
ਮਾਮਲਾ ਦਰਜ, ਆਟੋ ਚਾਲਕ ਦੀ ਭਾਲ ਜਾਰੀ
ਪਟਿਆਲਾ - ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਇਲਾਕੇ 'ਚ ਦਿਨ-ਦਿਹਾੜੇ ਆਟੋ ਚਾਲਕ ਵਲੋਂ ਮਦਦ ਕਰਨ ਦੇ ਬਹਾਨੇ ਇਕ ਮਹਿਲਾ ਯਾਤਰੀ ਨਾਲ ਬਲਾਤਕਾਰ ਕੀਤਾ ਗਿਆ। 37 ਸਾਲਾ ਔਰਤ 25 ਜੁਲਾਈ ਨੂੰ ਆਟੋ ਵਿਚ ਸਵਾਰ ਹੋਈ ਸੀ। ਬਲਾਤਕਾਰ ਕਰਨ ਤੋਂ ਬਾਅਦ ਆਟੋ ਚਾਲਕ ਔਰਤ ਨੂੰ ਛੱਡ ਕੇ ਫਰਾਰ ਹੋ ਗਿਆ।
ਸੜਕ 'ਤੇ ਬੇਹੋਸ਼ੀ ਦੀ ਹਾਲਤ 'ਚ ਮਿਲੀ ਔਰਤ ਨੇ ਹਸਪਤਾਲ 'ਚ ਹੋਸ਼ ਆਉਣ 'ਤੇ ਪੁਲਿਸ ਨੂੰ ਆਪਣਾ ਬਿਆਨ ਦਿੱਤਾ। ਜਾਂਚ ਵਿਚ ਬਲਾਤਕਾਰ ਦੀ ਪੁਸ਼ਟੀ ਹੋਈ। ਸਿਟੀ ਰਾਜਪੁਰਾ ਪੁਲਿਸ ਨੇ ਔਰਤ ਦੇ ਬਿਆਨਾਂ ’ਤੇ ਆਟੋ ਚਾਲਕ ਮੱਖਣ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਆਟੋ ਚਾਲਕ ਦਾ ਅਜੇ ਤੱਕ ਪੁਲਿਸ ਨੂੰ ਪਤਾ ਨਹੀਂ ਲੱਗ ਸਕਿਆ ਹੈ।
ਪੀੜਤ ਮਹਿਲਾ ਦੇ ਅਨੁਸਾਰ ਉਹ 37 ਸਾਲ ਦੀ ਵਿਆਹੀ ਮਹਿਲਾ ਹੈ ਜਿਸ ਦਾ ਇਕ 10 ਸਾਲ ਦਾ ਬੱਚਾ ਵੀ ਹੈ। 25 ਜੁਲਾਈ ਨੂੰ ਸਵੇਰੇ 10 ਵਜੇ ਦੇ ਕਰੀਬ ਉਹ ਰੇਲਵੇ ਫਾਟਕ ਰਾਜਪੁਰਾ ਤੋਂ ਪੈਦਲ ਜਾ ਰਹੀ ਸੀ। ਇੱਥੇ ਆਰੋਪੀ ਆਟੋ ਚਾਲਕ ਨੇ ਉਸ ਨੂੰ ਸਵਾਰੀ ਦੇ ਤੌਰ 'ਤੇ ਆਟੋ 'ਚ ਬਿਟਾਇਆ। ਰਸਤੇ ਵਿਚ ਮਹਿਲਾ ਦਾ ਸਿਰ ਦਰਦ ਹੋਣ 'ਤੇ ਉਸ ਨੂੰ ਗੋਲੀ ਦੇਣ ਦੇ ਬਹਾਨੇ ਨਸ਼ੀਲੀ ਗੋਲੀ ਦੇ ਦਿੱਤੀ।
ਔਰਤ ਮੁਤਾਬਕ ਮੁਲਜ਼ਮ ਨੇ ਉਸ ਨੂੰ ਕੋਲਡ ਡਰਿੰਕ ਦੀ ਬੋਤਲ ਵੀ ਪੀਣ ਲਈ ਮਜਬੂਰ ਕੀਤਾ, ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਈ। ਜਦੋਂ ਉਹ ਬੇਹੋਸ਼ ਹੋ ਗਈ ਤਾਂ ਉਹ ਔਰਤ ਨੂੰ ਇਕ ਅਲੱਗ ਥਾਂ 'ਤੇ ਲੈ ਗਿਆ ਅਤੇ ਉਸ ਨਾਲ ਬਲਾਤਕਾਰ ਕੀਤਾ, ਫਿਰ ਉਸ ਨੂੰ ਉਥੇ ਹੀ ਛੱਡ ਦਿੱਤਾ ਅਤੇ ਫਰਾਰ ਹੋ ਗਿਆ। ਲੋਕਾਂ ਨੇ ਔਰਤ ਦੀ ਮਦਦ ਕੀਤੀ ਅਤੇ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ, ਜਿੱਥੋਂ ਮਾਮਲਾ ਪੁਲਿਸ ਕੋਲ ਪਹੁੰਚਿਆ।
ਹੋਸ਼ ਆਉਣ ਤੋਂ ਬਾਅਦ ਔਰਤ ਨੇ ਪੁਲਿਸ ਨੂੰ ਪੂਰੀ ਜਾਣਕਾਰੀ ਦਿੱਤੀ, ਪਰ ਆਟੋ ਚਾਲਕ ਦੇ ਨਾਂ ਤੋਂ ਇਲਾਵਾ ਹੋਰ ਕੋਈ ਜਾਣਕਾਰੀ ਨਹੀਂ ਮਿਲੀ। ਸਿਟੀ ਰਾਜਪੁਰਾ ਦੇ ਐਸਐਚਓ ਰਾਜੇਸ਼ ਮਲਹੋਤਰਾ ਨੇ ਦੱਸਿਆ ਕਿ ਔਰਤ ਨੇ ਹੋਸ਼ ਆਉਣ ਤੋਂ ਬਾਅਦ ਆਪਣੇ ਬਿਆਨ ਦਿੱਤੇ ਹਨ। ਦੋਸ਼ੀ ਦੀ ਪਛਾਣ ਦੀ ਪੁਸ਼ਟੀ ਕਰਨ ਲਈ ਇਲਾਕੇ ਦੇ ਸੀਸੀਟੀਵੀ ਕੈਮਰੇ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਜਲਦ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।