
ਸੌਦਾ ਸਾਧ ਦੀ ਤੁਲਨਾ ਸਿੱਖ ਗੁਰੂ ਸਹਿਬਾਨ ਨਾਲ ਕਰਨ ਦਾ ਮਾਮਲਾ
ਚੰਡੀਗੜ, 27 ਜੁਲਾਈ (ਨੀਲ ਭਾਲਿੰਦਰ ਸਿੰਘ, ਤਰੁਣ ਭਜਨੀ): ਸੌਦਾ ਸਾਧ ਰਾਮ ਰਹੀਮ ਦੀ ਤੁਲਨਾ ਸਿੱਖ ਗੁਰੂ ਸਾਹਿਬਾਨ ਅਤੇ ਹੋਰਨਾਂ ਪੀਰ ਪੈਗੰਬਰਾਂ ਨਾਲ ਕਰਨ ਦੇ ‘ਰੋਜ਼ਾਨਾ ਸਪੋਕਸਮੈਨ’ ਵਲੋਂ ਬੇਪਰਦ ਕੀਤਾ ਮਾਮਲਾ ਚੰਡੀਗੜ੍ਹ ਪੁਲਿਸ ਦੀ ਕਚਹਿਰੀ ਜਾ ਪੁੱਜਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸੁਖਬੀਰ ਸਿੰਘ ਬਾਦਲ ਨੇ ਅੱਜ ਚੰਡੀਗੜ੍ਹ ਦੇ ਐਸ.ਐਸ.ਪੀ. ਨੂੰ ਮਿਲ ਕੇ ਵੀਰਪਾਲ ਕੌਰ ਦੀ ਵਿਰੁਧ ਸ਼ਿਕਾਇਤ ਦਰਜ ਕਰਵਾ ਦਿਤੀ ਹੈ। ਇਸ ਮੌਕੇਮੀਡੀਆ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਵਿਰੋਧੀ ਪਾਰਟੀਆਂ ਖਾਸਕਰ ਬਿਨਾਂ ਨਾਮ ਲਏ ਕਾਂਗਰਸ ਉਤੇ ਹਮਲਾ ਕਰਦਿਆਂ ਕਿਹਾ ਕਿ ਮਰਦਾਂ ਵਾਲੀ ਰਾਜਨੀਤੀ ਕਰੋ ਅਤੇ ਰਾਜਨੀਤੀ ਲਈ ਗੁਰੂ ਸਾਹਿਬਾਨ ਦਾ ਆਸਰਾ ਨਾ ਲਵੋ
ਬਾਦਲ ਨੇ ਕਿਹਾ ਕਿ ਅਕਾਲੀ ਦਲ ਦੇ ਵੱਧ ਰਹੇ ਲੋਕ ਆਧਾਰ ਤੋਂ ਬੌਖਲਾਈਆਂ ਹੋਈਆਂ ਪਾਰਟੀਆਂ ਇਸ ਤਰ੍ਹਾਂ ਦੇ ਹੱਥਕੰਡੇ ਅਪਨਾ ਰਹੀਆਂ ਹਨ। ਉਨ੍ਹਾਂ ਵੀਰਪਾਲ ਕੌਰ ਵਾਲੇ ਮਾਮਲੇ ਉਤੇ ਵੀ ਟਿੱਪਣੀ ਕੀਤੀ ਅਤੇ ਕਿਹਾ ਕਿ ਇਸ ਪੂਰੇ ਘਟਨਾਕ੍ਰਮ ਪਿੱਛੇ ਵੀ ਇਕ ਬੜੀ ਸਾਜਿਸ਼ ਰਚੀ ਗਈ ਹੈ, ਉਨ੍ਹਾਂ ਵੀਰਪਾਲ ਵਲੋਂ ਭੇਜੇ ਗਏ ਕਾਨੂੰਨੀ ਨੋਟਿਸ ਦੇ ਜਵਾਬ ਵਿਚ ਵੀਰਪਾਲ ਕੌਰ ਉਤੇ ਟਿੱਪਣੀ ਕਰਦਿਆਂ ਕਿਹਾ ਕਿ ਇਸ ਵਿਚ ਜਿਹੜੀ ਗੁਰਮੀਤ ਰਾਮ ਰਹੀਮ ਦੀ ਤੁਲਨਾ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਕੀਤੀ ਗਈ ਹੈ ਉਹ ਇਸੇ ਹੀ ਸਾਜਿਸ਼ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਵੀਰਪਾਲ ਉਨ੍ਹਾਂ ਨੂੰ ਨਾ ਜਾਣਦਾ ਹੋਇਆ ਦਸ ਰਹੀ ਹੈ ਤੇ ਨਾਲ ਹੀ ਉਹ ਮਾਫ਼ੀ ਮੰਗ ਰਹੀ ਹੈ।
File Photo
ਸ.ਬਾਦਲ ਨੇ ਐਸ.ਐਸ.ਪੀ.ਚੰਡੀਗੜ੍ਹ ਨੂੰ ਮਿਲ ਕੇ ਵੀਰਪਾਲ ਕੌਰ ਦੇ ਵਿਰੁਧ ਮਾਮਲਾ ਦਰਜ ਕਰਨ ਦੀ ਮੰਗ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਦਫ਼ਤਰ ਚੰਡੀਗੜ੍ਹ ਵਿਚ ਹੈ ਅਤੇ ਵੀਰਪਾਲ ਕੌਰ ਦਾ ਜਵਾਬ ਵੀ ਉਨ੍ਹਾਂ ਨੂੰ ਚੰਡੀਗੜ੍ਹ ਦਫ਼ਤਰ ਵਿਚ ਹੀ ਮਿਲਿਆ ਹੈ, ਇਸ ਕਰ ਕੇ ਇਸ ਮਾਮਲੇ ਵਿਚ ਸ਼ਿਕਾਇਤ ਚੰਡੀਗੜ੍ਹ ਪੁਲਿਸ ਨੂੰ ਕੀਤੀ ਗਈ ਹੈ। ਇਹ ਮਾਮਲਾ ਪਿਛਲੇ ਇਕ ਹਫ਼ਤੇ ਤੋਂ ਇਸ ਗੱਲ ਕਰ ਕੇ ਭਖਿਆ ਹੋਇਆ ਹੈ ਕਿਉਂਕਿ ਵੀਰਪਾਲ ਨੇ ਗੁਰਮੀਤ ਰਾਮ ਰਹੀਮ ਦੀ ਵਿਵਾਦਤ ਪੌਸ਼ਾਕ ਬਾਰੇ ਇਹ ਬਿਆਨ ਦੇ ਦਿਤਾ ਸੀ
ਕਿ ਉਕਤ ਪੌਸ਼ਾਕ ਸੁਖਬੀਰ ਬਾਦਲ ਨੇ ਹੀ ਡੇਰਾ ਮੁਖੀ ਨੂੰ ਭੇਜੀ ਸੀ, ਇਸ ਉਤੇ ਵਿਰੋਧੀ ਪਾਰਟੀਆਂ ਨੇ ਸੁਖਬੀਰ ਬਾਦਲ ਉਤੇ ਤਿੱਖੇ ਹਮਲੇ ਸ਼ੁਰੂ ਕਰ ਦਿਤੇ ਸਨ। ਦਸਣਯੋਗ ਹੈ ਕਿ ਵੀਰਪਾਲ ਨੇ ਕਾਨੂੰਨੀ ਨੋਟਿਸ ਦੇ ਜਵਾਬ ਵਿਚ ਸੌਦਾ ਸਾਧ ਦੀ ਨਾ ਸਿਰਫ਼ ਜਮ ਕੇ ਵਡਿਆਈ ਕੀਤੀ ਬਲਕਿ ਗੁਰੂ ਸਹਿਬਾਨ ਵਲੋਂ ਮਨੁੱਖਤਾ ਦੀ ਭਲਾਈ ਨਾਲ ਵੀ ਇਸ ਬਲਾਤਕਾਰੀ ਸਜ਼ਾ ਯਾਫ਼ਤਾ ਨੂੰ ਕਰਨੀ ਪਖੋਂ ਸਲਾਹਿਆ।