
ਰਵਨੀਤ ਬਿੱਟੂ ਅਤੇ ਔਜਲਾ ਪਾਰਲੀਮੈਂਟ ਅੰਦਰ ਹੀ ਧਰਨੇ ’ਤੇ ਬੈਠ ਗਏ ਪਰ ਕਲ ਕੁੱਝ ਕਰਨ ਦਾ ਵਾਅਦਾ ਕਰ ਕੇ ਸਰਕਾਰ ਨੇ 9 ਵਜੇ ਧਰਨਾ ਚੁਕਾਇਆ
ਨਵੀਂ ਦਿੱਲੀ, 27 ਜੁਲਾਈ : ਲੋਕ ਸਭਾ ਦੀ ਕਾਰਵਾਈ ਮੰਗਲਵਾਰ ਨੂੰ ਪੂਰੇ ਦਿਨ ਲਈ ਮੁਲਤਵੀ ਕਰ ਦੇਣ ਦੇ ਬਾਅਦ ਕਾਂਗਰਸ ਸਾਂਸਦ ਰਵਨੀਤ ਸਿੰਘ ਬਿੱਟੂ ਅਤੇ ਗੁਰਜੀਤ ਸਿੰਘ ਔਜਲਾ ਨੇ ਸਦਨ ਦੇ ਅੰਦਰ ਧਰਨਾ ਦਿਤਾ। ਲੋਕ ਸਭਾ ਦੀ ਕਾਰਵਾਈ ਕਰੀਬ ਸਾਢੇ ਚਾਰ ਵਜੇ ਦੇ ਬਾਅਦ ਪੂਰੇ ਦਿਨ ਲਈ ਉਠਾ ਦਿਤੇ ਜਾਣ ਦੇ ਬਾਅਦ ਪੰਜਾਬ ਦੇ ਇਹ ਦੋਵੇਂ ਸਾਂਸਦ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਮੁੱਦੇ ’ਤੇ ਸਦਨ ਦੇ ਅੰਦਰ ਹੀ ਧਰਨੇ ’ਤੇ ਬੈਠ ਗਏ।
ਕਾਂਗਰਸ ਦੇ ਮੈਂਬਰ ਕੇਂਦਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਹੈ ਕਿ ਕਾਲੇ ਕਾਨੂੰਨ ਰੱਦ ਕਰਨ ਤਕ ਧਰਨਾ ਜਾਰੀ ਰਹੇਗਾ। ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਅਸੀ ਇਕ ਹਫ਼ਤਾ ਇੰਤਜ਼ਾਰ ਕੀਤਾ ਪਰ ਸਰਕਾਰ ਕਾਨੂੰਨ ਪਾਸ ਕਰਦੀ ਰਹੀ, ਕਿਸਾਨਾਂ ਦੀ ਗੱਲ ਨਹੀਂ ਸੁਣੀ। ਉਨ੍ਹਾਂ ਕਿਹਾ, ਸਰਕਾਰ ਲਾਈਨ ਵਿਚ ਖੜੇ ਆਖ਼ਰੀ ਬੰਦੇ ਦੀ ਗੱਲ ਸੁਣਨ ਲਈ ਵੀ ਪਾਬੰਦ ਹੈ ਪਰ ਇਹ ਤਾਂ 25 ਲੱਖ ਲੋਕਾਂ ਦੇ ਪ੍ਰਤੀਨਿਧਾਂ ਦੀ ਗੱਲ ਵੀ ਨਹੀਂ ਸੁਣਦੀ। ਬਾਅਦ ਵਿਚ ਸਰਕਾਰ ਨੇ ਵਾਅਦਾ ਕੀਤਾ ਕਿ ਕਲ ਸਪੀਕਰ ਨਾਲ ਸਲਾਹ ਕਰ ਕੇ ਕੁੱਝ ਕੀਤਾ ਜਾਏਗਾ। ਰਵਨੀਤ ਬਿੱਟੂ ਨੇ ਦਸਿਆ ਕਿ ਜੇ ਸਰਕਾਰ ਨੇ ਕੁੱਝ ਨਾ ਕੀਤਾ ਤਾਂ ਕਲ ਸਾਰੇ ਕਾਂਗਰਸੀ ਐਮ.ਪੀ. ਹੀ ਧਰਨੇ ਤੇ ਬੈਠ ਜਾਣਗੇ। ਉਨ੍ਹਾਂ ਇਸ ਗੱਲ ਤੇ ਵੀ ਦੁਖ ਪ੍ਰਗਟ ਕੀਤਾ ਕਿ ਉਨ੍ਹਾਂ ਵਲੋਂ ਬੇਨਤੀ ਕਰਨ ਤੇ ਵੀ ਸ਼ਹੀਦ ਹੋਏ ਕਿਸਾਨਾਂ ਨੂੰ ਦੋ ਮਿੰਟ ਦੀ ਸ਼ਰਧਾਂਜਲੀ ਦੇਣ ਲਈ ਵੀ ਸਰਕਾਰ ਤਿਆਰ ਨਾ ਹੋਈ।
ਸਦਨ ਦੀ ਬੈਠਕ ਸ਼ੁਰੂ ਹੁੰਦੇ ਹੀ ਲੋਕਸਭਾ ਚੇਅਰਮੈਨ ਓਮ ਬਿਰਲਾ ਨੇ ਪ੍ਰਸ਼ਨਕਾਲ ਸ਼ੁਰੂ ਕਰਵਾਇਆ, ਪਰ ਕਾਂਰਗਸ ਅਤੇ ਤ੍ਰਿਣਮੂਲ ਕਾਂਗਰਸ ਸਮੇਤ ਕੁੱਝ ਵਿਰੋਧੀ ਧਿਰਾਂ ਦੇ ਮੈਂਬਰ ਕੇਂਦਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਸਮੇਤ ਹੋਰ ਵਿਸ਼ਿਆਂ ’ਤੇ ਨਾਹਰੇਬਾਜ਼ੀ ਕਰਦੇ ਹੋਏ ਬੈਂਚ ਦੇ ਕੋਲ ਆ ਗਏ।
ਬਿਰਲਾ ਨੇ ਹੰਗਾਮਾ ਕਰ ਰਹੇ ਮੈਂਬਰਾਂ ਨੂੰ ਕਿਹਾ ਕਿ ਜੇਕਰ ਮੈਂਬਰ ਚਰਚਾ ਕਰਨਾ ਚਾਹੁੰਦਾ ਹਨ, ਅਪਣੀ ਗੱਲ ਰਖਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਪੂਰਾ ਸਮਾਂ ਅਤੇ ਮੌਕਾ ਦਿਤਾ ਜਾਵੇਗਾ। ਉਨ੍ਹਾਂ ਕਿਹਾ, ਤੁਸੀਂ ਅਪਣੀਆਂ ਥਾਵਾਂ ’ਤੇ ਜਾਉ ਅਤੇ ਕਾਰਵਾਈ ਚੱਲਣ ਦਉ। ਮੈਂ ਸਰਕਾਰ ਨਾਲ ਗੱਲ ਕਰਾਂਗਾ। ਉਨ੍ਹਾਂ ਕਿਹਾ ਸੰਸਦ ਚਲਣੀ ਚਾਹੀਦੀ ਹੈ। ਜਨਤਾ ਵੀ ਇਹੀ ਚਾਹੁੰਦੀ ਹੈ। ਸਾਨੂੰ ਉਨ੍ਹਾਂ ਦੀ ਪ੍ਰੇਸ਼ਾਨੀਆਂ ਨੂੰ ਦੂਰ ਕਰਨਾ ਚਾਹੀਦੈ।’’
ਇਸ ਦੇ ਬਾਅਦ ਪ੍ਰਸ਼ਨਕਾਲ ਸ਼ੁਰੂ ਕਰਾਇਆ ਗਿਆ ਅਤੇ ਕੁੱਝ ਮੈਂਬਰਾਂ ਨੂੰ ਸਵਾਲ ਪੁੱਛਣ ਦਾ ਮੌਕਾ ਦਿਤਾ। ਜ਼ਿਆਦਾ ਬਾਰਸ਼ ਕਾਰਨ ਫ਼ਸਲਾਂ ਨੂੰ ਹੋਏ ਨੁਕਸਾਨ ਸਬੰਧੀ ਸਵਾਲਾਂ ਦਾ ਜਵਾਬ ਦਿੰਦੇ ਹੋਏ ਖੇਤੀ ਮੰਤਰੀ ਨਰੇਂਦਰ ਤੋਮਰ ਨੇ ਕਿਹਾ ਕਿ ਅੱਜ ਦੀ ਕਾਰਜਸੂਚੀ ’ਚ ਖੇਤੀ ਅਤੇ ਕਿਸਾਨਾਂ ਨਾਲ ਸਬੰਧਤ 15 ਤੋਂ ਵੱਧ ਸਵਾਲ ਹਨ। ਉਨ੍ਹਾਂ ਨੇ ਨਾਹਰੇਬਾਜ਼ੀ ਕਰ ਰਹੇ ਵਿਰੋਧੀ ਧਿਰ ਦੇ ਮੈਂਬਰਾਂ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜੇ ਉਹ ਕਿਸਾਨਾਂ ਪ੍ਰਤੀ ਥੋੜੀ ਵੀ ਹਮਦਰਦੀ ਰਖਦੇ ਹਨ ਤਾਂ ਉਨ੍ਹਾਂ ਨੂੰ ਸ਼ਾਂਤੀ ਨਾਲ ਅਪਣੀਆਂ ਥਾਵਾਂ ’ਤੇ ਬੈਠ ਕੇ ਸਵਾਲ ਰਾਹੀਂ ਅਪਣੀ ਗੱਲ ਰਖਣੀ ਚਾਹੀਦੀ ਹੈ ਅਤੇ ਸਰਕਾਰ ਦੀ ਗੱਲ ਸੁਣਨੀ ਚਾਹੀਦੀ। ਵਿਰੋਧੀਆਂ ਦਾ ਹੰਗਾਮਾ ਨਹੀਂ ਖ਼ਤਮ ਹੋਣ ’ਤੇ ਸਦਨ ਦੀ ਕਾਰਵਾਈ ਨੂੰ 9 ਵਾਰ ਮੁਲਤਵੀ ਕਰਨ ਦੇ ਬਾਅਦ ਪੂਰੇ ਦਿਨ ਲਈ ਮੁਲਤਵੀ ਕਰ ਦਿਤਾ ਗਿਆ। (ਏਜੰਸੀ)