
ਕਿਰਤੀ ਕਿਸਾਨ ਯੂਨੀਅਨ ਨੇ ਕੀਤਾ ਸੁਖਬੀਰ ਬਾਦਲ ਦਾ ਘਿਰਾਉ
ਸੁਖਬੀਰ ਬਾਦਲ ਘਿਰਾਉ ਕਰ ਕੇ ਵੱਡੇ ਰੋਡ ਤੋਂ ਆਉਣ ਦੀ ਬਜਾਏ ਪਿੰਡਾਂ ਵਿਚੋਂ ਦੀ ਪੰਡਾਲ 'ਚ ਪਹੁੰਚਿਆ
ਬਾਘਾ ਪੁਰਾਣਾ, 27 ਅਗੱਸਤ (ਸੰਦੀਪ ਬਾਘੇਵਾਲੀਆ) : ਅਕਾਲੀ ਦਲ ਵਲੋਂ ਅੱਜ ਬਾਘਾ ਪੁਰਾਣਾ ਵਿਖੇ ਚੋਣ ਰੈਲੀ ਕੀਤੀ ਜਾਣੀ ਸੀ | ਜਿਸ ਦਾ ਕਿਰਤੀ ਕਿਸਾਨ ਯੂਨੀਅਨ ਵਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ | ਮੋਗਾ-ਕੋਟਕਪੂਰਾ ਰੋਡ 'ਤੇ ਅਕਾਲੀ ਦਲ ਦੀਆਂ ਕਈ ਗੱਡੀਆਂ ਨੂੰ ਵਾਪਸ ਮੁੜਨ ਲਈ ਮਜਬੂਰ ਕੀਤਾ | ਸੁਖਬੀਰ ਬਾਦਲ ਇਸ ਘਿਰਾਉ ਕਰ ਕੇ ਵੱਡੇ ਰੋਡ ਤੋਂ ਆਉਣ ਦੀ ਬਜਾਏ ਪਿੰਡਾਂ ਵਿਚੋਂ ਦੀ ਪੰਡਾਲ ਵਿਚ ਪਹੁੰਚੇ |
ਕਿਰਤੀ ਕਿਸਾਨ ਯੂਨੀਅਨ ਨੇ ਪੁਲਿਸ ਵਲੋਂ ਲਗਾਏ ਗਏ ਕਈ ਬੈਰੀਕੇਡ ਤੋੜ ਸੁੱਟੇ | ਔਰਤ ਵਿੰਗ ਕਿਰਤੀ ਕਿਸਾਨ ਯੂਨੀਅਨ ਦੀ ਆਗੂ ਜਗਵਿੰਦਰ ਕੌਰ ਅਤੇ ਸਾਥਣਾਂ ਅਕਾਲੀ ਦਲ ਦੀ ਸਟੇਜ ਕੋਲ ਪਹੁੰਚਣ ਵਿਚ ਕਾਮਯਾਬ ਹੋਈਆਂ | ਸਟੇਜ 'ਤੇ ਤੀਰਥ ਮਾਹਲੇ ਦੇ ਭਾਸ਼ਣ ਦੌਰਾਨ ਔਰਤਾਂ ਨੇ ਜੰਮ ਕੇ ਨਾਹਰੇਬਾਜ਼ੀ ਕੀਤੀ | ਅਕਾਲੀ ਦਲ ਦੇ ਵਰਕਰਾ ਨੇ ਔਰਤਾਂ ਤੋਂ ਝੰਡੇ ਖੋਹ ਕੇ, ਖਿੱਚ-ਧੂਹ ਕੀਤੀ | ਅਕਾਲੀ ਦਲ ਨੇ ਸਟੇਜ ਤੋਂ ਐਲਾਨ ਕਰ ਕੇ ਐਸ.ਓ.ਆਈ ਦੇ ਗੁੰਡਿਆਂ ਨੂੰ ਡਾਂਗਾਂ ਚੁੱਕ ਕੇ ਕਿਸਾਨਾਂ ਦੇ ਗਲ ਪੈਣ ਲਈ ਕਿਹਾ ਗਿਆ |
ਜ਼ਿਕਰਯੋਗ ਹੈ ਕਿ ਕਿਰਤੀ ਕਿਸਾਨ ਯੂਨੀਅਨ ਦਾ ਐਲਾਨ ਹੈ ਕਿ ਜਿੰਨਾ ਸਮਾਂ ਮੋਰਚਾ ਚੱਲ ਰਿਹਾ ਹੈ ਉਨਾ ਸਮਾਂ ਕਿਸੇ ਵੀ ਸਿਆਸੀ ਪਾਰਟੀ ਨੂੰ ਚੋਣ ਰੈਲੀ ਨਹੀਂ ਕਰਨ ਦਿਤੀ ਜਾਵੇਗੀ | ਕਿਸਾਨ ਜਦ ਅਨਾਜ ਮੰਡੀ ਵਿਚ ਅਕਾਲੀ ਦਲ ਦੀ ਚੋਣ ਰੈਲੀ ਦਾ ਵਿਰੋਧ ਕਰਨ ਪੁੱਜੇ ਤਾਂ ਪੁਲਿਸ ਨੇ ਲਾਠੀਚਾਰਜ ਕੀਤਾ, ਕਿਸਾਨਾਂ ਦੇ ਕਪੜੇ ਪਾੜੇ, ਔਰਤਾਂ ਨਾਲ ਖਿੱਚ-ਧੂਹ ਕੀਤੀ | ਪਰ ਕਿਸਾਨਾਂ ਨੇ ਕਈ ਬੈਰੀਕੇਡ ਤੋੜ ਕੇ ਅਨਾਜ ਮੰਡੀ ਦਾ ਗੇਟ ਸ਼ਾਮ ਤਕ ਘੇਰੀ ਰਖਿਆ | ਇਸ ਮੌਕੇ ਕਈ ਕਿਸਾਨ ਆਗੂਆਂ ਨੂੰ ਪੁਲਿਸ ਨੇ ਗਿ੍ਫ਼ਤਾਰ ਕਰ ਕੇ ਥਾਣੇ ਲਿਜਾਣ ਲੱਗੀ ਤਾਂ ਕਿਸਾਨਾਂ ਨੇ ਪੁਲਿਸ ਦੀ ਗੱਡੀ ਘੇਰੀ ਰੱਖੀ | ਅੰਤ ਪੁਲਿਸ ਨੂੰ ਸਾਰੇ ਕਿਸਾਨ ਛੱਡਣੇ ਪਏ, ਫੇਰ ਪੁਲਿਸ ਦਾ ਘਿਰਾਉ ਸਮਾਪਤ ਹੋਇਆ |
ਇਸ ਮੌਕੇ ਗਿ੍ਫ਼ਤਾਰ ਕੀਤੇ ਹੋਏ ਆਗੂਆਂ ਵਿਚ ਪਿਰਤਪਾਲ ਮੱਲੇਆਣਾ, ਅਮਰਤਪਾਲ ਰੋਡੇ, ਨਵਜੋਤ ਕੋਟਲਾ ਮੇਹਰ ਸਿੰਘ ਵਾਲਾ, ਮਨਪ੍ਰੀਤ ਕੋਟਲਾ ਮੇਹਰ ਸਿੰਘ, ਹਰਜਿੰਦਰ ਰੋਡੇ, ਲਵਪਰੀਤ ਘੱਲ ਕਲਾਂ, ਤੀਰਥਵਿੰਦਰ ਘੱਲ ਕਲਾਂ, ਕੁਲਦੀਪ ਰੋਡੇ, ਜਸਕਰਨ ਰੋਡੇ, ਯਾਦਵਿੰਦਰ ਰੋਡੇ, ਸ਼ਿੰਦਰ ਮੱਲੇਆਣਾ, ਜਗਸੀਰ ਰੋਡੇ, ਜਗਵਿੰਦਰ ਕੌਰ ਔਰਤ ਵਿੰਗ, ਕੁਲਦੀਪ ਫੌਜੀ ਕੋਟਲਾ ਮੇਹਰ ਸਿੰਘ ਵਾਲਾ, ਅਮਰਜੀਤ ਰੋਡੇ, ਸਵਰਣਜੀਤ ਰੋਡੇ, ਗੁਰਚਰਨ ਸਿੰਘ ਰੋਡੇ ਸਾਮਲ ਸਨ | ਜਿਨ੍ਹਾਂ ਨੂੰ ਬਾਅਦ ਵਿਚ ਜਥੇਬੰਦੀ ਦੇ ਦਬਾਅ ਸਦਕਾ ਰਿਹਾਅ ਕੀਤਾ ਗਿਆ |
27 ਬਾਘਾ ਪੁਰਾਣਾ 02
ਕੈਪਸ਼ਨ : ਕਿਰਤੀ ਕਿਸਾਨ ਯੂਨੀਅਨ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕਰਦੇ ਹੋਏ | (ਸੰਦੀਪ)
27 ਬਾਘਾ ਪੁਰਾਣਾ 03
ਕੈਪਸ਼ਨ : ਕਿਰਤੀ ਕਿਸਾਨ ਯੂਨੀਅਨ ਨੂੰ ਪਡਾਲ ਵਿੱਚ ਜਾਣ ਤੋ ਰੋਕਦੇ ਹੋਏ ਥਾਣਾ ਮੁਖੀ ਅਤੇ ਪੁਲਿਸ ਪਾਰਟੀ | (ਸੰਦੀਪ)