
ਖੇਤੀ ਆਰਡੀਨੈਂਸਾਂ ਬਾਰੇ ਮੇਰਾ ਮਤਾ ਰੱਦ ਕਰਨਾ ਕੈਪਟਨ-ਸੁਖਬੀਰ ਦੇ ਰਲੇ ਹੋਣ ਦਾ ਪੁਖ਼ਤਾ ਸਬੂਤ : ਪਰਮਿੰਦਰ ਸਿੰਘ ਢੀਂਡਸਾ
ਚੰਡੀਗੜ੍ਹ, 27 ਅਗੱਸਤ (ਨੀਲ ਭਾਲਿੰਦਰ ਸਿੰਘ) : ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਤੇ ਵਿਧਾਇਕ ਸ. ਪਰਮਿੰਦਰ ਸਿੰਘ ਢੀਂਡਸਾ ਨੇ ਖੇਤੀ ਆਰਡੀਨੈਸਾਂ ਬਾਰੇ ਵਿਧਾਨ ਸਭਾ ਅੰਦਰ ਪੇਸ਼ ਕੀਤਾ ਜਾਣ ਵਾਲਾ ਮਤਾ ਰੱਦ ਕਰਨ ਦੀ ਕਾਰਵਾਈ ਨੂੰ ਗ਼ੈਰ ਸੰਵਿਧਾਨਕ ਦਸਦਿਆਂ ਕਿਹਾ ਕਿ ਮਤਾ ਰੱਦ ਕਰਨ ਦੀ ਕਾਰਵਾਈ ਕੈਪਟਨ ਅਮਰਿੰਦਰ ਸਿੰਘ ਤੇ ਸੁਖਬੀਰ ਸਿੰਘ ਬਾਦਲ ਦੀ ਸਾਂਝ ਦਾ ਪੁਖਤਾ ਸਬੂਤ ਹੈ। ਵਾਰੀ-ਵਾਰੀ ਰਾਜ ਕਰਨ ਦੇ ਵਰਤਾਰੇ ਨੇ ਇਸ ਸਾਂਝ ਨੂੰ ਹੋਰ ਪਕੇਰੀ ਕਰਨ ਲਈ ਉਤਸ਼ਾਹਤ ਕੀਤਾ ਹੈ। ਇਹ ਗੂੜੀ ਸਾਂਝ ਲੋਕ ਹੱਕਾਂ ਨੂੰ ਦਬਾਉਣ ਲਈ ਬੇਹੱਦ ਖ਼ਤਰਨਾਕ ਹੈ।
ਸ. ਢੀਂਡਸਾ ਨੇ ਇਥੇ ਪ੍ਰੈੱਸ ਕਾਨਫ਼ਰੰਸ ਦੌਰਾਨ ਦਸਿਆ ਕਿ ਉਨ੍ਹਾਂ 21 ਅਗੱਸਤ ਨੂੰ ਵਿਧਾਨ ਸਭਾ ਕਾਰਜ ਨਿਯਮਾਂਵਾਲੀ ਦੇ ਨਿਯਮ -71 ਅਧੀਨ ਤਿੰਨ ਖੇਤੀ ਆਰਡੀਨੈਸਾਂ ਉਪਰ ਬਹਿਸ ਕਰਨ ਲਈ ਨੋਟਿਸ ਦਿਤਾ ਸੀ ਜਿਸ ਵਿਚ ਨਿਯਮ -77 ਦਾ ਹਵਾਲਾ ਦਿੰਦੇ ਹੋਏ ਸਾਫ਼ ਕਿਹਾ ਗਿਆ ਹੈ ਕਿ ਨੋਟਿਸ 7 ਦਿਨ ਪਹਿਲਾਂ ਦਿਤਾ ਜਾ ਰਿਹਾ ਹੈ ਪਰ ਵਿਧਾਨ ਸਭਾ
ਦੇ ਮਾਣਯੋਗ ਸਪੀਕਰ ਨੇ ਇਹ ਨੋਟਿਸ ਅੱਜ ਰੱਦ ਕਰ ਦਿਤਾ ਕਿਉਂਕਿ ਇਸ ਨੋਟਿਸ ਉਪਰ ਖੇਤੀ ਆਰਡੀਨੈਂਸਾਂ ਬਾਰੇ ਬਹਿਸ ਵੀ ਹੋਣੀ ਸੀ ਤੇ ਵੋਟਿੰਗ ਵੀ। ਜੋ ਕਾਂਗਰਸ ਅਤੇ ਅਕਾਲੀ ਦਲ (ਬਾਦਲ) ਕਰਵਾਉਣੀ ਨਹੀਂ ਚਾਹੁੰਦੇ। ਇਹ ਨੋਟਿਸ ਰੱਦ ਕਰਨ ਬਾਰੇ ਸਪੀਕਰ ਸਾਹਿਬ ਨੂੰ ਸਵਾਲ ਪੁੱਛੇ ਗਏ ਤਾਂ ਉਹ ਕੋਈ ਜਵਾਬ ਨਹੀਂ ਦੇ ਸਕੇ। ਜਿਸ ਤੋਂ ਸਹਿਜੇ ਹੀ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਮਤਾ ਕਿਸੇ ਦਬਾਅ ਹੇਠ ਰੱਦ ਕੀਤਾ ਗਿਆ ਹੈ।
ਸ. ਢੀਂਡਸਾ ਨੇ ਦੋਸ਼ ਲਾਇਆ ਕਿ ਕਾਂਗਰਸ ਤੇ ਅਕਾਲੀ ਦਲ (ਬਾਦਲ) ਖੇਤੀ ਆਰਡੀਨੈਸਾਂ ਦੀ ਬਹਿਸ ਤੋਂ ਭੱਜਣਾ ਚਾਹੁੰਦੇ ਹਨ। ਦੋਵੇਂ ਧਿਰਾਂ ਲੋਕਾਂ ਸਾਹਮਣੇ ਸੱਚ ਪੇਸ਼ ਕਰਨ ਤੋਂ ਭੱਜ ਰਹੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਅਜਿਹਾ ਸਧਾਰਨ ਮਤਾ ਵਿਧਾਨ ਸਭਾ ਅੰਦਰ ਲਿਆਉਣ ਦੀ ਤਾਕ ਵਿਚ ਹੈ ਜਿਸ ਉਪਰ ਨਾ ਹੀ ਬਹਿਸ ਹੋਵੇ ਅਤੇ ਨਾ ਹੀ ਵੋਟਿੰਗ ਹੋ ਸਕੇ। ਇਸ ਨਾਲ ਇਹ ਵੀ ਸਪੱਸ਼ਟ ਨਹੀਂ ਹੋਵੇਗਾ ਕਿ ਕਿਸ ਵਿਧਾਇਕ ਨੇ ਆਰਡੀਨੈਂਸ ਦੇ ਹੱਕ ਵੋਟ ਪਾਈ ਹੈ ਤੇ ਕਿਸ ਨੇ ਵਿਰੁਧ ਵੋਟ ਪਾਈ ਹੈ। ਇਹ ਪੰਜਾਬ ਸਰਕਾਰ ਤੇ ਬਾਦਲ ਦਲ ਰਲ ਮਿਲ ਕੇ ਕਿਸਾਨਾਂ ਦੀਆਂ ਅੱਖਾਂ ਵਿਚ ਘੱਟਾ ਪਾ ਰਹੇ ਹਨ।
ਸ. ਢੀਂਡਸਾ ਨੇ ਕਿਹਾ ਕਿ ਉਨ੍ਹਾਂ ਵਿਧਾਨ ਸਭਾ ਅੰਦਰ ਮਤਾ ਪੇਸ਼ ਕਰ ਕੇ ਤਿੰਨ ਆਰਡੀਨੈਸਾਂ ਨੂੰ ਰੱਦ ਕਰ ਕੇ ਇਸ ਬਾਰੇ ਕੇਂਦਰ ਸਰਕਾਰ ਕੋਲ ਭੇਜਣ ਦੀ ਮੰਗ ਰੱਖੀ ਸੀ। ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਬਿਨਾਂ ਕਿਸੇ ਪੁਖਤਾ ਕਾਰਨ ਦੇ ਇਹ ਨੋਟਿਸ ਰੱਦ ਕਰ ਦਿਤਾ ਗਿਆ ਜਿਸ ਦੇ ਪਾਸ ਹੋਣ ਨਾਲ ਜਿਥੇ ਕਿਸਾਨਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਹੋਣੀ ਸੀ ਉਥੇ ਇਹ ਵੀ ਸਪੱਸ਼ਟ ਹੋ ਜਾਂਦਾ ਕਿ ਕੌਣ ਇਸ ਦੇ ਹੱਕ ਵਿਚ ਖੜ੍ਹਾ ਤੇ ਕੌਣ ਵਿਰੋਧ ਵਿਚ। ਸ. ਢੀਂਡਸਾ ਨੇ ਕਿਹਾ ਕਿ ਕਾਂਗਰਸ ਪਾਰਟੀ ਆਰਡੀਨੈਂਸਾਂ ਦੇ ਮੁੱਦੇ ਤੇ ਸਿਰਫ਼ ਦਿਖਾਵਾ ਕਰ ਰਹੀ ਹੈ ਦਿਖਾਵਾ ਹੀ ਨਹੀਂ ਸਗੋਂ ਅਕਾਲੀ ਦਲ (ਬਾਦਲ) ਦਾ ਬਚਾਅ ਕਰਨ 'ਤੇ ਲੱਗੀ ਹੋਈ ਹੈ। ਇਸ ਕਰ ਕੇ ਅਜਿਹਾ ਮਤਾ ਪੇਸ਼ ਕਰ ਰਹੀ ਹੈ ਜੋ ਸਿਰਫ਼ ਆਵਾਜ਼ ਵੋਟ ਨਾਲ ਪਾਸ ਹੋਣਾ ਹੈ ਕਾਂਗਰਸ ਤੁੱਥ ਮੁੱਥ ਕਰ ਕੇ ਪਾਸ ਕਰਵਾਉਣਾ ਚਾਹੁੰਦੀ ਹੈ। ਕਿਉਂਕਿ ਜੇਕਰ ਇਸ ਮਤੇ ਉਪਰ ਬਹਿਸ ਜਾਂ ਵੋਟਿੰਗ ਹੁੰਦੀ ਤਾਂ ਅਕਾਲੀ ਦਲ (ਬਾਦਲ) ਦੇ ਵਿਚ ਪਾਟੋਧਾੜ ਨਜ਼ਰ ਆਉਣੀ ਸੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਬਹੁਤੇ ਵਿਧਾਇਕ ਤਿੰਨ ਆਰਡੀਨੈਸਾਂ ਦੇ ਵਿਰੁਧ ਹਨ ਤੇ ਉਨ੍ਹਾਂ ਵੋਟ ਵੀ ਆਰਡੀਨੈਸਾਂ ਦੇ ਹੱਕ ਵਿਚ ਨਹੀਂ ਪਾਉਣੀ ਸੀ।
ਵਿਧਾਇਕ ਕਿਸਾਨਾਂ ਦੇ ਹੱਕ ਵਿਚ ਖੜ੍ਹਦੇ ਇਹ ਗੱਲ ਵੱਖਰੀ ਹੈ ਕਿ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਦੇ ਦਬਾਅ ਹੇਠ ਵਿਧਾਇਕ ਚੁੱਪ ਚੁਪੀਤੇ ਸਮਰਥਨ ਕਰਦੇ ਹਨ। ਪਰ ਉਨ੍ਹਾਂ ਦੀ ਜ਼ਮੀਰ ਇਜ਼ਾਜਤ ਨਹੀਂ ਦਿੰਦੀ। ਸ. ਢੀਂਡਸਾ ਨੇ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਕਿਸਾਨਾਂ ਦੇ ਹੱਕ ਵਿਚ ਖੜਨ ਚਾਹੁੰਦੀ ਤਾਂ ਕਿਸਾਨਾਂ ਦੇ ਮੁੱਦੇ ਉੱਪਰ ਸਖ਼ਤ ਤੇ ਸਪੱਸ਼ਟ ਸਟੈਂਡ ਲੈਣਾ ਬਣਦਾ ਸੀ। ਕਾਂਗਰਸ ਤਾਂ ਅਕਾਲੀ ਦਲ (ਬਾਦਲ) ਨੂੰ ਬਚਾਉਣ 'ਤੇ ਆ ਗਈ। ਉਨ੍ਹਾਂ ਕਿਹਾ ਕਿ ਵਿਧਾਇਕਾਂ ਕੋਲ ਲੋਕਾਂ ਦੇ ਹੱਕ ਤੇ ਮੁਸ਼ਕਲਾਂ ਰੱਖਣ ਦਾ ਵਿਧਾਨ ਸਭਾ ਇਕ ਮੰਚ ਹੈ। ਸਾਡਾ ਅਧਿਕਾਰ ਵੀ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ. ਢੀਂਡਸਾ ਨੇ ਕਿਹਾ ਕਿ ਆਰਡੀਨੈਸਾਂ ਉਪਰ ਇਕ-ਇਕ ਵਿਧਾਇਕ ਵਲੋਂ ਪਾਈ ਵੋਟ ਦਾ ਸੰਦੇਸ਼ ਪੂਰੇ ਦੇਸ਼ ਵਿਚ ਜਾਣਾ ਸੀ ਜੋ ਅਕਾਲੀ ਦਲ (ਬਾਦਲ) ਤੇ ਕਾਂਗਰਸ ਦੇ ਗਠਜੋੜ ਨੇ ਖੋਹਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਲੋਕ ਕਾਂਗਰਸ ਤੇ ਅਕਾਲੀ ਦਲ (ਬਾਦਲ) ਤੋਂ ਇਸ ਦਾ ਜਵਾਬ ਮੰਗਣਗੇ ਤੇ ਜਵਾਬ ਦੇਣਾ ਪਵੇਗਾ।
ਪ੍ਰੈੱਸ ਕਾਨਫ਼ਰੰਸ ਦੌਰਾਨ ਸ. ਢੀਂਡਸਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਗਾਇਬ ਹੋਣ ਦੀ ਘਟਨਾ ਨੇ ਹਰ ਕਿਸੇ ਨੂੰ ਸ਼ਰਮਸਾਰ ਕੀਤਾ ਹੈ ਤੇ ਸ਼੍ਰੋਮਣੀ ਕਮੇਟੀ ਦੀ ਸ਼ਾਖ ਨੂੰ ਵੱਡਾ ਧੱਕਾ ਮਾਰਿਆ ਹੈ ਤੇ ਦਾਗਦਾਰ ਕੀਤਾ ਹੈ। ਲਾਪਤਾ ਹੋਏ ਪਾਵਨ ਸਰੂਪਾਂ ਲਈ ਸ਼੍ਰੋਮਣੀ ਕਮੇਟੀ ਜ਼ਿੰਮੇਵਾਰ ਹੈ ਉਥੇ ਬਾਦਲ ਪਰਵਾਰ ਇਸ ਜ਼ਿੰਮੇਵਾਰੀ ਤੋਂ ਨਹੀਂ ਬਚ ਸਕਦਾ ਕਿਉਂਕਿ ਕਾਫ਼ੀ ਅਰਸੇ ਤੋਂ ਸ਼੍ਰੋਮਣੀ ਕਮੇਟੀ ਉਪਰ ਬਾਦਲ ਪਰਵਾਰ ਦਾ ਕਬਜ਼ਾ ਕੀਤਾ ਹੋਇਆ ਹੈ। ਦੁਨੀਆ ਭਰ ਦੇ ਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਅਪੀਲ ਕਰ ਰਹੇ ਹਨ ਕਿ ਇਸ ਡੂੰਘੀ ਸਾਜ਼ਸ਼ ਵਿਰੁਧ ਬਾਦਲ ਦਲ ਦੇ ਜ਼ਿੰਮੇਵਾਰ ਆਗੂਆਂ ਵਿਰੁਧ ਵੀ ਕਾਰਵਾਈ ਕੀਤੀ ਜਾਵੇ ਜਿਹੜੇ ਲਗਾਤਾਰ ਸ਼੍ਰੋਮਣੀ ਕਮੇਟੀ ਨੂੰ ਸਿਆਸਤ ਦੇ ਨਜ਼ਰੀਏ ਤੋਂ ਚਲਾ ਰਹੇ ਹਨ ਜਿਨ੍ਹਾਂ ਕਰ ਕੇ ਪੰਥਕ ਸੰਸਥਾਵਾਂ ਦੀ ਮਾਣ ਮਰਿਯਾਦਾ ਨੂੰ ਵੱਡੀ ਢਾਹ ਲੱਗੀ ਹੈ।