
ਅਕਾਲੀ ਦਲ ਦੀ ਪ੍ਰਧਾਨਗੀ ਬਾਦਲਾਂ ਕੋਲ ਹੀ ਰਹੇਗੀ
ਹੋਰ ਫ਼ੈਸਲੇ ਲੈਣ ਦਾ ਅਧਿਕਾਰ ਵੀ 'ਪ੍ਰਧਾਨ ਜੀ' ਕੋਲ ਰਹੇਗਾ
''ਮੈਂ ਤਾਂ ਬੱਚਿਆਂ ਨੂੰ ਵੀ ਕਹਿ ਦਿਤਾ ਹੈ ਕਿ ਬੀਜੇਪੀ ਨਾਲ ਰਿਸ਼ਤਾ ਕਦੇ ਨਾ ਤੋੜਿਆ ਜਾਵੇ'' ਕਹਿਣ ਵਾਲੇ ਅੱਜ ਕਿਸ ਉਤੇ ਦੋਸ਼ ਲਗਾ ਰਹੇ ਹਨ?
ਚੰਡੀਗੜ੍ਹ, 27 ਜੁਲਾਈ (ਸਸਸ): ਅੱਜ ਬਾਦਲ ਅਕਾਲੀ ਦਲ ਦੀ 'ਕਾਇਆ ਕਲਪ' ਕਰਨ ਵਾਲੀ ਕਮੇਟੀ ਦੇ ਕੁੱਝ ਮੈਂਬਰਾਂ ਨੇ ਪ੍ਰੈਸ ਕਾਨਫ਼ਰੰਸ ਕਰ ਕੇ ਸਪੱਸ਼ਟ ਕਰ ਦਿਤਾ ਕਿ ਉਨ੍ਹਾਂ ਦੀਆਂ ਸਿਫ਼ਾਰਸ਼ਾਂ ਅਨੁਸਾਰ ਬਾਦਲ ਹੀ ਪ੍ਰਧਾਨ ਬਣੇ ਰਹਿਣਗੇ ਤੇ ਸਾਰੇ ਫ਼ੈਸਲੇ ਲੈਣ ਦੇ ਅਧਿਕਾਰ ਵੀ 'ਪ੍ਰਧਾਨ ਜੀ' ਕੋਲ ਹੀ ਰਹਿਣਗੇ | ਸਾਰੀ ਰੀਪੋਰਟ ਅਜੇ ਜਾਰੀ ਨਹੀਂ ਕੀਤੀ ਗਈ ਤੇ ਇਕ ਦੋ ਮੀਟਿੰਗਾਂ ਵਿਚ ਵਿਚਾਰ ਵਟਾਂਦਰਾ ਕਰਨ ਮਗਰੋਂ ਹੀ ਜਾਰੀ ਕੀਤੀ ਜਾਵੇਗੀ | ਪਰ ਫਿਰ ਪ੍ਰੈਸ ਕਾਨਫ਼ਰੰਸ ਕਿਉਂ ਕੀਤੀ ਗਈ? ਕੇਵਲ ਇਹ ਦਸਣ ਲਈ ਕਿ ਪ੍ਰਧਾਨ ਸਾਹਿਬ ਪਹਿਲਾਂ ਵਾਲੇ ਹੀ ਰਹਿਣਗੇ ਤੇ ਨਹੀਂ ਬਦਲੇ ਜਾਣਗੇ ਤੇ ਸਾਰੇ ਫ਼ੈਸਲੇ ਲੈਣ ਦੇ ਅਧਿਕਾਰ ਵੀ ਉਨ੍ਹਾਂ ਕੋਲ ਹੀ ਰਹਿਣਗੇ? ਇਕੋ ਗੱਲ ਹੋਰ ਜੋ ਦੱਸੀ ਗਈ ਹੈ, ਉਹ ਇਹ ਸੀ ਕਿ ਮੌਜੂਦਾ ਅਕਾਲੀ ਲੀਡਰਸ਼ਿਪ ਨੂੰ ਬਦਨਾਮ ਕਰ ਕੇ ਬੀਜੇਪੀ ਦੀ ਝੋਲੀ ਵਿਚ ਪਾਉਣਾ ਚਾਹੁਣ ਵਾਲੀਆਂ ਕੁੱਝ ਤਾਕਤਾਂ ਤੋਂ ਸੁਚੇਤ ਰਿਹਾ ਜਾਏ! ਕਲ ਤਕ ਜਿਹੜੇ ਬਾਦਲ (ਪ੍ਰਕਾਸ਼ ਸਿੰਘ) ਇਹ ਕਹਿੰਦੇ ਸਨ ਕਿ ''ਮੈਂ ਅਪਣੇ ਬੱਚਿਆਂ ਨੂੰ ਵੀ ਕਹਿ ਦਿਤਾ ਹੈ ਕਿ ਬੀਜੇਪੀ ਨਾਲ ਕਦੇ ਰਿਸ਼ਤਾ ਨਾ ਤੋੜਿਆ ਜਾਵੇ ਤੇ ਜਿਹੜੇ ਪ੍ਰਧਾਨ ਜੀ ਦੀ ਧਰਮ ਪਤਨੀ ਜੀ ਬੀਜੇਪੀ ਸਰਕਾਰ ਵਿਚ ਇਕੋ ਇਕ ਸਿੱਖ ਮੰਤਰੀ ਰਹੀ ਹੈ (ਕੋਈ ਦੂਜਾ ਅਕਾਲੀ ਵੀ ਨਹੀਂ ਰਿਹਾ), ਉਸ ਵਲੋਂ ਦੂਜਿਆਂ ਉਤੇ ਇਹ ਇਲਜ਼ਾਮ ਲਾਉਣਾ ਕਿ ਉਹ ਅਕਾਲੀ ਦਲ (ਬਾਦਲ) ਨੂੰ ਬੀਜੇਪੀ ਦੇ ਝੋਲੀ ਵਿਚ ਪਾਉਣਾ ਚਾਹੁੰਦੇ ਹਨ, ਰਾਜਸੀ ਮਾਹਰਾਂ ਨੂੰ ਸਮਝ ਤੋਂ ਬਾਹਰ ਦੀ ਗੱਲ ਲਗਦੀ ਹੈ | ਪਰ ਅੱਜ ਦੀ ਪ੍ਰੈਸ ਕਾਨਫ਼ਰੰਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਲੱਖ ਬਾਰਸ਼ਾਂ ਤੋਂ ਬਾਅਦ ਵੀ ਅਕਾਲੀ ਦਲ (ਬਾਦਲ) ਦਾ ਪਰਨਾਲਾ ਉਥੇ ਦਾ ਉਥੇ ਹੀ ਰਹੇਗਾ ਤੇ ਬਾਕੀ ਦੀ ਰੀਪੋਰਟ ਵਿਚ ਬਾਦਲਾਂ ਦੀ ਉਪਮਾ ਤੋਂ ਲੈ ਕੇ ਆਲੋਚਨਾ ਤਕ ਹਰ ਗੱਲ ਸਿਰਫ਼ ਬਾਦਲਾਂ ਦੀ ਕੁਰਸੀ ਕਾਇਮ ਰੱਖਣ ਲਈ ਦਲੀਲਾਂ ਪੇਸ਼ ਕਰਨ ਦੀ ਕਸਰਤ ਤੋਂ ਵੱਧ ਕੁੱਝ ਨਹੀਂ ਹੋਵੇਗੀ ਤੇ ਸਿੱਖ ਰਾਜਨੀਤੀ ਵਿਚ ਖੜੋਤ ਬਣੀ ਰਹੇਗੀ |