
ਅਸਾਮ ’ਚ ਅਤਿਵਾਦੀਆਂ ਨੇ ਸੱਤ ਟਰੱਕਾਂ ਨੂੰ ਲਾਈ ਅੱਗ, 5 ਡਰਾਈਵਰ ਜ਼ਿੰਦਾ ਸੜੇ
ਗੁਵਾਹਾਟੀ, 27 ਅਗੱਸਤ : ਅਸਾਮ ਦੇ ਦੀਮਾ ਹਸਾਓ ਜ਼ਿਲ੍ਹੇ ’ਚ ਸ਼ੱਕੀ ਅਤਿਵਾਦੀਆਂ ਨੇ ਕੋਲਾ ਲੈ ਕੇ ਜਾ ਰਹੇ ਸੱਤ ਟਰੱਕਾਂ ਨੂੰ ਅੱਗ ਲਗਾ ਦਿਤੀ। ਇਸ ਨਾਲ ਪੰਜ ਟਰੱਕ ਡਰਾਈਵਰਾਂ ਦੀ ਅੱਗ ਨਾਲ ਝੁਲਸਣ ਕਾਰਨ ਮੌਤ ਹੋ ਗਈ। ਪੁਲਿਸ ਨੇ ਸ਼ੁਕਰਵਾਰ ਨੂੰ ਦਸਿਆ ਕਿ ਦੀਮਸਾ ਨੈਸ਼ਨਲ ਲਿਬਰੇਸ਼ਨ ਆਰਮੀ ਦੇ ਅਤਿਵਾਦੀਆਂ ਨੇ ਵੀਰਵਾਰ ਰਾਤ ਦਿਉਨਮੁਖ ਥਾਣੇ ਤੋਂ ਕਰੀਬ ਪੰਜ ਕਿਲੋਮੀਟਰ ਦੂਰ ਵਾਰਦਾਤ ਨੂੰ ਅੰਜਾਮ ਦਿਤਾ। ਰੰਗਰਬੀਲ ਇਲਾਕੇ ’ਚ ਟਰੱਕਾਂ ’ਤੇ ਗੋਲੀਬਾਰੀ ਕੀਤੀ।
ਦੋ ਟਰੱਕ ਡਰਾਈਵਰਾਂ ਦੀ ਗੋਲੀ ਲਗਣ ਨਾਲ, ਜਦਕਿ ਤਿੰਨ ਹੋਰ ਦੀ ਅੱਗ ਨਾਲ ਝੁਲਸਣ ਨਾਲ ਮੌਤ ਹੋ ਗਈ।
ਟਰੱਕ ਮਾਲਕਾਂ ਨੇ ਦੋਸ਼ ਲਗਾਇਆ ਕਿ ਅਤਿਵਾਦੀ ਉਨ੍ਹਾਂ ਤੋਂ ਪੈਸੇ ਮੰਗ ਰਹੇ ਸਨ। ਉਨ੍ਹਾਂ ਨੇ ਅਧਿਕਾਰੀਆਂ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ। ਨਿਊਜ਼ ਏਜੰਸੀ ਆਈਏਐਨਐਸ ਮੁਤਾਬਕ ਸੱਤ ਟਰੱਕ ਅੱਗ ਦੇ ਹਵਾਲੇ ਕਰਨ ਤੋਂ ਪਹਿਲਾਂ ਅਤਿਵਾਦੀਆਂ ਨੇ ਡਰਾਈਵਰਾਂ ਤੇ ਹੋਰ ਲੋਕਾਂ ’ਤੇ ਕਈ ਰਾਉਂਡ ਗੋਲੀਆਂ ਚਲਾਈਆਂ। ਫਾਈਰਿੰਗ ਸ਼ੁਰੂ ਹੁੰਦੇ ਹੀ ਸੱਤ ਡਰਾਈਵਰ ਤੇ ਉਨ੍ਹਾਂ ਦੇ ਸਹਾਇਕ ਨੇੜਲੇ ਜੰਗਲਾਂ ’ਚ ਭੱਜ ਗਏ। ਦੀਮਸਾ ਨੈਸ਼ਨਲ ਲਿਬਰੇਸ਼ਨ ਆਰਮੀ ਅਤਿਵਾਦੀ ਸੰਗਠਨ ਦੀਮਾ ਹਾਸਾਓ ਜ਼ਿਲ੍ਹੇ ਤੇ ਇਸ ਨਾਲ ਲੱਗਦੇ ਇਲਾਕੇ ’ਚ ਅਗ਼ਵਾ ਤੇ ਫਿਰੌਤੀ ਵਸੂਲ ਕਰਦਾ ਹੈ। 2018 ’ਚ ਹੋਂਦ ’ਚ ਆਇਆ ਇਹ ਅਤਿਵਾਦੀ ਸੰਗਠਨ ਦੀਮਾ ਹਾਸਾਓ ਤੇ ਕਾਰਬੀ ਆਂਗਲੋਂਗ ਤੋਂ ਇਲਾਵਾ ਗੁਆਂਢੀ ਸੂਬੇ ਨਗਾਲੈਂਡ ’ਚ ਸਰਗਰਮ ਹੈ। ਪੁਲਿਸ ਨੇ ਕਿਹਾ ਕਿ ਸਾਰੇ ਟਰੱਕ ਦੀਮਾ ਹਾਸਾਓ ਦੇ ਉਮਰਾਂਗਸ਼ੁ ਤੋਂ ਕੋਲਾ ਲੈ ਕੇ ਹੋਜਾਈ ਜ਼ਿਲ੍ਹੇ ਦੇ ਲੰਕਾ ਜਾ ਰਹੇ ਸਨ। (ਏਜੰਸੀ)
ਅਤਿਵਾਦੀਆਂ ਨੂੰ ਦਬੋਚਣ ਲਈ ਛਾਪੇਮਾਰੀ ਮੁਹਿੰਮ ਸ਼ੁਰੂ ਕੀਤਾ ਗਿਆ ਹੈ। ਜ਼ਿਲ੍ਹੇ ਦੇ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਲਾਕੇ ’ਚ ਸੁਰੱਖਿਆ ਵਧਾ ਦਿਤੀ ਗਈ ਹੈ।
(ਏਜੰਸੀ)