਆਂ ਹਨ।
ਇੱਥੇ ਦਸਣਾ ਬਣਦਾ ਹੈ ਕਿ ਬਠਿੰਡਾ ਟਰੱਕ ਯੂਨੀਅਨ ਵਲੋਂ ਪਿਛਲੇ ਕਰੀਬ 50 ਸਾਲਾਂ ਤੋਂ ਵਕਫ਼ ਬੋਰਡ ਦੀ ਇਹ ਜਗ੍ਹਾਂ ਪਟੇ ਉਪਰ ਲੈ ਕੇ ਯੂਨੀਅਨ ਦਾ ਦਫ਼ਤਰ ਚਲਾਇਆ ਜਾ ਰਿਹਾ ਸੀ। ਪ੍ਰੰਤੂ ਕਰੀਬ 10 ਸਾਲ ਪਹਿਲਾਂ ਸ਼ਹਿਰ ਵਿਚ ਯੂਨੀਅਨ ਹੋਣ ਕਾਰਨ ਵੱਡੀ ਗਿਣਤੀ ਵਿਚ ਟਰੱਕਾਂ ਦੀ ਆਵਾਜ਼ਾਈ ਨੂੰ ਦੇਖ਼ਦੇ ਹੋਏ ਪ੍ਰਸ਼ਾਸਨ ਨੇ ਨਗਰ ਸੁਧਾਰ ਟਰੱਸਟ ਵਲੋਂ ਗੋਨਿਆਣਾ ਰੋਡ 'ਤੇ ਬਣਾਏ ਟ੍ਰਾਂਸਪੋਰਟ ਨਗਰ ਵਿਚ ਯੂਨੀਅਨ ਨੂੰ ਸਿਫ਼ਟ ਕਰਨ ਦੇ ਹੁਕਮ ਦਿੱਤੇ ਸਨ। ਇਸਦੇ ਲਈ ਉਥੇ ਯੂਨੀਅਨ ਵਾਸਤੇ ਦਫ਼ਤਰ ਤੋਂ ਇਲਾਵਾ ਟ੍ਰਾਂਸਪੋਟਰਾਂ ਵਾਸਤੇ ਵੀ ਵੱਡੇ ਦਫ਼ਤਰ ਅਲਾਟ ਕੀਤੇ ਗਏ ਸਨ।