
ਸਰਕਾਰ ਨਿਰਪੱਖ ਜਾਂਚ ਲਈ ਉਚ ਪਧਰੀ ਕਮੇਟੀ ਦਾ ਗਠਨ ਕਰੇ : ਜੱਥੇਦਾਰ
ਅੰਮ੍ਰਿਤਸਰ, 27 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ): ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਗਿ. ਹਰਪ੍ਰੀਤ ਸਿੰਘ ਨੇ ਕਾਲੇ ਕਾਨੂੰਨ ਯੂ ਏ ਪੀ ਏ ਤੋਂ ਦੁਖੀ ਪੀੜਤ ਪਰਵਾਰਾਂ ਦਾ ਦੁਖੜਾ ਸੁਣਨ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਬੜੇ ਅਫ਼ਸੋਸ ਦੀ ਗੱਲ ਹੈ ਕਿ ਬਿਨਾਂ ਕਿਸੇ ਵਜ੍ਹਾ ਦੇ ਸਿੱਖ ਨੌਜੁਆਨਾਂ ਨੂੰ ਜੇਲਾਂ ’ਚ ਸੁਟਿਆ ਜਾ ਰਿਹਾ ਹੈ ਅਤੇ ਪੰਜਾਬ ਚ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਨੌਜੁਆਨਾਂ ਦੀ ਜ਼ਿੰਦਗੀ ਤਬਾਹ ਕਰਨ ਦੀ ਆਗਿਆ ਨਹੀ ਦਿਤੀ ਜਾਵੇਗੀ।
ਉਨ੍ਹਾਂ ਪੰਜਾਬ ਸਰਕਾਰ ਨੂੰ ਜ਼ੋਰ ਦਿਤਾ ਕਿ ਉਹ ਸਹਿਮ ਦਾ ਮਾਹੌਲ ਬਣਾਉਣ ਤੋਂ ਗੁਰੇਜ਼ ਕਰੇ। ਜਥੇਦਾਰ ਨੇ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਕੀਤਾ ਕਿ ਉਹ ਝੂਠੇ ਮੁਕੱਦਮਿਆਂ ’ਚ ਫਸਾਏ ਗਏ ਨੌਜੁਆਨਾਂ ਦੇ ਕੇਸਾਂ ਦੀ ਪੈਰਵਾਈ ਕਰੇ ਜੋ ਕਹਿਰ ਦੀ ਗੁਰਬਤ ਦਾ ਸਾਹਮਣਾ ਕਰ ਰਹੇ ਹਨ ਤੇ ਰੋਟੀ ਤੋਂ ਆਤਰ ਹਨ। ਉਨ੍ਹਾਂ ਖ਼ੁਦਕੁਸ਼ੀ ਕਰ ਗਏ ਨੌਜੁਆਨ ਦੇ ਹਵਾਲੇ ਨਾਲ ਕਿਹਾ ਕਿ ਇਹ ਸਹਿਮ ਤੇ ਦਹਿਸ਼ਤ ਦਾ ਮਾਹੌਲ ਬੰਦ ਹੋਣਾ ਚਾਹੀਦਾ ਹੈ। ਉਨ੍ਹਾਂ ਉੱਚ ਪੜਤਾਲ ਦੀ ਮੰਗ ਕਰਦਿਆਂ ਕਿਹਾ ਕਿ ਅਸਲੀਅਤ ਸਾਹਮਣੇ ਲਿਆਉਣੀ ਬੜੀ ਜ਼ਰੂਰੀ ਹੈ। ਬਿਲਕੁਲ ਗ਼ਲਤ ਹੈ ਕਿ ਪੁਲਿਸ ਨੌਜੁਆਨਾਂ ਦੀਆਂ ਜ਼ਿੰਦਗੀਆਂ ਤਬਾਹ ਕਰ ਰਹੀ ਹੈ।
ਪੰਜਾਬ ਦੇ ਤੇਜ਼ ਤਰਾਰ ਨੌਜੁਆਨ ਸਿਆਸਤਦਾਨ ਸੁਖਪਾਲ ਸਿੰਘ ਖਹਿਰਾ ਐਮ ਐਲ ਏ ਦੀ ਅਗਵਾਈ ਹੇਠ ਕਾਲੇ ਕਾਨੂੰਨ ਯੂ ਏ ਪੀ ਏ ਵਿਰੁਧ ਪੀੜਤ ਪਰਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿ ਹਰਪ੍ਰੀਤ ਸਿੰਘ ਨੂੰ ਮਿਲੇ ਅਤੇ ਉਨ੍ਹਾਂ ਨੂੰ ਹੁਕਮਰਾਨਾਂ ਵਲੋਂ ਕੀਤੇ ਜਾ ਰਹੇ ਤਸ਼ੱਦਦ ਤੋਂ ਜਾਣੂ ਕਰਵਾਇਆ ਕਿ ਕਿਸ ਤਰ੍ਹਾਂ ਦਿੱਲੀ, ਹਰਿਆਣਾ ਤੇ ਪੰਜਾਬ ਦੀ ਪੁਲਿਸ ਪੰਜਾਬੀ ਗੱਭਰੂਆਂ ’ਤੇ ਤਸ਼ੱਦਦ ਖ਼ਾਲਿਸਤਾਨ 2020 ਰੈਫ਼ਰੈਡਮ ਦੀ ਆੜ ਹੇਠ ਕਰ ਰਹੀ ਹੈ । ਇਹ ਪੀੜਤ ਪਰਵਾਰ ਦਿੱਲੀ , ਕੈਥਲ, ਮਾਨਸਾ ਅਤੇ ਅੰਮ੍ਰਿਤਸਰ ਮਜੀਠਾ ਨਾਲ ਸਬੰਧਤ ਸਨ।
File Photo
ਇਸ ਮੌਕੇ ਖਹਿਰਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਦੇਸ਼ ਵਿਚ ਦੋਹਰੇ ਮਾਪਦੰਡ ਅਪਣਾ ਰਹੀ ਹੈ। ਦਿੱਲੀ ਵਿਚ ਸਾਬਕਾ ਕੇਦਰੀ ਵਿੱਤ ਮੰਤਰੀ ਪੀ ਚਿਦੰਬਰਮ ਦੀ ਅਗਵਾਈ ਹੇਠ ਮੋਦੀ ਸਰਕਾਰ ’ਤੇ ਹਮਲੇ ਉਕਤ ਕਾਲੇ ਕਾਨੂੰਨ ਵਿਰੁਧ ਕਰ ਰਹੀ ਹੈ ਪਰ ਪੰਜਾਬ ਦੀ ਕੈਪਟਨ ਸਰਕਾਰ ਇਸ ਕਾਨੂੰਨ ਦੇ ਹੱਕ ਵਿਚ ਕੇਦਰ ਦੀ ਬੋਲੀ ਬੋਲ ਰਹੀ ਹੈ। ਉਨ੍ਹਾਂ ਜਥੇਦਾਰ ਨੂੰ ਅਪੀਲ ਕੀਤੀ ਕਿ ਉਹ ਗਵਰਨਰ ਪੰਜਾਬ ਤੇ ਕੈਪਟਨ ਸਰਕਾਰ ਦੇ ਧਿਆਨ ਵਿਚ ਲਿਆਉਣ ਤਾਂ ਜੋ ਇਸ ਕਾਲੇ ਕਾਨੂੰਨ ਤੋਂ ਰਾਹਤ ਮਿਲ ਸਕੇ।
ਉਨ੍ਹਾਂ ਦੋਸ਼ ਲਾÎਇਆ ਕਿ ਨਾ ਤਾਂ ਗਵਰਨਰ ਅਤੇ ਨਾ ਹੀ ਮੁੱਖ ਮੰਤਰੀ ਪੰਜਾਬ ਮਿਲ ਰਹੇ ਹਨ ਇਸ ਕਰ ਕੇ ਉਨ੍ਹਾਂ ਨੂੰ ਜਥੇਦਾਰ ਕੋਲ ਆਉਣਾ ਪਿਆ। ਖਹਿਰਾ ਮੁਤਾਬਕ ਹੁਣ ਤਕ 16 ਕੇਸ ਯੂ ਏ ਪੀ ਏ ਤਹਿਤ ਦਰਜ ਹੋ ਚੁੱਕੇ ਹਨ ਅਤੇ Îਇਨ੍ਹਾਂ ’ਚੋ ਘੱਟੋ-ਘੱਟੋ 8 ਕੇਸ ਦਲਿਤ ਭਾਈਚਾਰੇ ਦੇ ਨੌਜੁਆਨਾਂ ਨਾਲ ਸਬੰਧਤ ਹੈ, ਜਿਨ੍ਹਾਂ ਨੂੰ ਖ਼ਾਲਿਸਤਾਨ 2020 ਰੈਫ਼ਰੈਡਮ ਦਾ ਕੋਈ ਪਤਾ ਹੀ ਨਹੀਂ। ਖਹਿਰਾ ਮੁਤਾਬਕ ਉਹ ਅਤੇ ਸਾਬਕਾ ਐਮ ਪੀ ਡਾ ਧਰਮਵੀਰ ਗਾਂਧੀ ਨਾਲ ਇਨ੍ਹਾਂ ਕੇਸਾਂ ਦਾ ਖ਼ੁਦ ਮੁਆਇਨਾ ਕੀਤਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਜਥੇਦਾਰ ਇਹ ਮਸਲਾ ਉੱਚ ਪੱਧਰ ’ਤੇ ਚੁੱਕਣਗੇ। ਖਹਿਰਾ ਨੇ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਸਿੱਖ ਏਜੰਡੇ ਤੋਂ ਭਟਕ ਗਿਆ ਹੈ ਜਿਸ ਕਾਰਨ ਉਨ੍ਹਾਂ ਨੂੰ ਇਹ ਮਸਲਾ ਖ਼ੁਦ ਵੇਖਣਾ ਪਿਆ।