
ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਨੂੰ ਮਿਲੀ ਰਾਹਤ, 1 ਸਤੰਬਰ ਤਕ ਗ੍ਰਿਫ਼ਤਾਰੀ 'ਤੇ ਰੋਕ
to
ਐਸ ਏ ਐਸ ਨਗਰ, 28 ਅਗੱਸਤ (ਗੁਰਮੁਖ ਵਾਲੀਆ) : ਬਹੁਚਰਚਿਤ ਬਲਵੰਤ ਸਿੰਘ ਮੁਲਤਾਨੀ ਦੇ ਅਗਵਾ ਅਤੇ ਕਤਲ ਮਾਮਲੇ ਵਿੱਚ ਨਾਮਜਦ ਸਾਬਕਾ ਡੀ ਜੀ ਪੀ ਸੁਮੇਧ ਸੈਣੀ ਨੂੰ ਅੱਜ ਮੁਹਾਲੀ ਦੇ ਮਾਣਯੋਗ ਐਡੀਸ਼ਨਲ ਜਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਰਜਨੀਸ਼ ਗਰਗ ਦੀ ਅਦਾਲਤ ਵਲੋਂ ਰਾਹਤ ਮਿਲ ਗਈ ਹੈ ਅਤੇ ਇਸ ਮਾਮਲੇ ਵਿੱਚ ਸਾਬਕਾ ਡੀ ਜੀ ਪੀ ਦੀ ਗ੍ਰਿਫਤਾਰੀ ਤੇ 1 ਸਤੰਬਰ ਤਕ ਰੋਕ ਲਗਾ ਦਿੱਤੀ ਗਈ ਹੈ।
ਜਿਕਰਯੋਗ ਹੈ ਕਿ ਇਸ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਦੇ ਡੀ ਐਸ ਪੀ ਸ੍ਰ. ਵਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਵਿੱਚ ਪੁਲੀਸ ਟੀਮ ਵੱਲੋਂ ਅੱਜ ਤੜਕੇ ਅੱਜ ਤੜਕੇ ਸ੍ਰੀ ਸੈਣੀ ਦੀ ਗ੍ਰਿਫਤਾਰੀ ਲਈ ਉਹਨਾਂ ਦੀ ਚੰਡੀਗੜ੍ਹ ਦੇ 20 ਡੀ ਸਥਿਤ ਕੋਠੀ ਨੰਬਰ 3048 ਤੇ ਛਾਪੇਮਾਰੀ ਕੀਤੀ ਗਈ ਸੀ। ਹਾਲਾਂਕਿ ਸਾਬਕਾ ਡੀ ਜੀ ਪੀ ਇਸ ਛਾਪੇਮਾਰੀ ਦੌਰਾਨ ਘਰ ਵਿੱਚ ਨਹੀਂ ਸਨ ਅਤੇ ਪੁਲੀਸ ਟੀਮ ਨੂੰ ਖਾਲੀ ਹੱਥ ਪਰਤਣਾ ਪਿਆ ਸੀ।
ਇੱਥੇ ਜ਼ਿਕਰਯੋਗ ਹੈ ਇਸ ਮਾਮਲੇ 'ਚ ਗ੍ਰਿਫ਼ਤਾਰੀ ਤੋਂ ਬਚਣ ਲਈ ਡੀ ਜੀ ਪੀ ਸੈਣੀ ਨੇ ਅਪਣੀ ਜ਼ਮਾਨਤ ਲਈ ਮੁਹਾਲੀ ਅਦਾਲਤ 'ਚ ਅਰਜ਼ੀ ਦਿਤੀ ਸੀ ਜਿਸਤੇ ਸੁਣਵਾਈ ਕਰਦਿਆਂ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਵਲੋਂ 25 ਅਗੱਸਤ ਨੂੰ ਸੈਣੀ ਦੀ ਗਿਫ਼ਤਾਰੀ ਤੇ 27 ਅਗੱਸਤ ਤਕ ਰੋਕ ਲਗਾ ਦਿਤੀ ਗਈ ਸੀ। 27 ਅਗੱਸਤ ਨੂੰ ਮਾਣਯੋਗ ਅਦਾਲਤ ਵਲੋਂ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ 29 ਅਗੱਸਤ ਦੀ ਤਰੀਕ ਦਿਤੀ ਗਈ ਸੀ ਪਰੰਤੂ ਅਦਾਲਤੀ ਹੁਕਮਾਂ 'ਚ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ 'ਤੇ ਰੋਕ ਸੰਬੰਧੀ ਕੋਈ ਜ਼ਿਕਰ ਨਹੀ ਕੀਤਾ ਗਿਆ ਸੀ।
ਇਸ ਸੰਬੰਧੀ ਸੈਣੀ ਦੇ ਵਕੀਲਾਂ ਵਲੋਂ ਅੱਜ ਮਾਣਯੋਗ ਅਦਾਲਤ 'ਚ ਅਰਜ਼ੀ ਦੇ ਕੇ ਮੰਗ ਕੀਤੀ ਸੀ ਕਿ ਸੈਣੀ ਦੀ ਜ਼ਮਾਨਤ ਦੀ ਅਰਜ਼ੀ ਦਾ ਨਿਪਟਾਰਾ ਹੋਣ ਤਕ ਉਹਨਾਂ ਨੂੰ ਗ੍ਰਿਫ਼ਤਾਰੀ ਤੋਂ ਛੂਟ ਦਿੱਤੀ ਜਾਵੇ ਜਿਸimageਤੋਂ ਬਾਅਦ ਮਾਣਯੋਗ ਅਦਾਲਤ ਵਲੋਂ ਸਪਸ਼ਟ ਕੀਤਾ ਗਿਆ ਹੈ ਕਿ ਸੈਣੀ ਦੀ ਜ਼ਮਾਨਤ ਦੀ ਅਰਜ਼ੀ ਦਾ ਨਿਪਟਾਰਾ ਹੋਣ ਤਕ ਉਹਨਾਂ ਦੀ ਗ੍ਰਿਫ਼ਤਾਰੀ ਤੇ ਰੋਕ ਜਾਰੀ ਰਹੇਗੀ। ਇਸ ਮਾਮਲੇ 'ਚ ਅਗਲੀ ਤਰੀਕ 29 ਅਗੱਸਤ ਦੀ ਪਾਈ ਗਈ ਸੀ ਪਰੰਤੂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੇ ਚੀਫ ਜਸਟਿਸ ਵਲੋਂ ਸਨਿਚਰਵਾਰ ਨੂੰ ਅਦਾਲਤਾਂ 'ਚ ਕੰਮ ਕਾਜ ਬੰਦ ਕਰਨ ਸੰਬੰਧੀ ਜਾਰੀ ਹੁਕਮਾਂ ਦੀ ਰੌਸ਼ਨੀ 'ਚ ਇਸ ਮਾਮਲੇ ਦੀ ਅਗਲੀ ਸੁਣਵਾਈ 1 ਸੰਤਬਰ ਨੂੰ ਹੋਵੇਗੀ ਅਤੇ ਉਦੋਂ ਤਕ ਸ੍ਰੀ ਸੈਣੀ ਨੂੰ ਗਿਫ਼ਤਾਰੀ ਤੋਂ ਫੌਰੀ ਰਾਹਤ ਮਿਲ ਗਈ ਹੈ।