
ਦਿੱਲੀ ’ਚ ਪਹਿਲੀ ਸਤੰਬਰ ਤੋਂ ਖੁਲ੍ਹਣਗੇ ਸਕੂਲ-
ਨਵੀਂ ਦਿੱਲੀ, 27 ਅਗੱਸਤ : ਦਿੱਲੀ ਸਰਕਾਰ ਨੇ ਸ਼ੁਕਰਵਾਰ ਨੂੰ ਐਲਾਨ ਕੀਤਾ ਕਿ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਲੰਮੇ ਸਮੇਂ ਤੋਂ ਬੰਦ ਰਹਿਣ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਵਿਚ 9ਵੀਂ ਤੋਂ 12ਵੀਂ ਜਮਾਤ ਲਈ ਸਕੂਲ, ਕਾਲਜ ਅਤੇ ਕੋਚਿੰਗ ਸੰਸਥਾਵਾਂ 1 ਸਤੰਬਰ ਤੋਂ ਦੁਬਾਰਾ ਖੁਲ੍ਹਣਗੀਆਂ। ਇਸ ਸਬੰਧੀ ਫ਼ੈਸਲਾ ਦਿੱਲੀ ਆਫ਼ਫਤ ਪ੍ਰਬੰਧਨ ਅਥਾਰਟੀ (ਡੀਡੀਐਮਏ) ਦੀ ਮੀਟਿੰਗ ਵਿਚ ਲਿਆ ਗਿਆ। ਡੀਡੀਐਮਏ ਦੁਆਰਾ ਗਠਿਤ ਇਕ ਕਮੇਟੀ ਨੇ ਇਸ ਹਫ਼ਤੇ ਦੇ ਸ਼ੁਰੂ ਵਿਚ ਅਪਣੀ ਰਿਪੋਰਟ ਸੌਂਪੀ ਸੀ ਜਿਸ ਵਿਚ ਰਾਸ਼ਟਰੀ ਰਾਜਧਾਨੀ ’ਚ ਪੜਾਅਵਾਰ ਸਕੂਲ ਮੁੜ ਖੋਲ੍ਹਣ ਦੀ ਸਿਫਾਰਸ਼ ਕੀਤੀ ਗਈ ਸੀ। ਇਸ ਦੇ ਨਾਲ ਹੀ, ਸੂਤਰਾਂ ਨੇ ਸੰਕੇਤ ਦਿਤਾ ਹੈ ਕਿ 6 ਤੋਂ 8 ਵੀਂ ਜਮਾਤਾਂ ਦੇ ਸਕੂਲ 8 ਸਤੰਬਰ ਤੋਂ ਖੁਲ੍ਹ ਸਕਦੇ ਹਨ।
ਇਹ ਫ਼ੈਸਲਾ ਦਿੱਲੀ ਵਿਚ ਕੋਵਿਡ-19 ਦੀ ਸਥਿਤੀ ’ਚ ਮਹੱਤਵਪੂਰਨ ਸੁਧਾਰ ਦੇ ਬਾਅਦ ਆਇਆ ਹੈ। ਕੁੱਝ ਸਮਾਂ ਪਹਿਲਾਂ, ਲਾਗ ਦੀ ਦੂਜੀ ਲਹਿਰ ਦੇ ਦੌਰਾਨ, ਇਥੇ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਦਿੱਲੀ ਦੇ ਹਸਪਤਾਲਾਂ ਵਿਚ ਆਕਸੀਜਨ ਦੀ ਘਾਟ ਨੇ ਸੰਕਟ ਵਿਚ ਵਾਧਾ ਕੀਤਾ ਸੀ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ, “ਕੋਰੋਨਾ ਦੇ ਘਟਦੇ ਮਾਮਲਿਆਂ ਦੇ ਵਿਚਕਾਰ ਪੂਰੀ ਸਾਵਧਾਨੀ ਦੇ ਨਾਲ, ਹੁਣ ਦਿੱਲੀ ਵਿਚ ਹੌਲੀ ਹੌਲੀ ਸਕੂਲ ਖੋਲ੍ਹੇ ਜਾ ਰਹੇ ਹਨ ਤਾਂ ਜੋ ਬੱਚਿਆਂ ਦੀ ਪੜ੍ਹਾਈ ਦੇ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ। ਸਾਨੂੰ ਜੀਵਨ ਨੂੰ ਮੁੜ ਲੀਹ ’ਤੇ ਲਿਆਉਣਾ ਪਵੇਗਾ ਅਤੇ ਬੱਚਿਆਂ ਦੀ ਸਿਹਤ ਅਤੇ ਸਿਖਿਆ ਦੋਵਾਂ ਦਾ ਧਿਆਨ ਰੱਖਣਾ ਪਵੇਗਾ।
ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਅਧਿਆਪਨ ਅਤੇ ਸਿੱਖਣ ਦੀਆਂ ਗਤੀਵਿਧੀਆਂ ਮਿਸਰਤ ਢੰਗ ਨਾਲ ਚਲਦੀਆਂ ਰਹਿਣਗੀਆਂ।
ਉਨ੍ਹਾਂ ਇਕ ਪ੍ਰੱੈਸ ਕਾਨਫਰੰਸ ਦੌਰਾਨ ਕਿਹਾ, “ਕਿਸੇ ਵੀ ਬੱਚੇ ਨੂੰ ਸਰੀਰਕ ਤੌਰ ’ਤੇ ਕਲਾਸਾਂ ਵਿਚ ਜਾਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ ਅਤੇ ਕੋਈ ਲਾਜ਼ਮੀ ਹਾਜ਼ਰੀ ਨਹੀਂ ਹੋਵੇਗੀ। ਵਿਦਿਆਰਥੀਆਂ ਨੂੰ ਸਰੀਰਕ ਤੌਰ ’ਤੇ ਕਲਾਸਾਂ ਵਿਚ ਸ਼ਾਮਲ ਹੋਣ ਲਈ ਮਾਪਿਆਂ ਦੀ ਸਹਿਮਤੀ ਦੀ ਲੋੜ ਹੋਵੇਗੀ। ਸਿਸੋਦੀਆ ਨੇ ਹਾਲਾਂਕਿ ਕਿਹਾ ਕਿ ਜੂਨੀਅਰ ਕਲਾਸਾਂ ਲਈ ਸਕੂਲ ਖੋਲ੍ਹਣ ਬਾਰੇ ਅਜੇ ਕੋਈ ਅੰਤਮ ਫ਼ੈਸਲਾ ਨਹੀਂ ਲਿਆ ਗਿਆ ਹੈ ਅਤੇ ਸੀਨੀਅਰ ਕਲਾਸਾਂ ਲਈ ਸਕੂਲ ਮੁੜ ਖੋਲ੍ਹਣ ਦੇ ਪ੍ਰਭਾਵਾਂ ਦਾ ਵਿਸਲੇਸ਼ਣ ਕਰਨ ਤੋਂ ਬਾਅਦ ਫ਼ੈਸਲਾ ਲਿਆ ਜਾਵੇਗਾ। (ਏਜੰਸੀ)